ADVERTISEMENTs

ਪਟੇਲ ਪਰਿਵਾਰ ਵੱਲੋਂ ਸੇਂਟ ਜੋਸਫ਼ ਚਿਲਡਰਨ ਹਸਪਤਾਲ ਨੂੰ 3 ਮਿਲੀਅਨ ਡਾਲਰ ਦਾ ਵੱਡਾ ਦਾਨ

ਹਸਪਤਾਲ ਦੀ ਨਵੀਂ ਇਮਾਰਤ ਵਿੱਚ ਬਣੇਗਾ ‘ਹੀਲਿੰਗ ਗਾਰਡਨ’, ਪਟੇਲ ਪਰਿਵਾਰ ਦੇ ਨਾਮ ‘ਤੇ ਰੱਖਿਆ ਜਾਵੇਗਾ ਨਾਂ

 ਭਾਰਤੀ ਮੂਲ ਦੇ ਟੈਂਪਾ ਵਾਸੀ ਵਿਕ ਅਤੇ ਸਨੇਹਾ ਪਟੇਲ ਵੱਲੋਂ ਸੇਂਟ ਜੋਸਫ਼ ਚਿਲਡਰਨ ਹਸਪਤਾਲ (St. Joseph’s Children’s Hospital) ਨੂੰ 3 ਮਿਲੀਅਨ ਡਾਲਰ ਦਾ ਦਾਨ ਦਿੱਤਾ ਗਿਆ ਹੈ। ਇਹ ਦਾਨ ਹਸਪਤਾਲ ਦੀ ਨਵੀਂ ਬਣ ਰਹੀ ਪੀਡੀਆਟ੍ਰਿਕ ਇਮਾਰਤ ਵਿੱਚ ਬਣਨ ਵਾਲੇ ‘ਹੀਲਿੰਗ ਗਾਰਡਨ’ ਲਈ ਦਿੱਤਾ ਗਿਆ ਹੈ। ਇਹ ਗਾਰਡਨ 2030 ਵਿੱਚ ਚਿਲਡਰਨ ਹਸਪਤਾਲ ਦਾ ਕੇਂਦਰੀ ਹਿੱਸਾ ਹੋਵੇਗਾ।

ਹਸਪਤਾਲ ਦੇ ਬਿਆਨ ਅਨੁਸਾਰ, ਇਹ ਗਾਰਡਨ ਇੱਕ ਐਸਾ ਸਥਾਨ ਹੋਵੇਗਾ ਜਿੱਥੇ ਇਲਾਜ ਦੌਰਾਨ ਬੱਚੇ ਅਤੇ ਉਨ੍ਹਾਂ ਦੇ ਪਰਿਵਾਰ ਆਪਣੇ ਮਨ ਨੂੰ ਸ਼ਾਂਤ ਅਤੇ ਹਲਕਾ ਮਹਿਸੂਸ ਕਰ ਸਕਣਗੇ। ਇਹ ਥਾਂ ਉਨ੍ਹਾਂ ਲਈ ਇੱਕ ਉਮੀਦ ਅਤੇ ਹੌਸਲੇ ਦਾ ਪੈਗਾਮ ਹੋਵੇਗੀ।

ਪਟੇਲ ਜੋੜੇ ਨੇ ਕਿਹਾ ਕਿ ਇਹ ਜਾਣ ਕੇ ਉਨ੍ਹਾਂ ਨੂੰ ਮਾਣ ਮਹਿਸੂਸ ਹੁੰਦਾ ਹੈ ਕਿ ਉਨ੍ਹਾਂ ਦੇ ਆਪਣੇ ਇਲਾਕੇ ਵਿੱਚ ਇੱਕ ਅਜਿਹਾ ਹਸਪਤਾਲ ਹੈ ਜੋ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ’ਚ ਬੱਚਿਆਂ ਲਈ ਭਰੋਸੇਯੋਗ ਇਲਾਜ ਮੁਹੱਈਆ ਕਰਵਾ ਸਕਦਾ ਹੈ।

ਪਟੇਲ ਪਰਿਵਾਰ ਦੀ ਕੰਪਨੀ ਪਰਪਲ ਸਕੇਅਰ ਮੈਨੇਜਮੈਂਟ 2006 ਵਿੱਚ ਸਥਾਪਿਤ ਹੋਈ ਸੀ ਅਤੇ ਇਹ 245 ਤੋਂ ਵੱਧ ਫ੍ਰੈਂਚਾਈਜ਼ੀਜ਼ ਚਲਾਉਂਦੀ ਹੈ, ਜਿਸ ਵਿੱਚ 100 ਤੋਂ ਵੱਧ ਡੰਕਿਨ’ ਅਤੇ ਬਾਸਕਿਨ ਰੌਬਿਨਜ਼ ਦੀਆਂ ਦੁਕਾਨਾਂ ਸ਼ਾਮਲ ਹਨ। ਉਹ ਸਿਰਫ਼ ਕਾਰੋਬਾਰ ਨਹੀਂ, ਸਗੋਂ ਭਲਾਈ ਦੇ ਕੰਮਾਂ ਵਿੱਚ ਵੀ ਸਰਗਰਮ ਹਨ।

ਪਿਛਲੇ ਸਾਲ 2024 ਵਿੱਚ, ਪਟੇਲ ਪਰਿਵਾਰ ਨੇ ਸੇਂਟ ਜੋਸਫ਼ ਦੀ ਸਾਲਾਨਾ ਹੀਰੋਜ਼ ਬਾਲ ਦੀ ਅਗਵਾਈ ਕੀਤੀ ਸੀ, ਜਿਸ ਰਾਹੀਂ 1.45 ਮਿਲੀਅਨ ਡਾਲਰ ਇਕੱਠੇ ਕੀਤੇ ਗਏ ਸਨ ਜੋ ਕਿ ਹਸਪਤਾਲ ਦੇ ਪੀਡੀਆਟ੍ਰਿਕ ਇੰਟੈਂਸਿਵ ਕੇਅਰ ਯੂਨਿਟ ਲਈ ਵਰਤੇ ਗਏ।

ਕੇਟ ਸਾਵਾ, ਜੋ ਕਿ ਸੇਂਟ ਜੋਸਫ਼ ਚਿਲਡਰਨ ਹਸਪਤਾਲ ਫਾਊਂਡੇਸ਼ਨ ਦੀ ਪ੍ਰਧਾਨ ਹਨ, ਨੇ ਕਿਹਾ, “ਜਦੋਂ ਤੋਂ ਪਟੇਲ ਪਰਿਵਾਰ ਸਾਡੇ ਨਾਲ ਜੁੜਿਆ ਹੈ, ਉਹ ਹਮੇਸ਼ਾਂ ਦਿਲੋਂ ਹਸਪਤਾਲ ਦੀ ਮਦਦ ਕਰਦੇ ਆਏ ਹਨ। ਉਨ੍ਹਾਂ ਦੀ ਇਸ ਯੋਗਦਾਨ ਰਾਹੀਂ ਅਸੀਂ ਇੱਕ ਅਜਿਹੀ ਥਾਂ ਤਿਆਰ ਕਰ ਸਕਾਂਗੇ ਜੋ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਖੁਸ਼ੀ, ਆਸ ਅਤੇ ਸ਼ਾਂਤੀ ਦਾ ਸਰੋਤ ਬਣੇਗੀ।”

ਹੀਲਿੰਗ ਗਾਰਡਨ ਬੇਅਕੇਅਰ ਸਿਹਤ ਪ੍ਰਣਾਲੀ ਦੀ ਉਸ ਯੋਜਨਾ ਦਾ ਹਿੱਸਾ ਹੈ ਜਿਸ ਰਾਹੀਂ ਉਹ ਸੇਂਟ ਜੋਸਫ਼ ਨੂੰ ਪੂਰੇ ਦੇਸ਼ ਵਿੱਚ ਬੱਚਿਆਂ ਦੀ ਦੇਖਭਾਲ ਲਈ ਇਕ ਮਾਡਲ ਸਥਾਪਿਤ ਕਰਨਾ ਚਾਹੁੰਦੇ ਹਨ। ਨਵੀਂ ਇਮਾਰਤ ਵਿੱਚ ਹੋਰ ਖਾਸ ਇਲਾਜਾਂ, ਰਿਸਰਚ ਅਤੇ ਬੱਚਿਆਂ ਲਈ ਸੁਵਿਧਾਵਾਂ ਹੋਣਗੀਆਂ ਜੋ ਟੈਂਪਾ ਖੇਤਰ ਦੀ ਵੱਧ ਰਹੀ ਲੋੜ ਨੂੰ ਪੂਰਾ ਕਰਨਗੀਆਂ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video