ADVERTISEMENTs

ਕੈਨੇਡਾ ਦਾ ਸੁਪਨਾ ਜਾਂ ਸੰਘਰਸ਼?

ਭਾਰਤੀ ਵਿਦਿਆਰਥੀਆਂ ਲਈ ਵਿਦੇਸ਼ੀ ਸਿੱਖਿਆ ਦੇ ਬਦਲਦੇ ਰਾਹ

ਕੈਨੇਡਾ ਦਾ ਸੁਪਨਾ ਜਾਂ ਸੰਘਰਸ਼? / Photo Courtesy #pexels

ਪੰਜਾਬ ਦੇ ਪਿੰਡ ਤੋਂ ਲੈ ਕੇ ਦਿੱਲੀ ਦੇ ਮਹਿੰਗੇ ਸਕੂਲਾਂ ਤੱਕ, ਹਰ ਜਗ੍ਹਾ ਇੱਕ ਹੀ ਗੱਲ ਸੁਣਨ ਨੂੰ ਮਿਲਦੀ ਹੈ – “ਪੜ੍ਹਾਈ ਲਈ ਕੈਨੇਡਾ ਜਾਣਾ ਹੈ।” ਪਰ 2025 ਵਿੱਚ ਇਹ ਸੁਪਨਾ ਹਜ਼ਾਰਾਂ ਨੌਜਵਾਨਾਂ ਲਈ ਟੁੱਟਦਾ ਹੋਇਆ ਨਜ਼ਰ ਆਇਆ।

ਭਾਰਤੀ ਵਿਦਿਆਰਥੀਆਂ ਲਈ ਕੈਨੇਡਾ ਕਈ ਸਾਲਾਂ ਤੋਂ ਸਭ ਤੋਂ ਵੱਡੀ ਪਸੰਦ ਰਹਿਆ ਹੈ।
ਅਮਰੀਕਾ ਅਤੇ ਯੂਕੇ ਦੇ ਮੁਕਾਬਲੇ ਸਸਤੀ ਟਿਊਸ਼ਨ ਫੀਸ, ਸਥਾਈ ਨਿਵਾਸ (PR) ਦੀ ਸੰਭਾਵਨਾ, ਪੰਜਾਬੀ ਭਾਈਚਾਰੇ ਦੀ ਮਜ਼ਬੂਤ ਹਾਜ਼ਰੀ ਸਦਾ ਹੀ ਵਿਦਿਆਰਥੀਆਂ ਲਈ ਕੈਨੇਡਾ ਦਾ ਸੁਪਨਾ ਬੁਣਨ ਲਈ ਪ੍ਰੇਰਨਾ ਸਨ। ਜਿਸ ਦੇ ਚੱਲਦਿਆਂ 2023 ਤੱਕ, ਕੈਨੇਡਾ ਵਿੱਚ ਕੁੱਲ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਕਰੀਬ 40% ਭਾਰਤ ਤੋਂ ਸੀ।

2025 ਵਿੱਚ ਸਥਿਤੀ ਕਾਫ਼ੀ ਬਦਲ ਚੁੱਕੀ ਹੈ।
ਵੀਜ਼ਾ ਰੱਦ ਦਰ: 62% ਤੋਂ 80% ਤੱਕ ਪਹੁੰਚ ਚੁੱਕੀ ਹੈ। ਇਸਦੇ ਨਾਲ ਹੀ ਇਸ ਸਾਲ ਸਿਰਫ਼ 437,000 ਪਰਮੀਟਾਂ ਦੀ ਇਜਾਜ਼ਤ ਹੈ, ਜੋ ਪਿਛਲੇ ਸਾਲ ਨਾਲੋਂ 10% ਘੱਟ ਹੈ। ਇਸ ਤੋਂ ਇਲਾਵਾ ਵਿਦਿਆਰਥੀਆਂ ਲਈ ਨਵੇਂ ਨਿਯਮ ਅਨੁਸਾਰ ਘੱਟੋ-ਘੱਟ ₹14 ਲੱਖ (CA$22,895) ਦਾ ਪ੍ਰਮਾਣ ਲਾਜ਼ਮੀ ਕਰ ਦਿੱਤਾ ਗਿਆ ਹੈ।

ਵਿਦਿਆਰਥੀ ਅਕਸਰ ਪੜਾਈ ਦੇ ਨਾਲ ਨਾਲ ਕੰਮ ਕਰਕੇ ਆਪਣੇ ਖ਼ਰਚੇ ਪੂਰੇ ਕਰਦੇ ਸਨ। ਪਰ ਹੁਣ ਕੈਨੇਡਾ ਵਿੱਚ ਪੜ੍ਹਾਈ ਦੇ ਨਾਲ ਕੰਮ ਕਰਨ ਦੇ ਨਿਯਮ ਵੀ ਸਖ਼ਤ ਹੋ ਰਹੇ ਹਨ। 

ਉਪਰੋਕਤ ਸਾਰੇ ਹਾਲਾਤਾਂ ਦੇ ਚਲਦਿਆਂ ਕੁਝ ਵਿਦਿਆਰਥੀਆਂ ਨਾਲ ਗੱਲ ਕੀਤੀ ਗਈ, ਜਿਨ੍ਹਾਂ ਆਪਣੀਆਂ ਕਹਾਣੀਆਂ ਇਸ ਤਰਾਂ ਬਿਆਨ ਕੀਤੀਆਂ 

ਅਮਨਦੀਪ ਕੌਰ (ਜਲੰਧਰ, ਪੰਜਾਬ): “ਮੇਰਾ ਦਾਖਲਾ ਹੋ ਗਿਆ ਸੀ, ਪਰ ਵੀਜ਼ਾ ਅਚਾਨਕ ਰੱਦ ਹੋ ਗਿਆ। ਘਰ ਵਾਲਿਆਂ ਨੇ ਜੋ ਲੋਨ ਲਿਆ ਸੀ, ਹੁਣ ਉਸਦਾ ਬੋਝ ਸਾਡੇ ਸਿਰ ‘ਤੇ ਹੈ। ਹਰ ਰੋਜ਼ ਸੋਚਦੀ ਹਾਂ ਕਿ ਮੇਰੀ ਜ਼ਿੰਦਗੀ ਦਾ ਸਾਲ ਵਿਅਰਥ ਹੋ ਗਿਆ?”

ਰਾਹੁਲ ਵਰਮਾ (ਕੁਰੁਕਸ਼ੇਤਰ, ਹਰਿਆਣਾ): “ਮੇਰਾ ਖ਼ੁਆਬ ਸੀ ਬਿਜ਼ਨਸ ਮੈਨੇਜਮੈਂਟ ਕੈਨੇਡਾ ਤੋਂ ਕਰਨਾ। ਪਰ ਨਵੇਂ ਨਿਯਮ ਮੁਤਾਬਕ ਲਗਭਗ 14 ਲੱਖ ਦਾ ਬੈਂਕ ਪਰੂਫ ਲਾਜ਼ਮੀ ਹੈ। ਮੇਰੇ ਪਿਤਾ ਕਿਸਾਨ ਹਨ, ਅਸੀਂ ਇਹਨਾ ਪੈਸਾ ਕਿਵੇਂ ਦਿਖਾਈਏ? ਹੁਣ ਮੈਂ ਆਸਟ੍ਰੇਲੀਆ ਵੱਲ ਦੇਖ ਰਿਹਾ ਹਾਂ।”

ਗੁਰਪ੍ਰੀਤ ਸਿੰਘ (ਬ੍ਰਿਟਿਸ਼ ਕੋਲੰਬੀਆ ਵਿੱਚ ਮੌਜੂਦਾ ਵਿਦਿਆਰਥੀ): “ਵੀਜ਼ਾ ਮਿਲ ਗਿਆ ਤਾਂ ਕੀ ਹੋਇਆ? ਇੱਥੇ ਰਹਿਣ ਦੇ ਖਰਚੇ ਬੇਹੱਦ ਵਧ ਗਏ ਹਨ। ਇੱਕ ਕਮਰੇ ਦਾ ਕਿਰਾਇਆ ਹੀ 900–1000 ਕੈਨੇਡੀਅਨ ਡਾਲਰ ਹੈ। ਕੰਮ ਦੇ ਘੰਟੇ ਘਟੇ ਹਨ। ਕਈ ਵਾਰੀ ਸੋਚਦਾ ਹਾਂ ਕਿ ਕੀ ਇੱਥੇ ਆ ਕੇ ਗਲਤੀ ਕੀਤੀ?”

ਮਾਹਿਰਾਂ ਦਾ ਮੰਨਣਾ ਹੈ ਕਿ ਕੈਨੇਡਾ ਸਰਕਾਰ ਘਰੇਲੂ ਆਰਥਿਕ ਦਬਾਅ ਕਾਰਨ ਵਿਦਿਆਰਥੀਆਂ ਦੀ ਗਿਣਤੀ ਘਟਾ ਰਹੀ ਹੈ। ਕਿਰਾਏ, ਸਿਹਤ ਸੇਵਾਵਾਂ ਅਤੇ ਰੋਜ਼ਗਾਰ ‘ਤੇ ਦਬਾਅ ਵਧਣ ਨਾਲ ਲੋਕਾਂ ਵਿੱਚ ਗੁੱਸਾ ਵਧਿਆ ਹੈ।

ਪਰ ਇਸ ਸਾਰੇ ਮਾਹੌਲ ਦਰਮਿਆਨ ਭਾਰਤੀ ਵਿਦਿਆਰਥੀ ਹੁਣ ਯੂਕੇ, ਆਸਟ੍ਰੇਲੀਆ, ਜਰਮਨੀ ਅਤੇ ਅਮਰੀਕਾ ਵੱਲ ਵੱਧ ਰੁਝਾਣ ਕਰ ਰਹੇ ਹਨ। ਮਾਪੇ ਬੱਚਿਆਂ ਦੇ ਭਵਿੱਖ ਲਈ ਕ਼ਰਜ਼ ਲੈ ਰਹੇ ਹਨ, ਪਰ ਵੀਜ਼ਾ ਰੱਦ ਹੋਣ 'ਤੇ ਉਹ ਕਰਜ਼ੇ ਦੀ ਮਾਰ ਝੱਲ ਰਹੇ ਹਨ।

ਓਧਰ ਕੈਨੇਡੀਅਨ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਘਟਣ ਨਾਲ ਉਨ੍ਹਾਂ ਦੀ ਆਮਦਨੀ 'ਤੇ ਅਸਰ ਪੈ ਰਿਹਾ ਹੈ। ਜੋ ਕੈਨੇਡਾ ਲਈ ਇੱਕ ਵਿੱਤੀ ਸੰਕਟ ਵੀ ਬਣ ਸਕਦਾ ਹੈ।

ਅੰਤ ਵਿੱਚ ਇਹੀ ਕਹਾਂਗੇ ਕਿ ਕੈਨੇਡਾ ਵਿੱਚ ਪੜ੍ਹਾਈ ਕਰਨਾ ਭਾਰਤੀ ਨੌਜਵਾਨਾਂ ਲਈ ਅਜੇ ਵੀ ਇੱਕ ਸੁਪਨਾ ਹੈ, ਪਰ ਹੁਣ ਇਹ ਸੁਪਨਾ ਮਹਿੰਗਾ ਅਤੇ ਮੁਸ਼ਕਲ ਹੋ ਗਿਆ ਹੈ। ਵਿਦਿਆਰਥੀਆਂ ਨੂੰ ਸਿਰਫ਼ ਪੜ੍ਹਾਈ ਲਈ ਨਹੀਂ, ਸਗੋਂ ਵੀਜ਼ਾ, ਪੈਸੇ ਅਤੇ ਰਹਿਣ-ਸਹਿਣ ਦੀਆਂ ਸਖ਼ਤ ਪਾਬੰਦੀਆਂ ਕਾਰਨ ਵੀ ਸੰਘਰਸ਼ ਕਰਨਾ ਪੈ ਰਿਹਾ ਹੈ। ਕੈਨੇਡਾ ਦਾ ਰਾਹ ਹੁਣ ਸੌਖਾ ਨਹੀਂ, ਪਰ ਸੁਪਨੇ ਦੇਖਣ ਵਾਲਿਆਂ ਦੀ ਕਮੀ ਵੀ ਨਹੀਂ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video