ADVERTISEMENT

ADVERTISEMENT

ਪੰਜਾਬੀ ਭਾਸ਼ਾ: ਇਤਿਹਾਸਕ ਵਿਰਾਸਤ, ਆਧੁਨਿਕ ਚੁਣੌਤੀਆਂ ਅਤੇ ਭਵਿੱਖੀ ਦਿਸ਼ਾਵਾਂ

Representative Image / Staff Reporter

ਵਿਸ਼ਵ ਦੇ ਕੋਨੇ-ਕੋਨੇ ਵਿਚ ਫ਼ੈਲੇ ਹੋਏ ਪੰਜਾਬੀਆਂ ਦੀ ਮਾਂ-ਬੋਲੀ ਪੰਜਾਬੀ ਹੈ। ਗੁਰੂ ਸਾਹਿਬਾਨ ਅਤੇ ਪੀਰਾਂ-ਫ਼ਕੀਰਾਂ ਦੀ ਸਾਧਨਾ ਵਿਚੋਂ ਪੈਦਾ ਅਤੇ ਪ੍ਰਫ਼ੁਲਿਤ ਹੋਈ ਪੰਜਾਬੀ ਬੋਲੀ ਪੰਜਾਬੀਆਂ ਦਾ ਮਾਣ ਹੀ ਨਹੀਂ ਬਲਕਿ ਪੰਜਾਬੀਆਂ ਦੀ ਸਮੁਚੀ ਵਿਰਾਸਤ ਦਾ ਅਧਾਰ ਹੈ। ਪੰਜਾਬੀ ਭਾਈਚਾਰੇ ਨੂੰ ਇਕ ਸੂਤਰ ਵਿਚ ਬੰਨਣ ਅਤੇ ਪੰਜਾਬੀਆਂ ਦੀਆਂ ਸਮਾਜਕ ਅਤੇ ਸਦਾਚਾਰਕ ਕਦਰਾਂ-ਕੀਮਤਾਂ ਨੂੰ ਉਜਾਗਰ ਕਰਨ ਵਿਚ ਇਸ ਦਾ ਵਿਸ਼ੇਸ਼ ਮਹੱਤਵ ਹੈ।

ਬੋਲੀ ਨੂੰ ਕਿਸੇ ਨਾ ਕਿਸੇ ਭਾਸ਼ਾ ਵਿਚ ਬਿਆਨ ਕੀਤਾ ਜਾਂਦਾ ਹੈ ਅਤੇ ਜਿਹੜੀ ਭਾਸ਼ਾ ਬੱਚੇ ਦੀ ਮਾਂ ਬੋਲਦੀ ਹੈ, ਉਹੀ ਬੱਚੇ ਦੀ ਮਾਤ-ਭਾਸ਼ਾ ਬਣ ਜਾਂਦੀ ਹੈ। ਇਸ ਦੇ ਆਸਰੇ ਉਹ ਕਦਰਾਂ-ਕੀਮਤਾਂ ਨੂੰ ਜੀਵਨ ਵਿਚ ਧਾਰਨ ਕਰਦਾ ਹੋਇਆ ਨਿਰੰਤਰ ਅੱਗੇ ਵੱਧਣ ਲਈ ਯਤਨਸ਼ੀਲ ਰਹਿੰਦਾ ਹੈ। ਇਸ ਦ੍ਰਿਸ਼ਟੀ ਤੋਂ ਭਾਸ਼ਾ ਦਾ ਜੀਵਨ ਵਿਚ ਵਿਸ਼ੇਸ਼ ਸਥਾਨ ਹੈ। ਜਿਹੜੀ ਭਾਸ਼ਾ ਆਮ ਲੋਕਾਂ ਦੇ ਜੀਵਨ ਦਾ ਹਿੱਸਾ ਬਣ ਜਾਂਦੀ ਹੈ, ਉਹੀ ਭਾਸ਼ਾ ਮਨੁੱਖ ਨੂੰ ਚੰਗੀ ਲੱਗਦੀ ਹੈ। ਭਾਸ਼ਾ ਕੇਵਲ ਮਨੁੱਖੀ ਜਜ਼ਬਿਆਂ ਅਤੇ ਸੰਵੇਦਨਾਵਾਂ ਦਾ ਪ੍ਰਗਟਾਵਾ ਹੀ ਨਹੀਂ ਹੁੰਦੀ ਬਲਕਿ ਇਹ ਸਮਾਜ ਵਿਚ ਭਾਈਚਾਰਾ ਸਥਾਪਿਤ ਕਰਨ ਵਿਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਮਨੁੱਖ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਜਿੰਨਾ ਵਧੀਆ ਢੰਗ ਨਾਲ ਆਪਣੀ ਮਾਂ-ਬੋਲੀ ਵਿਚ ਕਰ ਸਕਦਾ ਹੈ, ਉਤਨਾ ਵਧੀਆ ਪ੍ਰਗਟਾਵਾ ਉਹ ਕਿਸੇ ਹੋਰ ਭਾਸ਼ਾ ਵਿਚ ਨਹੀਂ ਕਰ ਸਕਦਾ।

ਇਸ ਵਿਚ ਕੋਈ ਸ਼ੰਕਾ ਨਹੀਂ ਹੈ ਕਿ ਜਿਹੜੀ ਭਾਸ਼ਾ ਰੁਜਗਾਰ ਪੈਦਾ ਕਰਦੀ ਹੈ, ਦੁਨੀਆ ਵਿਚ ਉਹ ਬਹੁਤ ਤੇਜੀ ਨਾਲ ਫੈਲਦੀ ਹੈ। ਇਸ ਦੇ ਨਾਲ ਇਹ ਵੀ ਸੱਚ ਹੈ ਕਿ ਰਾਜ ਕਰਨ ਵਾਲਿਆਂ ਦੀ ਭਾਸ਼ਾ ਅਤੇ ਸੱਭਿਆਚਾਰ ਦਾ ਪ੍ਰਭਾਵ ਵੀ ਆਮ ਲੋਕਾਂ ‘ਤੇ ਵਧੇਰੇ ਪੈਂਦਾ ਹੈ। ਭਾਰਤ ਵਿਚ ਮੁਗ਼ਲ ਰਾਜ ਦੀ ਸਥਾਪਨਾ ਨਾਲ ਇਸਲਾਮ ਦਾ ਇਥੋਂ ਦੇ ਲੋਕਾਂ ‘ਤੇ ਗਹਿਰਾ ਪ੍ਰਭਾਵ ਪਿਆ ਸੀ। ਮੁਸਲਮਾਨਾਂ ਦੀ ਭਾਸ਼ਾ ਅਤੇ ਸੱਭਿਆਚਾਰ ਦੇ ਪ੍ਰਭਾਵ ਦਾ ਜਿਹੜਾ ਵਰਤਾਰਾ ਆਮ ਲੋਕਾਂ ‘ਤੇ ਪਿਆ, ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਬਹੁਤ ਨੇੜਿਉਂ ਦੇਖਿਆ ਸੀ। ਗ਼ੁਲਾਮੀ ਦਾ ਇਕ ਵੱਡਾ ਕਾਰਨ ਗੁਰੂ ਜੀ ਆਮ ਲੋਕਾਂ ਦਾ ਭਾਸ਼ਾ ਅਤੇ ਸੱਭਿਆਚਾਰ ਤੋਂ ਦੂਰ ਹੋਣਾ ਮੰਨਦੇ ਹਨ। ਗੁਰੂ ਜੀ ਗ਼ੁਲਾਮੀ ਵਿਚ ਆ ਕੇ ਕਿਸੇ ਵੀ ਬੋਲੀ, ਮਰਯਾਦਾ ਜਾਂ ਜੀਵਨਜਾਚ ਨੂੰ ਧਾਰਨ ਕਰਨ ਦੇ ਵਿਰੁੱਧ ਸਨ। ਦੁਨਿਆਵੀ ਗਿਆਨ ਹਾਸਲ ਕਰਨ ਲਈ ਤਾਂ ਗੁਰੂ ਜੀ ਵਿਭਿੰਨ ਭਾਸ਼ਾਵਾਂ ਦੀ ਸਿੱਖਿਆ ‘ਤੇ ਜ਼ੋਰ ਦਿੰਦੇ ਹਨ। ਜਨਮਸਾਖੀਆਂ ਦੱਸਦੀਆਂ ਹਨ ਕਿ ਗੁਰੂ ਜੀ ਨੇ ਆਪ ਪਾਂਧੇ ਪਾਸੋਂ ਸੰਸਕ੍ਰਿਤ ਅਤੇ ਮੌਲਵੀ ਪਾਸੋਂ ਤੋਰਕੀ (ਫ਼ਾਰਸੀ) ਦੀ ਵਿੱਦਿਆ ਗ੍ਰਹਿਣ ਕੀਤੀ ਸੀ।

ਏਸ਼ੀਆ ਵਿਚ ਪੰਜਾਬ ਅਜਿਹਾ ਖਿੱਤਾ ਹੈ ਜਿਥੇ ਇਹ ਬੋਲੀ ਸਭ ਤੋਂ ਵਧੇਰੇ ਬੋਲੀ ਜਾਂਦੀ ਹੈ। ਦੇਸ਼-ਵੰਡ ਉਪਰੰਤ ਪੰਜਾਬ ਦੋ ਹਿੱਸਿਆ ਵਿਚ ਵੰਡਿਆ ਗਿਆ - ਚੜ੍ਹਦਾ ਪੰਜਾਬ ਅਤੇ ਲਹਿੰਦਾ ਪੰਜਾਬ। ਚੜ੍ਹਦੇ ਪੰਜਾਬ ਵਿਚ ਪੰਜਾਬੀ ਗੁਰਮੁਖੀ ਅਤੇ ਲਹਿੰਦੇ ਪੰਜਾਬ ਵਿਚ ਸ਼ਾਹਮੁਖੀ (ਉਰਦੂ) ਲਿਪੀ ਰਾਹੀਂ ਲਿਖੀ ਜਾਂਦੀ ਹੈ। ਦੋਵਾਂ ਪੰਜਾਬਾਂ ਦੀ ਬੋਲੀ ਵਿਚ ਕੋਈ ਅੰਤਰ ਨਹੀਂ ਹੈ। ਲਹਿੰਦੇ ਪੰਜਾਬ ਵਿਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਚੜ੍ਹਦੇ ਪੰਜਾਬ ਤੋਂ ਜ਼ਿਆਦਾ ਹੈ। ਚੜ੍ਹਦੇ ਪੰਜਾਬ ਵਿਚ ਸਿੱਖ ਭਾਈਚਾਰਾ ਬਹੁਗਿਣਤੀ ਵਿਚ ਵੱਸਦਾ ਹੈ ਜਿਨ੍ਹਾਂ ਦੀ ਜੀਵਨਜਾਚ ਗੁਰੂ ਸਾਹਿਬਾਨ ਦੁਆਰਾ ਪ੍ਰਦਾਨ ਕੀਤੀਆਂ ਸਦਾਚਾਰਕ ਕਦਰਾਂ-ਕੀਮਤਾਂ ‘ਤੇ ਅਧਾਰਿਤ ਹੈ। ਇਥੇ ਗੁਰਮੁਖੀ ਲਿਪੀ ਦਾ ਵਧੇਰੇ ਪ੍ਰਚਾਰ ਅਤੇ ਪ੍ਰਸਾਰ ਹੋਇਆ ਹੈ। ਗੁਰੂ ਨਾਨਕ ਦੇਵ ਜੀ ਦੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਗੁਰਮੁਖੀ ਬੋਲੀ ਪ੍ਰਤੀ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦੇ ਹੋਏ ਕਹਿੰਦੇ ਹਨ - ਅਕਾਲ ਖਿੰਥਾ ਨਿਰਾਸ਼ ਝੋਲੀ। ਜੁਗਤਿ ਕਾ ਟੋਪ ਗੁਰਮੁਖੀ ਬੋਲੀ। ਬਾਬਾ ਸ੍ਰੀ ਚੰਦ ਜੀ ਪੰਜਾਬ ਦੀ ਅਜਿਹੀ ਮਹਾਨ ਸ਼ਖ਼ਸੀਅਤ ਸਨ ਜਿਨ੍ਹਾਂ ਨੇ ਆਪਣੀ ਰਚਨਾ ਮਾਤ੍ਰੇ ਵਿਚ ਗੁਰਮੁਖੀ ਬੋਲੀ ਪ੍ਰਤੀ ਮਾਣ ਪੈਦਾ ਕਰਨ ਦੀ ਚੇਤਨਾ ਪੈਦਾ ਕੀਤੀ। ਇਹ ਉਹ ਸਮਾਂ ਸੀ ਜਦੋਂ ਸੰਸਕ੍ਰਿਤ ਭਾਸ਼ਾ ਨੂੰ ਦੇਵ ਭਾਸ਼ਾ ਮੰਨਿਆ ਜਾਂਦਾ ਸੀ ਅਤੇ ਇਸੇ ਭਾਸ਼ਾ ਰਾਹੀਂ ਮੁਕਤੀ ਸੰਭਵ ਮੰਨੀ ਜਾਂਦੀ ਸੀ। ਬਾਬਾ ਸ੍ਰੀ ਚੰਦ ਜੀ ਸ਼ਰੁਤੀ ਅਤੇ ਸਿਮਰਤੀ ਦੇ ਗਿਆਨ ਦੀ ਪ੍ਰਾਪਤੀ ਲਈ ਸੰਸਕ੍ਰਿਤ ਦੀ ਸਿੱਖਿਆ ਤੋਂ ਇਨਕਾਰੀ ਨਹੀਂ ਸਨ ਪਰ ਉਹਨਾਂ ਦੀ ਦ੍ਰਿਸ਼ਟੀ ਵਿਚ ਮਾਤ-ਭਾਸ਼ਾ ਦਾ ਮਹੱਤਵ ਇਸ ਤੋਂ ਵਧੇਰੇ ਸੀ। ਮਾਤ-ਭਾਸ਼ਾ ਨੂੰ ਉਹ ਦੂਜੀਆਂ ਭਾਸ਼ਾਵਾਂ ਤੋਂ ਪਵਿਤਰ ਮੰਨਦੇ ਸਨ ਇਸ ਕਰ ਕੇ ਜਿਹੜੇ ਵਿਅਕਤੀ ਆਪਣੀ ਮਾਤ-ਭਾਸ਼ਾ ਨੂੰ ਛੱਡ ਕੇ ਹਾਕਮਾਂ ਜਾਂ ਸ਼ਾਸਕਾਂ ਦੀ ਭਾਸ਼ਾ ਨੂੰ ਗ੍ਰਹਿਣ ਕਰ ਰਹੇ ਸਨ, ਬਾਬਾ ਜੀ ਉਹਨਾਂ ਨੂੰ ਚੰਗਾ ਨਹੀਂ ਸਮਝਦੇ ਸਨ:

ਅਪਨੀ ਭਾਸ਼ਾ ਪਰਿਹਰ ਵਾਣੀ ਰਦਤ ਮਲੇਛ

ਪੁਣਯਧਾਮ ਭ੍ਰਸ਼ਟ ਆਚਰਣੀ ਭਰੇ ਅੰਤਰ ਸੋਦ੍ਵੇਸ਼।

ਗੁਰੂ ਨਾਨਕ ਦੇਵ ਜੀ ਦਾ ਗੁਰਮੁਖੀ ਲਿਪੀ ਵਿਚ ਪਰਮਾਤਮਾ ਦਾ ਸੰਦੇਸ਼ ਦਰਜ ਕਰਨਾ ਅਤੇ ਉਹਨਾਂ ਦੇ ਉਤਰਾਧਿਕਾਰੀਆਂ ਦੁਆਰਾ ਇਸੇ ਲਿਪੀ ਨੂੰ ਠੋਸ ਰੂਪ ਵਿਚ ਅੱਗੇ ਲੈ ਕੇ ਜਾਣਾ ਇਹ ਸਿੱਧ ਕਰਦਾ ਹੈ ਕਿ ਉਹਨਾਂ ਨੇ ਕਿਸੇ ਵਿਸ਼ੇਸ਼ ਭਾਸ਼ਾ ਦੀ ਦੈਵੀ ਪ੍ਰਵਾਨਗੀ ਨੂੰ ਪ੍ਰਵਾਨ ਨਹੀਂ ਕੀਤਾ। ਗੁਰੂ ਅਰਜਨ ਦੇਵ ਜੀ ਦੇ ਜੀਵਨ ਦੀ ਇਹ ਮਿਸਾਲ ਮਹੱਵਪੂਰਨ ਹੈ ਜਿਸ ਵਿਚ ਉਹ ਸੰਸਕ੍ਰਿਤ ਦੀ ਬਜਾਏ ਗੁਰਮੁਖੀ ਰਾਹੀਂ ਜੀਵਨ ਉਦੇਸ਼ ਦੀ ਪ੍ਰਾਪਤੀ ‘ਤੇ ਜ਼ੋਰ ਦਿੰਦੇ ਹਨ। ਕਿਹਾ ਜਾਂਦਾ ਹੈ ਕਿ ਇਕ ਵਾਰੀ ਕਸ਼ਮੀਰ ਦੇ ਸਿੱਖਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਬੇਨਤੀ ਕੀਤੀ ਕਿ ਉਥੋਂ ਦੇ ਬ੍ਰਾਹਮਣ ਸਿੱਖਾਂ ਨੂੰ ਗੁਰੂ ਜੀ ਦੀ ਬਾਣੀ ਪੜ੍ਹਨ ਨਹੀਂ ਦਿੰਦੇ। ਉਹ ਕਹਿੰਦੇ ਹਨ ਕਿ ਸੰਸਕ੍ਰਿਤ ਦੇਵ ਬਾਣੀ ਹੈ ਤੇ ਭਾਖਾ ਮਨੁੱਖ ਬਾਣੀ ਹੈ। ਉਹ ਸਾਨੂੰ ਸਿੱਖੀ ਕਾਰਜ ਵੀ ਨਹੀਂ ਕਰਨ ਦਿੰਦੇ। ਗੁਰੂ ਜੀ ਨੇ ਉਨ੍ਹਾਂ ਦੀ ਸਮੱਸਿਆ ਦਾ ਹੱਲ ਕਰਦੇ ਹੋਏ ਮਾਧੋ ਸੋਢੀ ਨੂੰ ਕਸ਼ਮੀਰ ਵਿੱਚ ਸਿੱਖੀ ਪ੍ਰਚਾਰ ਲਈ ਭੇਜਿਆ, ਉਸ ਨੂੰ ਗੁਰੂ ਸਾਹਿਬਾਨ ਦੀ ਬਾਣੀ ਦਾ ਗਹਿਨ ਅਧਿਐਨ ਸੀ। ਉਸ ਨੇ ਉਥੇ ਜਾ ਕੇ ਗੁਰਬਾਣੀ ਦੀ ਕਥਾ ਅਰੰਭ ਕਰ ਦਿੱਤੀ ਤਾਂ ਪੰਡਤਾਂ ਨੇ ਇਸ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਭਾਖਿਆ ਨੂੰ ਬਾਣੀ ਨਹੀਂ ਮੰਨਦੇ। ਮਾਧੋ ਨੇ ਸਮਝਾਇਆ ਕਿ ਘਿਉ ਭਾਵੇਂ ਧਾਤ ਦੇ ਭਾਂਡੇ ਵਿਚ ਹੋਵੇ ਭਾਵੇਂ ਮਿੱਟੀ ਦੇ ਭਾਂਡੇ ਵਿਚ। ਘਿਉ ਦੇ ਗੁਣਾਂ ਵਿਚ ਪਰਿਵਰਤਨ ਨਹੀਂ ਹੁੰਦਾ। ਇਸ ਤਰ੍ਹਾਂ ਆਤਮ ਗਿਆਨ ਭਾਵੇਂ ਸੰਸਕ੍ਰਿਤ ਭਾਸ਼ਾ ਵਿਚ ਹੋਵੇ ਜਾਂ ਭਾਖਾ ਵਿਚ, ਇਹ ਸਰਬ ਕਲਿਆਣਕਾਰੀ ਹੁੰਦਾ ਹੈ। ਮਾਧੋ ਨੇ ਕਿਹਾ ਕਿ ਗੁਰੂ ਜੀ ਨੇ ਜਨ-ਸਾਧਾਰਨ ਨੂੰ ਸਮਝਾਉਣ ਲਈ ਭਾਖਾ ਬਾਣੀ ਦੀ ਵਰਤੋਂ ਕੀਤੀ ਹੈ। ਗੁਰੂ ਸਾਹਿਬਾਨ ਨੇ ਪੇਂਡੂ ਭਾਸ਼ਾ ਨੂੰ ਪਰਮਾਰਥ ਦਾ ਗਿਆਨ ਗ੍ਰਹਿਣ ਕਰਨ ਵਾਲੀ ਭਾਸ਼ਾ ਬਣਾ ਦਿੱਤਾ ਸੀ। ਅਨਪੜ੍ਹਾਂ ਦੀ ਸਮਝੀ ਜਾਂਦੀ ਭਾਸ਼ਾ ਦਾ ਵਿਕਾਸ ਕਰਦੇ ਹੋਏ ਗੁਰੂ ਸਾਹਿਬਾਨ ਨੇ ਏਸ਼ੀਆ ਦੇ ਵੱਖ-ਵੱਖ ਭੂਗੋਲਿਕ ਖਿੱਤਿਆਂ ਵਿਚ ਵੱਸਦੇ ਭਗਤਾਂ ਅਤੇ ਭੱਟਾਂ ਦੀ ਬਾਣੀ ਨੂੰ ਇਸ ਲਿਪੀ ਵਿਚ ਪਰੋ ਕੇ ਇਸ ਦੀ ਦੈਵੀ ਅਤੇ ਦੁਨਿਆਵੀ ਅਮੀਰੀ ਨੂੰ ਸਦੀਵੀ ਤੌਰ ‘ਤੇ ਸਥਾਪਿਤ ਕਰ ਦਿੱਤਾ।

ਗੁਰੂ ਗ੍ਰੰਥ ਸਾਹਿਬ ਗੁਰਮੁਖੀ ਲਿਪੀ ਦਾ ਅਧਾਰ ਹੈ ਅਤੇ ਇਸ ਵਿਚ ਪ੍ਰਗਟ ਹੋਏ ਸ਼ਬਦ ‘ਧੁਰ ਕੀ ਬਾਣੀ’ ਦਾ ਦਰਜਾ ਰੱਖਦੇ ਹਨ। ਇਸ ਧਰਮ ਗ੍ਰੰਥ ਦੇ ਸ਼ਰਧਾਲੂਆਂ ਵਿਚ ਗੁਰਮੁਖੀ ਲਿਪੀ ਪ੍ਰਤੀ ਵਿਸ਼ੇਸ਼ ਸਤਿਕਾਰ ਹੈ ਅਤੇ ਇਸ ਲਿਪੀ ਦੇ ਅਭਿਆਸ ਤੋਂ ਬਿਨ੍ਹਾਂ ਉਹ ਆਪਣੀ ਧਾਰਮਕ ਯਾਤਰਾ ਸੰਪੂਰਨ ਨਹੀਂ ਸਮਝਦੇ। ਇਸ ਦੇ ਨਾਲ ਹੀ ਪੂਰੇ ਉਤਰੀ ਭਾਰਤ ਅਤੇ ਪਾਕਿਸਤਾਨ ਵਿਚਲੇ ਪੰਜਾਬ ਦੇ ਲੋਕਾਂ ਦਾ ਇਸ ਭਾਸ਼ਾ ਪ੍ਰਤੀ ਪ੍ਰੇਮ ਸਪਸ਼ਟ ਨਜ਼ਰ ਆਉਂਦਾ ਹੈ। ਪੰਜਾਬੀ ਭਾਸ਼ਾ ਨਾਲ ਪ੍ਰੇਮ ਕਾਰਨ ਪੰਜਾਬੀ ਜਿਥੇ ਵੀ ਗਏ, ਉਥੇ ਉਹਨਾਂ ਨੇ ਇਸ ਭਾਸ਼ਾ ਪ੍ਰਤੀ ਸੰਵੇਦਨਾ ਪੈਦਾ ਕਰਨ ਦਾ ਯਤਨ ਕੀਤਾ। ਪੰਜਾਬੀਆਂ ਦੀ ਕਾਰਜਸ਼ੈਲੀ ਉਹਨਾਂ ਦੇ ਆਲੇ-ਦੁਆਲੇ ਵੱਸਦੇ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ। ਪੰਜਾਬੀਆਂ ਸੰਬੰਧੀ ਜਾਣਨ ਦੀ ਇੱਛਾ ਦੇ ਆਹਰ ਵਿਚ ਬਹੁਤ ਸਾਰੇ ਲੋਕ ਇਸ ਭਾਸ਼ਾ ਪ੍ਰਤੀ ਵੀ ਖਿੱਚੇ ਗਏ ਹਨ। ਅੰਗਰੇਜ਼ੀ ਰਾਜ ਦੌਰਾਨ ਕਲਕੱਤੇ ਦੀ ਬੰਦਰਗਾਹ ਹੀ ਬਾਹਰ ਜਾਣ ਦਾ ਇਕ ਪ੍ਰਮੁਖ ਸਾਧਨ ਸੀ। ਬਾਹਰ ਜਾਣ ਦੀ ਇੱਛਾ ਵੱਜੋਂ ਬਹੁਤੇ ਸਾਰੇ ਪੰਜਾਬੀ ਕਲਕੱਤਾ ਵਿਖੇ ਆ ਵੱਸੇ ਸਨ। ਪੰਜਾਬੀਆਂ ਦੇ ਵੱਧਦੇ ਪ੍ਰਭਾਵ ਕਾਰਨ ਪੱਛਮੀ ਬੰਗਾਲ ਦੀ ਸਰਕਾਰ ਨੂੰ ਆਪਣੇ ਰਾਜ ਵਿਚ ਪੰਜਾਬੀ ਦੂਜੀ ਭਾਸ਼ਾ ਵੱਜੋਂ ਲਾਗੂ ਕਰਨੀ ਪਈ ਸੀ। ਇਸ ਸੰਬੰਧੀ ਡਾ. ਦੀਵਾਨ ਸਿੰਘ ਕਾਲੇਪਾਣੀ ਦੀ ਇਹ ਚਿੱਠੀ ਬਹੁਤ ਮਹੱਤਵਪੂਰਨ ਹੈ ਜਿਹੜੀ ਉਹਨਾਂ ਨੇ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਤੋਂ 8 ਦਸੰਬਰ 1941 ਨੂੰ ਕਲਕੱਤਾ ਯੂਨੀਵਰਸਿਟੀ ਦੇ ਰਜਿਸਟਰਾਰ ਨੂੰ ਲਿਖੀ ਸੀ:

The Punjabi population of these Islands have been very much pleased with the recognition given by the Calcutta University to the Punjabi Language as vernacular and second Language for Matric, F.A. & B.A.

ਪੱਛਮੀ ਬੰਗਾਲ ਵਿਖੇ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਿੱਤਾ ਗਿਆ ਦਰਜਾ ਕਦੋਂ ਵਾਪਸ ਲਿਆ ਗਿਆ ਇਸ ਸੰਬੰਧੀ ਤਾਂ ਬਹੁਤੀ ਜਾਣਕਾਰੀ ਪ੍ਰਾਪਤ ਨਹੀਂ ਹੈ ਪਰ 2011 ਵਿਚ ਮਮਤਾ ਬੈਨਰਜੀ ਨੇ ਪੰਜਾਬੀ ਭਾਸ਼ਾ ਨੂੰ ਰਾਜ ਦੀ ਦੂਜੀ ਭਾਸ਼ਾ ਦਾ ਦਰਜਾ ਦੇ ਦਿੱਤਾ ਸੀ। ਪੱਛਮੀ ਬੰਗਾਲ ਤੋਂ ਇਲਾਵਾ ਦਿੱਲੀ ਅਤੇ ਹਰਿਆਣਾ ਵਿਚ ਵੀ ਪੰਜਾਬੀ ਦੂਜੀ ਭਾਸ਼ਾ ਦਾ ਦਰਜਾ ਰੱਖਦੀ ਹੈ।

ਜਿਵੇਂ ਪੰਜਾਬੀ ਆਪਣੀ ਮਾਤ-ਭਾਸ਼ਾ ਨਾਲ ਪ੍ਰੇਮ ਰੱਖਦੇ ਹਨ ਉਸੇ ਤਰ੍ਹਾਂ ਭਾਰਤ ਦੇ ਦੂਜੇ ਰਾਜਾਂ ਵਿਚ ਵੱਸਦੇ ਭਾਰਤੀ ਵੀ ਆਪਣੀ ਮਾਤ-ਭਾਸ਼ਾ ਨੂੰ ਪਿਆਰ ਕਰਦੇ ਹਨ। ਭਾਰਤ ਵਿਚ ਅੰਗਰੇਜ਼ੀ ਦੇ ਵੱਧਦੇ ਪ੍ਰਭਾਵ ਨੇ ਸਥਾਨਕ ਭਾਸ਼ਾਵਾਂ ਦੀ ਸਿੱਖਿਆ ਵਿਚ ਰੁਚੀ ਰੱਖਣ ਵਾਲਿਆਂ ਨੂੰ ਬੇਚੈਨ ਕੀਤਾ ਹੈ। ਇਥੋਂ ਤੱਕ ਕਿ ਭਾਰਤ ਦੀ ਰਾਸ਼ਟਰੀ ਭਾਸ਼ਾ ਸਮਝੀ ਜਾਂਦੀ ਹਿੰਦੀ ਦੇ ਵਿਦਵਾਨ ਵੀ ਇਸ ਸੰਬੰਧੀ ਚਿੰਤਾ ਪ੍ਰਗਟ ਕਰਨ ਤੋਂ ਰਹਿ ਨਹੀਂ ਸਕੇ। ਭਾਰਤੇਂਦੂ ਹਰਿਸ਼ਚੰਦ੍ਰ ਹਿੰਦੀ ਭਾਸ਼ਾ ਦਾ ਇਕ ਉਘਾ ਕਵੀ ਹੈ ਜਿਸ ਨੂੰ ਆਧੁਨਿਕ ਹਿੰਦੀ ਸਾਹਿਤ ਦਾ ਜਨਮਦਾਤਾ ਮੰਨਿਆ ਜਾਂਦਾ ਹੈ। ‘ਮਾਤ੍ਰ ਭਾਸ਼ਾ ਕੇ ਪ੍ਰਤਿ’ ਸਿਰਲੇਖ ਅਧੀਨ ਕਾਵਿ-ਰਚਨਾ ਵਿਚ ਇਹਨਾਂ ਨੇ ਮਾਤ-ਭਾਸ਼ਾ ਰਾਹੀਂ ਜੀਵਨ ਵਿਕਾਸ ‘ਤੇ ਜ਼ੋਰ ਦਿੰਦੇ ਹੋਏ ਕਿਹਾ ਹੈ ਕਿ ਮਾਤ-ਭਾਸ਼ਾ ਹੀ ਮਨੁੱਖ ਦੇ ਸਮੁਚੇ ਵਿਕਾਸ ਦਾ ਮੂਲ ਅਧਾਰ ਹੈ ਅਤੇ ਇਸ ਤੋਂ ਬਿਨਾਂ ਮਨ ਦੀ ਪੀੜਾ ਦਾ ਨਿਵਾਰਣ ਸੰਭਵ ਨਹੀਂ:

ਨਿਜ ਭਾਸ਼ਾ ਉਨਤੀ ਅਹੈ ਸਭ ਉਨਤੀ ਕੋ ਮੂਲ।

ਬਿਨ ਨਿਜ ਭਾਸ਼ਾ ਗਿਆਨ ਕੇ ਮਿਟਤ ਨ ਹਿਯ ਕੋ ਸੂਲ।

ਭਾਰਤ ਦਾ ਇਹ ਉਘਾ ਕਵੀ ਹਿੰਦੀ ਦੇ ਮੁਕਾਬਲੇ ਅੰਗਰੇਜ਼ੀ ਭਾਸ਼ਾ ਪ੍ਰਤੀ ਕੁਝ ਲੋਕਾਂ ਦੇ ਮਨ ਵਿਚ ਪੈਦਾ ਹੋਏ ਉਲਾਰਵਾਦੀ ਪ੍ਰੇਮ ਨੂੰ ਮਹਿਸੂਸ ਕਰਦਾ ਹੈ। ਆਪਣੀ ਮਾਤ-ਭਾਸ਼ਾ ਨੂੰ ਛੱਡ ਕੇ ਦੂਜੀ ਭਾਸ਼ਾ ਨੂੰ ਗਲੇ ਲਗਾਉਣ ਦੀ ਬਿਰਤੀ ‘ਤੇ ਟਿੱਪਣੀ ਕਰਦੇ ਹੋਏ ਉਹ ਕਹਿੰਦਾ ਹੈ:

ਅੰਗਰੇਜ਼ੀ ਪੜਿ ਕੇ ਜਦਪਿ ਸਭ ਗੁਨ ਹੋਤ ਪ੍ਰਵੀਨ।

ਪੈ ਨਿਜ ਭਾਸ਼ਾ ਗਿਆਨ ਬਿਨ ਰਹਤ ਹੀਨ ਕੇ ਹੀਨ।

ਸੰਸਾਰ ਦੇ ਸੂਝਵਾਨ ਇਹ ਸਮਝਦੇ ਹਨ ਕਿ ਬੱਚਿਆਂ ਦੇ ਨਾਲ-ਨਾਲ ਬਾਲਗਾਂ ਨੂੰ ਵੀ ਸਿੱਖਿਆ ਪ੍ਰਦਾਨ ਕਰਨ ਦੀ ਲੋੜ ਹੈ ਤਾਂ ਹੀ ਸਮਾਜ ਵਿਚ ਅਨਪੜ੍ਹਤਾ, ਗ਼ਰੀਬੀ ਅਤੇ ਲੁੱਟ-ਖ਼ਸੁੱਟ ਬੰਦ ਹੋ ਸਕੇਗੀ। ਇਸ ਕਾਰਜ ਲਈ ਉਹਨਾਂ ਸਮੂਹ ਸੰਸਥਾਵਾਂ ਅਤੇ ਸ਼ਖ਼ਸੀਅਤਾਂ ਨੂੰ ਅੱਗੇ ਆਉਣ ਦੀ ਲੋੜ ਹੈ ਜਿਹੜੀਆਂ ਸਮਾਜ ਦਾ ਭਲਾ ਚਾਹੁੰਦੀਆਂ ਹਨ। ਵੱਖ-ਵੱਖ ਖਿੱਤਿਆਂ ਅਤੇ ਸਥਾਨਕ ਪੱਧਰ ਦੀਆਂ ਸੰਸਥਾਵਾਂ ਇਸ ਕਾਰਜ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀਆਂ ਹਨ। ਇਹ ਸੰਸਥਾਵਾਂ ਸਥਾਨਕ ਭਾਸ਼ਾ ਵਿਚ ਲੋਕਾਂ ਨੂੰ ਗਿਆਨ ਪ੍ਰਦਾਨ ਕਰ ਕੇ ਉਹਨਾਂ ਦਾ ਸਮਾਜਕ ਅਤੇ ਆਰਥਿਕ ਪੱਧਰ ਉਚਾ ਚੁੱਕ ਸਕਦੀਆਂ ਹਨ। ਸਮਾਜਕ ਪੱਧਰ ‘ਤੇ ਪੈਦਾ ਹੋਈ ਚੇਤਨਾ ਸਮਾਜ ਵਿਚ ਧਾਰਮਕ ਅਤੇ ਰਾਜਨੀਤਿਕ ਚੇਤਨਾ ਦਾ ਕਾਰਨ ਵੀ ਬਣਦੀ ਹੈ। ਵਿਸ਼ਵ ਪੱਧਰ ‘ਤੇ ਬਣੀਆਂ ਹੋਈਆਂ ਯੂਨੈਸਕੋ ਵਰਗੀਆਂ ਸੰਸਥਾਵਾਂ ਵੀ ਇਸ ਦਿਸ਼ਾ ਵਿਚ ਗੰਭੀਰ ਚਿੰਤਨ ਕਰ ਰਹੀਆਂ ਹਨ। ਸਭ ਨੂੰ ਸਿੱਖਿਆ ਪ੍ਰਦਾਨ ਕਰਨ ਹਿਤ ਇਸ ਸੰਸਥਾ ਵੱਲੋਂ ਬਹੁ-ਭਾਸ਼ੀ ਸਿੱਖਿਆ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਸੰਸਥਾ ਵੱਲੋਂ ਜਾਰੀ ਦਸਤਾਵੇਜ਼ ਵਿਚ ਸਿੱਖਿਆ, ਸਹਿਯੋਗ ਅਤੇ ਸੂਝ ਪੈਦਾ ਕਰਨ ਲਈ ਤਿੰਨ ਪ੍ਰਮੁਖ ਸਿਧਾਤਾਂ ‘ਤੇ ਜ਼ੋਰ ਦਿਤਾ ਗਿਆ ਹੈ:

1. UNESCO supports mother tongue instruction as a means of improving educational quality by building upon the knowledge and experience of the learners and teachers.

2. UNESCO supports bilingual and/or multilingual education at all levels of education as a means of promoting both social and gender equality and as a key element of linguistically diverse societies.

3. UNESCO supports language as an essential component of inter-cultural education in order to encourage understanding between different population groups and ensure respect for fundamental rights.

ਦੇਸ਼-ਵੰਡ ਦੌਰਾਨ ਅਤੇ ਦੇਸ਼ ਅਜ਼ਾਦ ਹੋਣ ਉਪਰੰਤ ਪੰਜਾਬ ਦਾ ਭੂਗੋਲਿਕ ਖਿੱਤਾ ਘਟਿਆ ਹੈ ਪਰ ਪੰਜਾਬੀ ਭਾਈਚਾਰਾ ਦੇਸ਼-ਵਿਦੇਸ਼ ਵਿਚ ਫ਼ੈਲਿਆ ਹੈ। ਪੰਜਾਬੀਆਂ ਦੇ ਪ੍ਰਵਾਸ ਨਾਲ ਪੰਜਾਬੀ ਭਾਸ਼ਾ ਵੀ ਦੂਰ-ਦੁਰਾਡੇ ਦੇਸ਼ਾਂ ਦੀਆਂ ਭਾਸ਼ਾਵਾਂ ਵਿਚ ਮਹੱਤਵਪੂਰਨ ਸਥਾਨ ਗ੍ਰਹਿਣ ਕਰ ਗਈ ਹੈ। ਆਪਣੇ ਸੁਭਾਅ ਮੁਤਬਕ ਪੰਜਾਬੀਆਂ ਨੇ ਆਪਣੇ ਪ੍ਰਵਾਸ ਦੇ ਅਸਥਾਨਾਂ ‘ਤੇ ਵਿਕਾਸਮੁਖੀ ਗਤੀਵਿਧੀਆਂ ਵਿਚ ਅੱਗੇ ਹੋ ਕੇ ਭਾਗ ਲਿਆ ਹੈ ਜਿਸ ਦੇ ਸਿੱਟੇ ਵੱਜੋਂ ਇਹ ਉਥੋਂ ਦੇ ਸਮਾਜਕ, ਆਰਥਿਕ ਅਤੇ ਰਾਜਨੀਤਿਕ ਖ਼ੇਤਰ ਵਿਚ ਆਪਣਾ ਸਥਾਨ ਬਣਾਉਣ ਵਿਚ ਸਫ਼ਲ ਹੋਏ ਹਨ। ਮਿਹਨਤੀ, ਉਦਮੀ ਅਤੇ ਗਤੀਸ਼ੀਲ ਸੁਭਾਅ ਦੇ ਮਾਲਕ ਪੰਜਾਬੀਆਂ ਨੇ ਸਥਾਨਕ ਭਾਸ਼ਾਵਾਂ ਸਿੱਖਣ ਅਤੇ ਸਥਾਨਕ ਸਭਿਆਚਾਰ ਪ੍ਰਤੀ ਸਕਾਰਾਤਮਕ ਪਹੁੰਚ ਅਪਣਾਈ ਹੈ ਜਿਸ ਦੇ ਸਿੱਟੇ ਵੱੱਜੋਂ ਆਪਣੀ ਕਰਮ-ਭੂਮੀ ਵਿਖੇ ਇਹ ਆਪਣੀ ਪਛਾਣ ਕਾਇਮ ਕਰਨ ਵਿਚ ਸਫ਼ਲ ਹੋਏ ਹਨ। ਮਹਿਮਾਨ ਨਿਵਾਜੀ ਅਤੇ ਸਰਬੱਤ ਦੇ ਭਲੇ ਦੇ ਕਾਰਜਾਂ ਰਾਹੀਂ ਇਹਨਾਂ ਨੇ ਸਥਾਨਕ ਸਮਾਜ ਨਾਲ ਸਾਂਝ ਸਥਾਪਤ ਕੀਤੀ ਹੈ। ਵਿਕਾਸ ਵਿਚ ਨਿਰੰਤਰ ਅੱਗੇ ਵੱਧਣ ਦੀ ਇੱਛਾ ਰੱਖਣ ਵਾਲੇ ਸੂਝਵਾਨ ਪੰਜਾਬੀ ਉਸ ਸਮੇਂ ਉਦਾਸ ਹੋ ਜਾਂਦੇ ਹਨ ਜਦੋਂ ਇਹ ਆਪਣੀ ਅਗਲੀ ਪੀੜ੍ਹੀ ਨੂੰ ਆਪਣੇ ਧਰਮ ਅਤੇ ਭਾਸ਼ਾ ਤੋਂ ਦੂਰ ਹੋਇਆ ਦੇਖਦੇ ਹਨ। ਮਨ ਵਿਚ ਪੈਦਾ ਹੋਈ ਚਿੰਤਾ ਨੇ ਜਦੋਂ ਇਹਨਾਂ ਨੂੰ ਇਸ ਦਿਸ਼ਾ ਵੱਲ ਚਿੰਤਨ ਕਰਨ ਲਈ ਮਜਬੂਰ ਕੀਤਾ ਤਾਂ ਇਹ ਆਪਣੀ ਭਾਸ਼ਾਈ ਵਿਰਾਸਤ ਵੱਲ ਮੁੜਨ ਲਈ ਯਤਨਸ਼ੀਲ ਹੋਏ ਹਨ। ਚਿੰਤਨ ਦੀ ਇਸ ਪ੍ਰਕ੍ਰਿਆ ਦੁਆਰਾ ਹੀ ਇਹਨਾਂ ਨੇ ਪੰਜਾਬੀ ਭਾਈਚਾਰੇ ਨੂੰ ਚੇਤਨ ਕਰਨ ਦਾ ਉਪਰਾਲਾ ਅਰੰਭ ਕਰ ਦਿੱਤਾ ਹੈ ਜਿਸ ਦੇ ਸਿੱਟੇ ਵੱਜੋਂ ਗੋਸ਼ਟੀਆਂ ਅਤੇ ਸਭਾਵਾਂ ਦਾ ਆਗਾਜ਼ ਹੋਇਆ ਹੈ।

ਪੰਜਾਬੀ ਇਹ ਸਮਝਦੇ ਹਨ ਕਿ ਜਨਮ-ਭੂਮੀ ਅਤੇ ਕਰਮ-ਭੂਮੀ ਦੋਵਾਂ ਦਾ ਜੀਵਨ ਵਿਚ ਵਿਸ਼ੇਸ਼ ਸਥਾਨ ਹੁੰਦਾ ਹੈ। ਜਿਹੜੇ ਪੰਜਾਬੀ ਪੰਜਾਬ ਦੇ ਜੰਮਪਲ ਹਨ ਅਤੇ ਕੰਮ-ਕਾਜ ਦੀ ਭਾਲ ਵਿਚ ਦੂਰ-ਦੁਰਾਡੇ ਦੇਸ਼ਾਂ ਵਿਚ ਪ੍ਰਵਾਸ ਕਰ ਗਏ ਹਨ, ਹਮੇਸ਼ਾਂ ਆਪਣੀ ਮਾਤ-ਭਾਸ਼ਾ ਅਤੇ ਵਿਰਾਸਤ ਨਾਲ ਜੁੜੇ ਰਹਿਣਾ ਚਾਹੁੰਦੇ ਹਨ। ਪੰਜਾਬੀਆਂ ਦੀ ਵਿਰਾਸਤ ਉਹਨਾਂ ਨੂੰ ਪੀਰਾਂ-ਫ਼ਕੀਰਾਂ ਅਤੇ ਗੁਰੂ ਸਾਹਿਬਾਨ ਦੇ ਬਚਨਾਂ ਅਤੇ ਜੀਵਨਜਾਚ ਨਾਲ ਜੋੜਦੀ ਹੈ। ਇਸ ਦ੍ਰਿਸ਼ਟੀ ਤੋਂ ਧਰਮ ਅਤੇ ਭਾਸ਼ਾ ਦੋ ਅਜਿਹੇ ਸਾਧਨ ਹਨ ਜਿਹੜੇ ਵਿਰਾਸਤ, ਭਾਸ਼ਾ ਅਤੇ ਭਾਈਚਾਰੇ ਨਾਲ ਜੋੜਨ ਵਿਚ ਸਹਾਈ ਹੁੰਦੇ ਹਨ।

 

ਚਲਦਾ…

Comments

Related