ADVERTISEMENTs

ਹਾਸਿਆਂ ਦੇ ਬਾਦਸ਼ਾਹ ਜਸਵਿੰਦਰ ਭੱਲਾ ਨੂੰ ਅਲਵਿਦਾ

ਉਹਨਾਂ ਨੇ ਪੰਜਾਬੀ ਮਨੋਰੰਜਨ ਨੂੰ ਨਵੀਂ ਪਛਾਣ ਦਿੱਤੀ ਅਤੇ ਆਪਣੀ ਵਿਲੱਖਣ ਸ਼ੈਲੀ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਖ਼ਾਸ ਜਗ੍ਹਾ ਬਣਾਈ

ਜਸਵਿੰਦਰ ਭੱਲਾ ਨੂੰ ਪੰਜਾਬੀ ਸਿਨੇਮਾ ਵਿੱਚ ਉਹਨਾਂ ਦੀਆਂ ਹਾਸਰਸ ਭਰਪੂਰ ਭੂਮਿਕਾਵਾਂ ਕਰਕੇ ਜਾਣਿਆ ਜਾਂਦਾ ਹੈ / Facebook/ Jaswinder Bhalla

ਪੰਜਾਬੀ ਫਿਲਮ ਜਗਤ ਲਈ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪੰਜਾਬੀ ਫਿਲਮ ਜਗਤ ਦੇ ਕਮੇਡੀ ਕਿੰਗ, ਹਾਸਿਆਂ ਦੇ ਬਾਦਸ਼ਾਹ ਜਸਵਿੰਦਰ ਭੱਲਾ ਜੀ 22 ਅਗਸਤ 2025 ਨੂੰ ਸਵੇਰੇ 4 ਵਜੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀ ਉਹਨਾਂ ਨੂੰ ਬਰੇਨ ਸਟੋਕ ਹੋਇਆ ਸੀ, ਜਿਸ ਕਾਰਨ ਉਹ ਮੌਹਾਲੀ ਦੇ ਨਿੱਜੀ ਹਸਪਤਾਲ ਵਿੱਚ ਦਾਖਿਲ ਸਨ ਤੇ ਜਿੱਥੇ ਸਵੇਰੇ 4 ਵਜੇ ਉਹਨਾਂ ਦੀ ਮੌਤ ਹੋ ਗਈ। ਆਉ ਇੱਕ ਝਾਤ ਮਾਰਦੇ ਹਾਂ ਉਹਨਾਂ ਦੇ ਜੀਵਨ 'ਤੇ…

ਜਸਵਿੰਦਰ ਭੱਲਾ ਦਾ ਜਨਮ 4 ਮਈ 1960 ਨੂੰ ਪੰਜਾਬ ਦੇ ਲੁਧਿਆਣਾ ਵਿੱਚ ਹੋਇਆ ਉਹ ਇੱਕ ਪੰਜਾਬੀ ਅਭਿਨੇਤਾ, ਕਾਮੇਡੀਅਨ ਅਤੇ ਲੇਖਕ ਦੇ ਤੌਰ ਤੇ ਜਾਣੇ ਜਾਂਦੇ ਸਨ, ਉਹ ਪੰਜਾਬੀ ਸਿਨੇਮਾ ਅਤੇ ਮਨੋਰੰਜਨ ਜਗਤ ਦੀ ਮਸ਼ਹੂਰ ਹਸਤੀ ਸਨ। ਉਹਨਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1988 ਵਿੱਚ "ਛਣਕਾਟਾ- 88" ਨਾਮਕ ਕਾਮੇਡੀ ਆਡੀਓ ਕੈਸੇਟ ਨਾਲ਼ ਕੀਤੀ, ਜੋ ਉਹਨਾਂ ਨੇ ਬਾਲ ਮੁਕੰਦ ਸ਼ਰਮਾ ਨਾਲ ਮਿਲ਼ ਕੇ ਬਣਾਈ। ਇਹ ਸੀਰੀਜ਼ ਬਹੁਤ ਪ੍ਰਸਿੱਧ ਹੋਈ ਅਤੇ ਉਹਨਾਂ ਨੇ ਇਸ ਦੀਆਂ 27 ਤੋਂ ਵੱਧ ਆਡੀਓ ਅਤੇ ਵੀਡੀਓ ਐਲਬਮਾਂ ਜਾਰੀ ਕੀਤੀਆਂ।

ਜਸਵਿੰਦਰ ਭੱਲਾ ਦੇ ਪਿਤਾ ਮਾਸਟਰ ਬਹਾਦਰ ਸਿੰਘ ਭੱਲਾ ਬਰਮਾਲੀਪੁਰ ਪਿੰਡ ਵਿੱਚ ਪ੍ਰਾਇਮਰੀ ਸਕੂਲ ਅਧਿਆਪਕ ਸਨ। ਉਹਨਾਂ ਨੇ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਤੋਂ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU) ਤੋਂ ਬੀ.ਐਸ.ਸੀ. ਅਤੇ ਐਮ.ਐਸ.ਸੀ. ਕੀਤੀ। ਉਹਨਾਂ ਨੇ ਚੌਧਰੀ ਚਰਨ ਸਿੰਘ ਪੋਸਟ ਗ੍ਰੈਜੂਏਟ ਕਾਲਜ, ਮੇਰਠ ਤੋਂ ਖੇਤੀਬਾੜੀ ਵਿਗਿਆਨ ਵਿੱਚ ਪੀ.ਐਚ.ਡੀ. ਹਾਸਲ ਕੀਤੀ। ਉਹ ਕੁਝ ਸਮੇਂ ਲਈ PAU ਵਿੱਚ ਫੈਕਲਟੀ ਮੈਂਬਰ ਵੀ ਰਹੇ। ਉਹਨਾਂ ਦੀ ਪਤਨੀ ਪਰਮਦੀਪ ਭੱਲਾ ਫਾਈਨ ਆਰਟਸ ਅਧਿਆਪਕ ਹਨ। ਉਹਨਾਂ ਦਾ ਇੱਕ ਪੁੱਤਰ ਪੁਖਰਾਜ ਭੱਲਾ ਅਤੇ ਇੱਕ ਧੀ ਅਸ਼ਪ੍ਰੀਤ ਕੌਰ ਹੈ।

ਜਸਵਿੰਦਰ ਭੱਲਾ ਨੇ 1975 ਵਿੱਚ ਆਲ ਇੰਡੀਆ ਰੇਡੀਓ (AIR) ਲਈ ਪ੍ਰਦਰਸ਼ਨ ਕਰਨਾ ਸ਼ੁਰੂ ਕੀਤਾ। ਉਹਨਾਂ ਦੀ ਪ੍ਰਸਿੱਧੀ "ਛਣਕਾਟਾ" ਸੀਰੀਜ਼ ਨਾਲ ਵਧੀ, ਜਿਸ ਵਿੱਚ ਉਹ ਚਾਚਾ ਚਤਰ ਸਿੰਘ, ਭਾਨਾ (ਐਨ.ਆਰ.ਆਈ.), ਜੇ.ਬੀ ਅਤੇ ਤਾਇਆ ਫੁੰਮਣ ਸਿੰਘ ਵਰਗੇ ਕਿਰਦਾਰ ਨਿਭਾਉਂਦੇ ਹਨ। ਇਹ ਸੀਰੀਜ਼ ਪੰਜਾਬੀ ਸੱਭਿਆਚਾਰ, ਰਾਜਨੀਤੀ ਅਤੇ ਪੇਂਡੂ-ਸ਼ਹਿਰੀ ਜੀਵਨ ਦੇ ਅੰਤਰਾਂ 'ਤੇ ਹਾਸੇ-ਮਜ਼ਾਕ ਨੂੰ ਪੇਸ਼ ਕਰਦੀ ਹੈ। ਉਹਨਾਂ ਨੇ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਫਿਲਮ "ਦੁੱਲਾ ਭੱਟੀ" ਨਾਲ ਕੀਤੀ। ਉਹਨਾਂ ਦੀਆਂ ਪ੍ਰਸਿੱਧ ਫਿਲਮਾਂ ਵਿੱਚ ਸ਼ਾਮਲ ਹਨ:

ਕੈਰੀ ਆਨ ਜੱਟਾ,
ਜੱਟ ਐਂਡ ਜੂਲੀਅਟ 
ਰੰਗੀਲੇ (2013)
ਸਰਦਾਰ ਜੀ (2015)
ਸ਼ਿੰਦਾ ਸ਼ਿੰਦਾ ਨੋ ਪਾਪਾ (2024)
ਫੇਰ ਮਮਲਾ ਗੜਬੜ ਹੈ (2024)
ਉਹਨਾਂ ਨੇ ਵਿਦੇਸ਼ਾਂ ਵਿੱਚ "ਨੌਟੀ ਬਾਬਾ ਇਨ ਟਾਊਨ" ਵਰਗੇ ਸਟੇਜ ਸ਼ੋਅ ਵੀ ਕੀਤੇ

ਜਸਵਿੰਦਰ ਭੱਲਾ ਦਾ ਵਿਆਹ ਪਰਮਦੀਪ ਭੱਲਾ ਨਾਲ਼ ਹੋਇਆ, ਜੋ ਫਾਈਨ ਆਰਟਸ ਅਧਿਆਪਕ ਹਨ। ਉਹਨਾਂ ਦਾ ਪੁੱਤਰ ਪੁਖਰਾਜ ਭੱਲਾ ਵੀ ਕੁਝ "ਛਣਕਾਟਾ" ਕੈਸੇਟਾਂ ਅਤੇ ਪੰਜਾਬੀ ਫਿਲਮਾਂ ਵਿੱਚ ਕੰਮ ਕਰ ਚੁੱਕਾ ਹੈ। ਉਹਨਾਂ ਦੀ ਧੀ ਅਸ਼ਪ੍ਰੀਤ ਕੌਰ ਦਾ ਵਿਆਹ ਨਾਰਵੇ ਵਿੱਚ ਹੋਇਆ ਹੈ।

ਜਸਵਿੰਦਰ ਭੱਲਾ ਨੂੰ ਪੰਜਾਬੀ ਸਿਨੇਮਾ ਵਿੱਚ ਉਹਨਾਂ ਦੀਆਂ ਹਾਸਰਸ ਭਰਪੂਰ ਭੂਮਿਕਾਵਾਂ ਅਤੇ ਕਾਮੇਡੀ ਸੀਰੀਜ਼ "ਛਣਕਾਟਾ" ਲਈ ਵਿਸ਼ੇਸ਼ ਤੌਰ 'ਤੇ ਜਾਣਿਆ ਜਾਂਦਾ ਹੈ। ਉਹਨਾਂ ਨੇ ਪੰਜਾਬੀ ਮਨੋਰੰਜਨ ਨੂੰ ਨਵੀਂ ਪਛਾਣ ਦਿੱਤੀ ਅਤੇ ਆਪਣੀ ਵਿਲੱਖਣ ਸ਼ੈਲੀ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਖ਼ਾਸ ਜਗ੍ਹਾ ਬਣਾਈ। 

ਉਹ ਸਦੀਵੀ ਸਾਡੇ ਚੇਤਿਆਂ ਵਿੱਚ ਅਮਰ ਰਹਿਣਗੇ।
ਅਲਵਿਦਾ ! ਜਸਵਿੰਦਰ ਭੱਲਾ ਜੀ

Comments

Related

ADVERTISEMENT

 

 

 

ADVERTISEMENT

 

 

E Paper

 

 

 

Video