ADVERTISEMENT

ADVERTISEMENT

ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੀਆਂ ਵਧੀਆਂ ਮੁਸ਼ਕਲਾਂ, ਘਰ 'ਤੇ ਇਨਕਮ ਟੈਕਸ ਨੇ ਮਾਰਿਆ ਛਾਪਾ

ਇਹ ਕਾਰਵਾਈ ਉਨ੍ਹਾਂ ਦੇ 'ਬੈਸਟੀਅਨ' ਰੈਸਟੋਰੈਂਟ ਨਾਲ ਸਬੰਧਤ ਵਿੱਤੀ ਲੈਣ-ਦੇਣ ਅਤੇ ਕਥਿਤ ਟੈਕਸ ਬੇਨਿਯਮੀਆਂ ਦੀ ਜਾਂਚ ਤਹਿਤ ਕੀਤੀ ਜਾ ਰਹੀ ਹੈ

ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ / Instagram/@theshilpashetty

ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਮੁੰਬਈ ਸਥਿਤ ਘਰ 'ਤੇ ਇਨਕਮ ਟੈਕਸ ਦਾ ਛਾਪਾ ਪਿਆ ਹੈ। ਸੂਤਰਾਂ ਅਨੁਸਾਰ, ਇਹ ਕਾਰਵਾਈ ਉਨ੍ਹਾਂ ਦੇ 'ਬੈਸਟੀਅਨ' (Bastian) ਰੈਸਟੋਰੈਂਟ ਨਾਲ ਸਬੰਧਤ ਵਿੱਤੀ ਲੈਣ-ਦੇਣ ਅਤੇ ਕਥਿਤ ਟੈਕਸ ਬੇਨਿਯਮੀਆਂ ਦੀ ਜਾਂਚ ਦੇ ਤਹਿਤ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਨਕਮ ਟੈਕਸ ਦੀਆਂ ਵੱਖ-ਵੱਖ ਟੀਮਾਂ ਕਈ ਘੰਟਿਆਂ ਤੋਂ ਸ਼ਿਲਪਾ ਸ਼ੈੱਟੀ ਦੇ ਘਰ ਅਤੇ ਉਨ੍ਹਾਂ ਨਾਲ ਜੁੜੇ ਹੋਰ ਟਿਕਾਣਿਆਂ 'ਤੇ ਛਾਪੇਮਾਰੀ ਕਰ ਰਹੀਆਂ ਹਨ। ਸੂਤਰਾਂ ਅਨੁਸਾਰ, ਇਨਕਮ ਟੈਕਸ ਵਿਭਾਗ ਵੱਲੋਂ ਰੈਸਟੋਰੈਂਟ ਅਤੇ ਉਸ ਨਾਲ ਜੁੜੀਆਂ ਕੰਪਨੀਆਂ ਦੇ ਵਿੱਤੀ ਰਿਕਾਰਡ ਵੀ ਖੰਗਾਲੇ ਜਾ ਰਹੇ ਹਨ।

ਤੁਹਾਨੂੰ ਦੱਸ ਦੇਈਏ ਕਿ ਇਨਕਮ ਟੈਕਸ ਵਿਭਾਗ ਨੇ ਬੁੱਧਵਾਰ ਨੂੰ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈੱਟੀ ਦੀ ਮਲਕੀਅਤ ਵਾਲੇ ਮੁੰਬਈ, ਬੈਂਗਲੁਰੂ, ਪੁਣੇ ਅਤੇ ਗੋਆ ਸਥਿਤ 'ਬੈਸਟੀਅਨ' ਪਬ 'ਤੇ ਛਾਪਾ ਮਾਰਿਆ ਸੀ। ਇਹ ਪਬ ਸ਼ਹਿਰ ਦੇ ਸਭ ਤੋਂ ਮਹਿੰਗੇ ਪਬਾਂ ਵਿੱਚ ਗਿਣਿਆ ਜਾਂਦਾ ਹੈ। ਸੂਤਰਾਂ ਮੁਤਾਬਕ, ਇਹ ਕਾਰਵਾਈ ਟੈਕਸ ਚੋਰੀ ਦੇ ਦੋਸ਼ਾਂ ਦੀ ਜਾਂਚ ਦੇ ਤਹਿਤ ਕੀਤੀ ਗਈ ਹੈ। ਜਾਣਕਾਰੀ ਅਨੁਸਾਰ, ਇਨਕਮ ਟੈਕਸ ਅਧਿਕਾਰੀਆਂ ਨੇ ਸਵੇਰ ਤੋਂ ਹੀ ਪਬ ਵਿੱਚ ਨਿਰੀਖਣ ਸ਼ੁਰੂ ਕਰ ਦਿੱਤਾ ਸੀ।

ਵਿਭਾਗ ਦੇ ਅਧਿਕਾਰੀਆਂ ਨੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਅਤੇ ਵਿੱਤੀ ਲੈਣ-ਦੇਣ ਨਾਲ ਜੁੜੇ ਰਿਕਾਰਡਾਂ ਦੀ ਪੜਤਾਲ ਕੀਤੀ। ਪਬ ਦੇ ਸੰਚਾਲਨ ਨਾਲ ਜੁੜੇ ਇਨਕਮ ਟੈਕਸ ਭੁਗਤਾਨ ਵਿੱਚ ਬੇਨਿਯਮੀਆਂ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ। ਛਾਪੇਮਾਰੀ ਦੌਰਾਨ ਇਨਕਮ ਟੈਕਸ ਵਿਭਾਗ ਦੀ ਟੀਮ ਵਿੱਚ ਦਸ ਤੋਂ ਵੱਧ ਅਧਿਕਾਰੀ ਸ਼ਾਮਲ ਸਨ।

ਸ਼ਿਲਪਾ ਸ਼ੈੱਟੀ ਅਤੇ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਪਹਿਲਾਂ ਹੀ 60 ਕਰੋੜ ਰੁਪਏ ਦੇ ਧੋਖਾਧੜੀ ਕੇਸ ਵਿੱਚ ਫਸੇ ਹੋਏ ਸੀ ਤੇ ਹੁਣ ਇਨਕਮ ਟੈਕਸ ਵਿਭਾਗ ਨੇ ਉਨ੍ਹਾਂ ਦੇ 'ਬੈਸਟੀਅਨ' ਰੈਸਟੋਰੈਂਟਾਂ 'ਤੇ ਛਾਪੇਮਾਰੀ ਕੀਤੀ। ਉਥੇ ਹੀ ਸ਼ਿਲਪਾ ਨੇ ਆਪਣਾ ਨਵਾਂ ਰੈਸਟੋਰੈਂਟ ਖੋਲ੍ਹਣ ਦਾ ਐਲਾਨ ਵੀ ਕਰ ਦਿੱਤਾ ਸੀ। ਅਦਾਕਾਰਾ ਦੇ ਨਵੇਂ ਰੈਸਟੋਰੈਂਟ ਦਾ ਨਾਮ 'ਅੰਮਾਕਾਈ' (Ammakai) ਹੈ।

ਸ਼ਿਲਪਾ ਸ਼ੈੱਟੀ ਨੇ ਨਵੇਂ ਰੈਸਟੋਰੈਂਟ ਦਾ ਐਲਾਨ ਕਰਦਿਆਂ ਇੰਸਟਾਗ੍ਰਾਮ 'ਤੇ ਇੱਕ ਪੋਸਟ ਸਾਂਝੀ ਕੀਤੀ ਸੀ ਜਿਸ ਵਿਚ  ਇਹ ਵੀ ਦੱਸਿਆ ਗਿਆ ਸੀ ਕਿ ਰੈਸਟੋਰੈਂਟ 19 ਦਸੰਬਰ ਨੂੰ ਸਵੇਰੇ 11 ਵਜੇ ਤੋਂ ਰਾਤ 1 ਵਜੇ ਤੱਕ ਖੁੱਲ੍ਹਾ ਰਹੇਗਾ। ਸ਼ਿਲਪਾ ਸ਼ੈੱਟੀ ਦੇ ਇਸ ਨਵੇਂ ਰੈਸਟੋਰੈਂਟ 'ਬੈਸਟੀਅਨ ਗਾਰਡਨ ਸਿਟੀ' 'ਤੇ ਨਿਰਧਾਰਿਤ ਸਮੇਂ ਤੋਂ ਵੱਧ ਸਮੇਂ ਤੱਕ ਖੁੱਲ੍ਹੇ ਰਹਿਣ ਨੂੰ ਲੈ ਕੇ ਵੀ ਕੇਸ ਦਰਜ ਹੋਇਆ ਸੀ। ਇਸ ਪਬ ਨੂੰ ਕਾਰੋਬਾਰੀ ਰਣਜੀਤ ਬਿੰਦਰਾ ਦੀ 'ਬੈਸਟੀਅਨ ਹਾਸਪਿਟੈਲਿਟੀ' ਨੇ ਸਥਾਪਿਤ ਕੀਤਾ ਸੀ। ਇਸ ਵਿੱਚ ਸ਼ਿਲਪਾ ਸ਼ੈੱਟੀ ਦੀ 50 ਫੀਸਦੀ ਹਿੱਸੇਦਾਰੀ ਹੈ।
ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ, ਸ਼ਿਲਪਾ ਸ਼ੈੱਟੀ ਨੇ ਦੋਸ਼ਾਂ ਨੂੰ ਨਿਰਾਧਾਰ ਦੱਸਦਿਆਂ ਉਨ੍ਹਾਂ ਦਾ ਖੰਡਨ ਕੀਤਾ ਅਤੇ ਕਿਹਾ ਕਿ ਇਸ ਮਾਮਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਹਾਈ ਕੋਰਟ ਵਿੱਚ ਪੈਂਡਿੰਗ ਹੈ।

ਉਨ੍ਹਾਂ ਅੱਗੇ ਕਿਹਾ, "ਅਸੀਂ ਜਾਂਚ ਵਿੱਚ ਪੂਰਾ ਸਹਿਯੋਗ ਦਿੱਤਾ ਹੈ ਅਤੇ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਨਿਆਂ ਮਿਲੇਗਾ। ਸਾਨੂੰ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਅਤੇ ਸਾਡੇ ਦੇਸ਼ ਦੀ ਨਿਆਂਇਕ ਪ੍ਰਣਾਲੀ 'ਤੇ ਪੂਰਾ ਭਰੋਸਾ ਹੈ। ਅਸੀਂ ਮੀਡੀਆ ਨੂੰ ਬੇਨਤੀ ਕਰਦੇ ਹਾਂ ਕਿ ਉਹ ਸੰਜਮ ਵਰਤਣ ਕਿਉਂਕਿ ਮਾਮਲਾ ਅਜੇ ਅਦਾਲਤ ਵਿੱਚ ਵਿਚਾਰ ਅਧੀਨ ਹੈ।"

Comments

Related