ਅਮਰੀਕਾ ਵਿੱਚ ਹਵਾਈ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਚੰਗੀ ਖ਼ਬਰ ਹੈ। ਅਮਰੀਕੀ ਹੋਮਲੈਂਡ ਸਿਕਿਓਰਿਟੀ ਵਿਭਾਗ ਨੇ ਏਅਰਪੋਰਟਾਂ 'ਤੇ ਸੁਰੱਖਿਆ ਜਾਂਚ ਨੂੰ ਲੈ ਕੇ ਇਕ ਵੱਡਾ ਬਦਲਾਅ ਕੀਤਾ ਹੈ। ਹੁਣ ਯਾਤਰੀਆਂ ਨੂੰ ਸੁਰੱਖਿਆ ਜਾਂਚ ਦੌਰਾਨ ਆਪਣੇ ਜੁੱਤੇ ਨਹੀਂ ਉਤਾਰਨੇ ਪੈਣਗੇ।
ਅਮਰੀਕਾ ਦੀ ਗ੍ਰਹਿ ਸੁਰੱਖਿਆ ਸਕੱਤਰ ਕ੍ਰਿਸਟੀ ਨੋਏਮ ਨੇ ਮੰਗਲਵਾਰ, 8 ਜੁਲਾਈ ਨੂੰ ਇਸ ਦੀ ਘੋਸ਼ਣਾ ਕੀਤੀ। ਨੋਏਮ ਨੇ ਕਿਹਾ ਕਿ, “ਮੈਨੂੰ ਲੱਗਦਾ ਹੈ ਕਿ ਜ਼ਿਆਦਾਤਰ ਅਮਰੀਕੀ ਇਹ ਸੁਣ ਕੇ ਬਹੁਤ ਖੁਸ਼ ਹੋਣਗੇ ਕਿ ਹੁਣ ਉਹ ਆਪਣੇ ਜੁੱਤੇ ਪਹਿਨੇ ਹੋਏ ਹੀ ਜਾਂਚ ਕਰਵਾ ਸਕਣਗੇ ਅਤੇ ਇਹ ਜ਼ਿਆਦਾ ਸੁਵਿਧਾਜਨਕ ਪ੍ਰਕਿਰਿਆ ਹੋਵੇਗੀ।” ਉਨ੍ਹਾਂ ਦੱਸਿਆ ਕਿ ਇਸ ਨਿਯਮ ਨੂੰ ਜ਼ਰੂਰੀ ਪ੍ਰਕਿਰਿਆ ਤੋਂ ਹਟਾਇਆ ਜਾ ਰਿਹਾ ਹੈ। ਹਾਲਾਂਕਿ, ਉਨ੍ਹਾਂ ਅੱਗੇ ਕਿਹਾ ਕਿ ਜੇਕਰ ਵਾਧੂ ਜਾਂਚ ਦੀ ਲੋੜ ਮਹਿਸੂਸ ਕੀਤੀ ਜਾਵੇ, ਤਾਂ ਯਾਤਰੀਆਂ ਨੂੰ ਜੁੱਤੇ ਉਤਾਰਨ ਲਈ ਕਿਹਾ ਜਾ ਸਕਦਾ ਹੈ।
ਦੱਸ ਦਈਏ ਕਿ ਅਮਰੀਕੀ ਟਰਾਂਸਪੋਰਟ ਸੁਰੱਖਿਆ ਪ੍ਰਸ਼ਾਸਨ (TSA) ਨੇ ਲਗਭਗ ਦੋ ਦਹਾਕਿਆਂ ਤੋਂ ਸੁਰੱਖਿਆ ਜਾਂਚ ਦੌਰਾਨ ਅਮਰੀਕੀ ਯਾਤਰੀਆਂ ਲਈ ਜੁੱਤੇ ਉਤਾਰਨਾ ਲਾਜ਼ਮੀ ਬਣਾਇਆ ਹੋਇਆ ਸੀ।
ਇਹ ਨਵੀਂ ਨੀਤੀ ਮੰਗਲਵਾਰ ਤੋਂ ਦੇਸ਼ ਭਰ ਵਿੱਚ ਲਾਗੂ ਹੋ ਗਈ ਹੈ ਅਤੇ ਉਹ ਹਵਾਈ ਅੱਡੇ ਜਿੱਥੇ ਪਹਿਲਾਂ ਹੀ ਜੁੱਤੇ ਉਤਾਰਨ ਦੀ ਲਾਜ਼ਮੀ ਸ਼ਰਤ ਹਟਾਈ ਜਾ ਚੁੱਕੀ ਸੀ, ਉਨ੍ਹਾਂ ਵਿੱਚ ਬਾਲਟੀਮੋਰ, ਫੋਰਟ ਲਾਡਰਡੇਲ ਅਤੇ ਪੋਰਟਲੈਂਡ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਸ਼ਾਮਲ ਹਨ।
ਟੀ.ਐਸ.ਏ. ਨੇ ਅਗਸਤ 2006 ਵਿੱਚ ਇਹ ਨੀਤੀ ਲਾਗੂ ਕੀਤੀ ਸੀ, ਜਿਸ ਅਧੀਨ ਯਾਤਰੀਆਂ ਨੂੰ ਵਿਸਫੋਟਕ ਪਦਾਰਥਾਂ ਦੀ ਜਾਂਚ ਲਈ ਆਪਣੇ ਜੁੱਤੇ ਉਤਾਰਨੇ ਪੈਂਦੇ ਸਨ। ਇਹ ਫੈਸਲਾ 9/11 ਦੇ ਘਾਤਕ ਹਮਲਿਆਂ ਦੇ ਲਗਭਗ 5 ਸਾਲ ਬਾਅਦ ਲਿਆ ਗਿਆ ਸੀ, ਜਦੋਂ ਇਕ ਬ੍ਰਿਟਿਸ਼ ਨਾਗਰਿਕ 'ਰਿਚਰਡ ਰੀਡ' ਨੇ ਪੈਰਿਸ ਤੋਂ ਮਿਆਮੀ ਜਾ ਰਹੀ ਉਡਾਣ ਵਿੱਚ ਆਪਣੇ ਇੱਕ ਜੁੱਤੇ ਵਿੱਚ ਬੰਬ ਲੁਕਾ ਲਿਆ ਸੀ।
ਇਸ ਨੀਤੀ ਅਨੁਸਾਰ, 12 ਤੋਂ 75 ਸਾਲ ਦੀ ਉਮਰ ਦੇ ਯਾਤਰੀਆਂ ਨੂੰ ਆਪਣੇ ਜੁੱਤੇ ਉਤਾਰਨੇ ਪੈਂਦੇ ਸਨ, ਜਿਨ੍ਹਾਂ ਦੀ ਜਾਂਚ ਉਨ੍ਹਾਂ ਦੇ ਬੈਗਾਂ ਅਤੇ ਹੋਰ ਚੀਜ਼ਾਂ ਦੇ ਨਾਲ ਕੀਤੀ ਜਾਂਦੀ ਸੀ।
ਹੋਮਲੈਂਡ ਸਿਕਿਉਰਿਟੀ ਸਕੱਤਰ ਕ੍ਰਿਸਟੀ ਨੋਏਮ ਨੇ ਕਿਹਾ ਕਿ ਟੀ.ਐਸ.ਏ. ਹੋਰ ਨਿਯਮਾਂ ਅਤੇ ਪ੍ਰਕਿਰਿਆਵਾਂ ਦੀ ਸਮੀਖਿਆ ਕਰਨ ਦੀ ਯੋਜਨਾ ਬਣਾ ਰਿਹਾ ਹੈ, ਤਾਂ ਜੋ ਵੇਖਿਆ ਜਾ ਸਕੇ ਕਿ ਏਅਰਪੋਰਟ 'ਤੇ ਸਕ੍ਰੀਨਿੰਗ ਪ੍ਰਕਿਰਿਆ ਨੂੰ ਕਿਵੇਂ ਹੋਰ ਅਸਾਨ ਅਤੇ ਤੇਜ਼ ਬਣਾਇਆ ਜਾ ਸਕਦਾ ਹੈ।
ਏਜੰਸੀ ਫੌਜੀ ਕਰਮਚਾਰੀਆਂ ਅਤੇ ਛੋਟੇ ਬੱਚਿਆਂ ਵਾਲੇ ਪਰਿਵਾਰਾਂ ਲਈ ਵੱਖਰੀ ਲਾਈਨ ਦੀ ਪਾਇਲਟ ਟੈਸਟਿੰਗ ਕਰ ਰਹੀ ਹੈ ਅਤੇ ਅਗਲੇ 6 ਤੋਂ 8 ਮਹੀਨਿਆਂ ਵਿੱਚ ਹੋਰ ਤਬਦੀਲੀਆਂ 'ਤੇ ਕੰਮ ਹੋਣ ਦੀ ਉਮੀਦ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login