ADVERTISEMENTs

ਇਤਿਹਾਸ ਵਿੱਚ ਪਹਿਲੀ ਵਾਰ ਵਿਸ਼ਵ ਦੇ ਟੌਪ 10 ਤੋਂ ਬਾਹਰ ਹੋਇਆ ਅਮਰੀਕਾ ਦਾ ਪਾਸਪੋਰਟ

2014 ਵਿੱਚ ਨੰਬਰ 1 'ਤੇ ਰਹਿਣ ਵਾਲਾ ਅਮਰੀਕੀ ਪਾਸਪੋਰਟ ਹੁਣ 12ਵੇਂ ਸਥਾਨ 'ਤੇ ਹੈ, ਜੋ ਮਲੇਸ਼ੀਆ ਦੇ ਬਰਾਬਰ ਹੈ।

ਅਮਰੀਕਾ ਦਾ ਪਾਸਪੋਰਟ / pexels

ਅਮਰੀਕਾ ਦਾ ਪਾਸਪੋਰਟ ਹੁਣ ਇਤਿਹਾਸ ਵਿੱਚ ਸਭ ਤੋਂ ਨੀਵੇਂ ਦਰਜੇ 'ਤੇ ਆ ਗਿਆ ਹੈ, ਕਿਉਂਕਿ ਇਹ ਪਹਿਲੀ ਵਾਰ ਹੈਨਲੇ ਪਾਸਪੋਰਟ ਇੰਡੈਕਸ (Henley Passport Index) ਦੇ ਟੌਪ 10 ਤੋਂ ਬਾਹਰ ਹੋ ਗਿਆ ਹੈ। ਇਹ ਇੰਡੈਕਸ ਦੋ ਦਹਾਕੇ ਪਹਿਲਾਂ ਸਥਾਪਤ ਹੋਇਆ ਸੀ।

2014 ਵਿੱਚ ਨੰਬਰ 1 'ਤੇ ਰਹਿਣ ਵਾਲਾ ਅਮਰੀਕੀ ਪਾਸਪੋਰਟ ਹੁਣ 12ਵੇਂ ਸਥਾਨ 'ਤੇ ਹੈ, ਜੋ ਮਲੇਸ਼ੀਆ ਦੇ ਬਰਾਬਰ ਹੈ। ਯੂਨਾਈਟਡ ਕਿੰਗਡਮ ਦਾ ਪਾਸਪੋਰਟ ਵੀ ਆਪਣਾ ਸਭ ਤੋਂ ਕਮਜ਼ੋਰ ਦਰਜਾ ਦਰਜ ਕਰ ਰਿਹਾ ਹੈ — ਜੁਲਾਈ ਤੋਂ 6ਵੇਂ ਸਥਾਨ ਤੋਂ 8ਵੇਂ 'ਤੇ ਆ ਗਿਆ ਹੈ, ਹਾਲਾਂਕਿ ਇਹ 2015 ਵਿੱਚ ਨੰਬਰ 1 'ਤੇ ਸੀ।

ਹੈਨਲੇ ਐਂਡ ਪਾਰਟਨਰਜ਼ (Henley & Partners) ਨੇ ਇੱਕ ਬਿਆਨ ਵਿੱਚ ਕਿਹਾ, “ਅਮਰੀਕੀ ਪਾਸਪੋਰਟ ਦੀ ਰੈਂਕਿੰਗ ਵਿੱਚ ਗਿਰਾਵਟ ਅਤੇ ਤਾਜ਼ਾ 10ਵੇਂ ਤੋਂ 12ਵੇਂ ਸਥਾਨ 'ਤੇ ਆਉਣਾ, ਕਈ ਵਿਸ਼ਿਆਂ 'ਚ ਹੋਏ ਬਦਲਾਅ ਦੇ ਕਾਰਨ ਹੋਇਆ ਹੈ।” ਫਰਮ ਨੇ ਦੱਸਿਆ ਕਿ ਆਪਸੀ ਤਾਲਮੇਲ ਦੀ ਘਾਟ ਕਾਰਨ ਅਪ੍ਰੈਲ ਵਿੱਚ ਬ੍ਰਾਜ਼ੀਲ ਲਈ ਵੀਜ਼ਾ-ਮੁਕਤ ਪਹੁੰਚ ਦਾ ਨੁਕਸਾਨ, ਅਤੇ ਚੀਨ ਦੀ ਵੱਧ ਰਹੀ ਵੀਜ਼ਾ-ਮੁਕਤ ਸੂਚੀ ਵਿੱਚੋਂ ਅਮਰੀਕਾ ਨੂੰ ਬਾਹਰ ਰੱਖਣ ਨਾਲ ਗਿਰਾਵਟ ਸ਼ੁਰੂ ਹੋਈ। 

ਇਸ ਤੋਂ ਬਾਅਦ, ਪਾਪੂਆ ਨਿਊ ਗਿਨੀ ਅਤੇ ਮਿਆਨਮਾਰ ਵੱਲੋਂ ਕੀਤੇ ਤਬਦੀਲੀਆਂ ਨੇ ਅਮਰੀਕਾ ਦੇ ਸਕੋਰ ਨੂੰ ਹੋਰ ਘਟਾ ਦਿੱਤਾ, ਜਦਕਿ ਹੋਰ ਦੇਸ਼ਾਂ ਦੇ ਪਾਸਪੋਰਟ ਦੀ ਰੈਂਕਿੰਗ ਵਿੱਚ ਸੁਧਾਰ ਆਇਆ। ਹਾਲ ਹੀ ਵਿੱਚ, ਸੋਮਾਲੀਆ ਦੇ ਨਵੇਂ ਈ-ਵੀਜ਼ਾ ਸਿਸਟਮ ਅਤੇ ਵਿਅਤਨਾਮ ਵੱਲੋਂ ਅਮਰੀਕਾ ਨੂੰ ਆਪਣੇ ਵੀਜ਼ਾ-ਮੁਕਤ ਦੇਸ਼ਾਂ ਵਿੱਚ ਸ਼ਾਮਿਲ ਨਾ ਕਰਨਾ ਆਖ਼ਰੀ ਝਟਕਾ ਸਾਬਤ ਹੋਇਆ, ਜਿਸ ਕਾਰਨ ਇਹ ਟੌਪ 10 ਤੋਂ ਬਾਹਰ ਹੋ ਗਿਆ।

ਦੂਜੇ ਪਾਸੇ, ਏਸ਼ੀਆਈ ਦੇਸ਼ਾਂ ਨੇ ਰੈਂਕਿੰਗ 'ਚ ਅੱਜ ਵੀ ਅਗਵਾਈ ਬਣਾਈ ਹੋਈ ਹੈ। ਸਿੰਗਾਪੁਰ 193 ਥਾਵਾਂ ‘ਤੇ ਵੀਜ਼ਾ-ਮੁਕਤ ਪਹੁੰਚ ਨਾਲ ਨੰਬਰ 1 'ਤੇ ਕਾਇਮ ਹੈ। ਦੱਖਣੀ ਕੋਰੀਆ 190 ਦੇਸ਼ਾਂ ਨਾਲ ਦੂਜੇ ਸਥਾਨ 'ਤੇ, ਜਦਕਿ ਜਪਾਨ 189 ਦੇਸ਼ਾਂ ਨਾਲ ਤੀਜੇ ਸਥਾਨ 'ਤੇ ਰਿਹਾ।

ਚੀਨ ਨੇ ਵੀ ਬਹੁਤ ਵੱਡੀ ਛਾਲ ਮਾਰੀ ਹੈ — ਇਹ ਹੁਣ 64ਵੇਂ ਸਥਾਨ 'ਤੇ ਹੈ, ਜਦਕਿ 2015 ਵਿੱਚ ਇਹ 94ਵੇਂ ਸਥਾਨ 'ਤੇ ਸੀ। ਪਿਛਲੇ ਦਹਾਕੇ ਵਿੱਚ ਇਸ ਨੇ 37 ਹੋਰ ਦੇਸ਼ਾਂ ਲਈ ਵੀਜ਼ਾ-ਮੁਕਤ ਪਹੁੰਚ ਹਾਸਲ ਕੀਤੀ। ਰਿਪੋਰਟ ਵਿੱਚ ਕਿਹਾ ਗਿਆ ਕਿ ਰੂਸ ਲਈ ਵੀਜ਼ਾ-ਮੁਕਤ ਪਹੁੰਚ ਦੇਣਾ ਅਤੇ ਗਲਫ਼ ਦੇਸ਼ਾਂ, ਦੱਖਣੀ ਅਮਰੀਕਾ ਅਤੇ ਯੂਰਪ ਨਾਲ ਹੋ ਰਹੇ ਨਵੇਂ ਸਮਝੌਤੇ ਚੀਨ ਨੂੰ ਇੱਕ “ਗਲੋਬਲ ਮੋਬਿਲਿਟੀ ਪਾਵਰਹਾਉਸ” ਵਜੋਂ ਮਜ਼ਬੂਤ ਕਰ ਰਹੇ ਹਨ।

ਭਾਰਤ ਦੀ ਸਥਿਤੀ ਵੀ ਹੋਰ ਕਮਜ਼ੋਰ ਹੋਈ ਹੈ। ਭਾਰਤੀ ਪਾਸਪੋਰਟ ਹੁਣ 85ਵੇਂ ਸਥਾਨ 'ਤੇ ਹੈ, ਮੌਰੀਟਾਨੀਆ ਦੇ ਬਰਾਬਰ ਹੈ। ਇਹ ਪਹਿਲਾਂ 77ਵੇਂ ਸਥਾਨ 'ਤੇ ਸੀ। 

ਹੈਨਲੇ ਪਾਸਪੋਰਟ ਇੰਡੈਕਸ, ਜੋ ਕਿ ਇੰਟਰਨੈਸ਼ਨਲ ਏਅਰ ਟ੍ਰਾਂਸਪੋਰਟ ਐਸੋਸੀਏਸ਼ਨ (IATA) ਦੇ ਡਾਟਾ ਤੇ ਆਧਾਰਿਤ ਹੁੰਦਾ ਹੈ, ਇਹ ਵੇਖਦਾ ਹੈ ਕਿ ਕਿਸੇ ਵੀ ਦੇਸ਼ ਦਾ ਪਾਸਪੋਰਟ ਰੱਖਣ ਵਾਲਾ ਵਿਅਕਤੀ ਕਿੰਨੇ ਦੇਸ਼ਾਂ ਵਿੱਚ ਬਿਨਾਂ ਪਹਿਲਾਂ ਵੀਜ਼ਾ ਲਏ ਦਾਖ਼ਲ ਹੋ ਸਕਦਾ ਹੈ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video