ਆਸਟ੍ਰੇਲੀਆ ਦੇ ਬੌਂਡੀ ਬੀਚ ‘ਤੇ ਹੋਏ ਹਮਲੇ ਦੌਰਾਨ 34 ਸਾਲਾ ਭਾਰਤੀ ਮੂਲ ਦੇ ਅਮਨਦੀਪ ਸਿੰਘ ਬੋਲਾ ਨੂੰ ਹੀਰੋ ਵਜੋਂ ਸਲਾਹਿਆ ਜਾ ਰਿਹਾ ਹੈ। SBS ਨਿਊਜ਼ ਮੁਤਾਬਕ, ਬੋਲਾ ਨੇ ਇੱਕ ਹਮਲਾਵਰ ਨੂੰ ਦਬੋਚ ਕੇ ਅਤੇ ਉਸਨੂੰ ਫੜੀ ਰੱਖਿਆ ਅਤੇ ਹਮਲਾਵਰ ਨੂੰ ਕਾਬੂ ਕਰਨ ਵਿੱਚ ਪੁਲਿਸ ਦੀ ਮਦਦ ਕੀਤੀ।
ਦਸ ਦਈਏ ਕਿ 14 ਦਸੰਬਰ 2025 ਨੂੰ ਸਿਡਨੀ ਦੇ ਬੌਂਡੀ ਬੀਚ ‘ਤੇ ਹਨੂਕਾਹ ਸਮਾਰੋਹ ਦੌਰਾਨ ਦੋ ਹਥਿਆਰਬੰਦ ਵਿਅਕਤੀਆਂ ਵੱਲੋਂ ਗੋਲਾਬਾਰੀ ਕੀਤੀ ਗਈ, ਜਿਸ ਵਿੱਚ 15 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋਏ। ਇਸ ਹਮਲੇ ਨੂੰ ਯਹੂਦੀ ਭਾਈਚਾਰੇ ਨੂੰ ਨਿਸ਼ਾਨਾ ਬਣਾਉਂਦੀ, ਇਸਲਾਮਿਕ ਸਟੇਟ ਤੋਂ ਪ੍ਰੇਰਿਤ ਯਹੂਦੀ-ਵਿਰੋਧੀ ਅੱਤਵਾਦੀ ਕਾਰਵਾਈ ਕਰਾਰ ਦਿੱਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਆਸਟ੍ਰੇਲੀਆ ਵਿੱਚ ਰਾਸ਼ਟਰੀ ਸੋਗ ਹੈ ਅਤੇ ਨਫ਼ਰਤੀ ਭਾਸ਼ਣ ਖ਼ਿਲਾਫ਼ ਨਵੇਂ ਕਦਮ ਚੁੱਕੇ ਗਏ ਹਨ।
ਰਿਪੋਰਟ ਮੁਤਾਬਕ, ਭਾਰਤ ਅਤੇ ਨਿਊਜ਼ੀਲੈਂਡ ਮੂਲ ਦੇ ਮਾਪਿਆਂ ਤੋਂ ਜਨਮੇ ਅਮਨਦੀਪ ਸਿੰਘ ਨੇ, ਦੋ ਹਮਲਾਵਰਾਂ ਵਿੱਚੋਂ ਇੱਕ ਸਾਜਿਦ ਅਕਰਮ ਨੂੰ ਕਾਬੂ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ। ਸਿੰਘ ਹਮਲੇ ਸਮੇਂ ਬੀਚ ‘ਤੇ ਆਰਾਮ ਕਰ ਰਿਹਾ ਸੀ। ਜਦੋਂ ਸਾਰੇ ਆਪੋ ਆਪਣੀ ਸੁਰੱਖਿਆ ਲਈ ਭੱਜ-ਦੌੜ ਰਹੇ ਸਨ ਤਾਂ ਅਮਨਦੀਪ ਨੇ ਹਮਲਾਵਰ ਵੱਲ ਭੱਜਣਾ ਸ਼ੁਰੂ ਕੀਤਾ। ਸਿੰਘ ਉਸ ਪੁਲ ਵੱਲ ਦੌੜਿਆ ਜਿੱਥੇ ਹਮਲਾਵਰ ਲੋਕਾਂ ‘ਤੇ ਗੋਲੀਆਂ ਚਲਾ ਰਿਹਾ ਸੀ ਅਤੇ ਉਸਨੇ ਹਮਲਾਵਰ ਨੂੰ ਕਾਬੂ ਕਰਕੇ ਜ਼ਮੀਨ ‘ਤੇ ਸੁੱਟ ਦਿੱਤਾ।
ਰਿਪੋਰਟ ਅਨੁਸਾਰ ਸਿੰਘ ਨੇ ਕਿਹਾ, “ਮੈਂ ਉਸ ਹਮਲਾਵਰ ‘ਤੇ ਛਾਲ ਮਾਰੀ ਅਤੇ ਉਸਦੀ ਬਾਂਹ ਫੜ ਲਈ। ਪੁਲਿਸ ਅਧਿਕਾਰੀ ਨੇ ਮੈਨੂੰ ਕਿਹਾ ਕਿ ਉਸਨੂੰ ਛੱਡਣਾ ਨਹੀਂ।” ਸਿੰਘ ਨੇ ਇਹ ਵੀ ਦੱਸਿਆ ਕਿ ਪੁਲਿਸ ਕਾਰਵਾਈ ਦੌਰਾਨ ਜਦੋਂ ਹਮਲਾਵਰ ਨੂੰ ਕਾਬੂ ਕੀਤਾ ਹੋਇਆ ਸੀ, ਉਸ ਸਮੇਂ ਉਸਦੀ ਹਾਲਤ ਗੰਭੀਰ ਹੋ ਚੁੱਕੀ ਸੀ।
ਅਮਨਦੀਪ ਸਿੰਘ ਬੋਲਾ ਪਿੰਡ ਨੌਰਾ ਜਿਲਾ ਨਵਾਂ ਸ਼ਹਿਰ ਦੇ ਸਿੱਖ ਪਰਿਵਾਰ ਦੀ ਤੀਜੀ ਪੀੜੀ ਹੈ। ਸਿੱਖ ਭਾਈਚਾਰੇ ਵਿੱਚ ਅਮਨਦੀਪ ਸਿੰਘ ਦੇ ਇਸ ਕਦਮ ਨੂੰ ਸਰਬੱਤ ਦੇ ਭਲੇ ਦੀ ਜਿਓਂਦੀ ਜਾਗਦੀ ਮਿਸਾਲ ਵੱਜੋਂ ਵੇਖਿਆ ਜਾ ਰਿਹਾ ਹੈ।ਸਥਾਨਕ ਭਾਈਚਾਰੇ ਵੱਲੋਂ ਉਸਦੀ ਖੁੱਲ ਕੇ ਸ਼ਲਾਘਾ ਕੀਤੀ ਜਾ ਰਹੀ ਹੈ। ਕਈਆਂ ਨੇ ਤਾਂ ਇਹ ਮੰਗ ਵੀ ਕੀਤੀ ਹੈ ਕਿ ਅਮਨਦੀਪ ਸਿੰਘ ਨੂੰ ਆਸਟ੍ਰੇਲੀਆ ਸਰਕਾਰ ਵੱਲੋਂ ਵੱਡੇ ਪੱਧਰ 'ਤੇ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login