ADVERTISEMENT

ADVERTISEMENT

ਨਿਊਯਾਰਕ ਸਟੇਟ ਕੰਪਟਰੋਲਰ ਦੇ ਉਮੀਦਵਾਰ ਨੇ ਦਿਲਜੀਤ ਦੋਸਾਂਝ ਦੇ ਕੰਸਰਟ 'ਚ ਕੀਤਾ ਚੋਣ ਪ੍ਰਚਾਰ

ਮੈਡੀਸਨ ਸਕੁਏਅਰ ਗਾਰਡਨ ਪਹੁੰਚੇ ਲੋਕਾਂ ਨਾਲ ਕੀਤੀ ਮੁਲਾਕਾਤ

  ਰਾਜ ਗੋਇਲ  ਰਾਜ ਗੋਇਲ / image provided

ਭਾਰਤੀ-ਅਮਰੀਕੀ ਵਕੀਲ ਅਤੇ ਨਿਊਯਾਰਕ ਸਟੇਟ ਦੇ ਅਗਲੇ 'ਸਟੇਟ ਕੰਪਟਰੋਲਰ' ਦੇ ਅਹੁਦੇ ਲਈ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਰਾਜ ਗੋਇਲ ਨੇ ਨਿਊਯਾਰਕ ਸਿਟੀ ਵਿੱਚ ਚੋਣ ਪ੍ਰਚਾਰ ਦੀ ਕਮਾਨ ਸੰਭਾਲੀ ਹੈ। ਇਸੇ ਤਹਿਤ ਉਹ ਪੰਜਾਬੀ ਪੌਪ ਸਟਾਰ ਦਿਲਜੀਤ ਦੋਸਾਂਝ ਦੇ ਮਿਊਜ਼ਿਕ ਕੰਸਰਟ ਲਈ ਮੈਡੀਸਨ ਸਕੁਏਅਰ ਗਾਰਡਨ ਪਹੁੰਚੇ ਹਜ਼ਾਰਾਂ ਲੋਕਾਂ ਨਾਲ ਰੂ-ਬੂ-ਰੂ ਹੋਏ। ਦਿਲਜੀਤ ਦੋਸਾਂਝ ਨੇ ਹਾਲ ਹੀ ਵਿੱਚ ਆਪਣੇ 'ਔਰਾ ਵਰਲਡ ਟੂਰ 2026' ਦੇ ਤਹਿਤ ਵੱਕਾਰੀ ਮੈਡੀਸਨ ਸਕੁਏਅਰ ਗਾਰਡਨ ਵਿੱਚ ਸ਼ਾਨਦਾਰ ਪੇਸ਼ਕਾਰੀ ਦਿੱਤੀ ਹੈ, ਜਿਸ ਨੇ ਵਿਸ਼ਵ ਪੱਧਰ 'ਤੇ ਪੰਜਾਬੀ ਸੰਗੀਤ ਦੇ ਸਭ ਤੋਂ ਵੱਡੇ ਸਿਤਾਰਿਆਂ ਵਿੱਚੋਂ ਇੱਕ ਵਜੋਂ ਉਨ੍ਹਾਂ ਦੇ ਰੁਤਬੇ ਨੂੰ ਹੋਰ ਮਜ਼ਬੂਤ ​​ਕੀਤਾ ਹੈ।

24 ਅਤੇ 25 ਮਈ ਨੂੰ ਲਗਾਤਾਰ ਹੋਏ ਇਨ੍ਹਾਂ ਦੋਵਾਂ ਕੰਸਰਟਾਂ ਵਿੱਚ ਭਾਰੀ ਭੀੜ ਉਮੜੀ, ਜਿੱਥੇ ਪ੍ਰਸ਼ੰਸਕਾਂ ਨੇ ਦਿਲਜੀਤ ਦੀ ਊਰਜਾ ਨਾਲ ਭਰਪੂਰ ਪੇਸ਼ਕਾਰੀ, ਪੰਜਾਬੀ ਸੰਗੀਤ ਅਤੇ ਵੱਖ-ਵੱਖ ਸੱਭਿਆਚਾਰਾਂ ਨੂੰ ਜੋੜਨ ਵਾਲੀ ਕਲਾ ਦਾ ਭਰਪੂਰ ਆਨੰਦ ਲਿਆ। ਮੈਡੀਸਨ ਸਕੁਏਅਰ ਗਾਰਡਨ ਵਿੱਚ ਦਿਲਜੀਤ ਦੋਸਾਂਝ ਦਾ ਇਹ ਸ਼ੋਅ ਉਨ੍ਹਾਂ ਦੇ ਅੰਤਰਰਾਸ਼ਟਰੀ ਕਰੀਅਰ ਵਿੱਚ ਇੱਕ ਹੋਰ ਮੀਲ ਪੱਥਰ ਸਾਬਤ ਹੋਇਆ ਹੈ, ਜੋ ਆਲਮੀ ਮੰਚਾਂ 'ਤੇ ਪੰਜਾਬੀ ਸੰਗੀਤ ਅਤੇ ਭਾਰਤੀ ਕਲਾਕਾਰਾਂ ਦੀ ਵਧਦੀ ਪ੍ਰਸਿੱਧੀ ਨੂੰ ਦਰਸਾਉਂਦਾ ਹੈ।

ਰਾਜ ਗੋਇਲ ਨੇ ਕੰਸਰਟ ਵਿੱਚ ਆਏ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਭਾਰਤੀ ਗਾਇਕ ਦੀ ਇਸ ਵੱਡੀ ਪ੍ਰਾਪਤੀ ਦੀ ਸ਼ਲਾਘਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਨਿਊਯਾਰਕ ਸ਼ਹਿਰ ਦੇ ਭਾਰਤੀ ਮੂਲ ਦੇ ਨਵੇਂ ਮੇਅਰ ਜ਼ੋਹਰਾਨ ਮਮਦਾਨੀ ਦੀਆਂ ਪ੍ਰਾਪਤੀਆਂ ਨੂੰ ਵੀ ਉਭਾਰਿਆ। ਇਸ ਇਤਿਹਾਸਕ ਸ਼ੋਅ ਬਾਰੇ ਗੱਲ ਕਰਦਿਆਂ ਰਾਜ ਗੋਇਲ ਨੇ ਕਿਹਾ, “ਮੇਰੇ ਪਿੱਛੇ ਇਸ ਗਾਰਡਨ ਵਿੱਚ, ਦਿਲਜੀਤ ਲਗਾਤਾਰ ਦੋ ਰਾਤਾਂ ਤੱਕ ਗਾਰਡਨ ਦੇ ਸਾਰੇ ਟਿਕਟਾਂ ਵੇਚ ਰਹੇ ਹਨ। ਮੇਰੇ ਲਈ ਇਹ ਅਕਲਪਿਤ ਹੈ। ਜਦੋਂ ਮੈਂ ਵੱਡਾ ਹੋ ਰਿਹਾ ਸੀ, ਉਦੋਂ ਇਹ ਸੋਚਣਾ ਵੀ ਮੁਸ਼ਕਲ ਸੀ ਕਿ ਇੱਕ ਦਸਤਾਰਧਾਰੀ ਪੰਜਾਬੀ ਸਿੱਖ ਲਗਾਤਾਰ ਦੋ ਰਾਤਾਂ ਤੱਕ ਗਾਰਡਨ ਦੀਆਂ ਸਾਰੀਆਂ—ਯਾਨੀ 50,000 ਟਿਕਟਾਂ ਵੇਚ ਸਕਦਾ ਹੈ। ਪਰ ਇਹ ਸੱਚ ਹੈ ਅਤੇ ਇਹੀ ਨਿਊਯਾਰਕ ਦੀ ਖ਼ੂਬਸੂਰਤੀ ਹੈ। ਸ਼ਹਿਰ ਵਿੱਚ ਇਹ ਇੱਕ ਸ਼ਾਨਦਾਰ ਰਾਤ ਹੈ।”

ਇਸ ਤੋਂ ਬਾਅਦ ਗੋਇਲ ਨੇ ਉੱਥੇ ਮੌਜੂਦ ਲੋਕਾਂ ਤੋਂ ਸ਼ਹਿਰ ਦੇ ਪਹਿਲੇ ਦੱਖਣੀ ਏਸ਼ੀਆਈ ਮੇਅਰ, ਜ਼ੋਹਰਾਨ ਮਮਦਾਨੀ ਬਾਰੇ ਪੁੱਛਿਆ। ਲੋਕਾਂ ਨੇ ਮੇਅਰ ਮਮਦਾਨੀ ਦੇ ਕੰਮ ਦੀ ਸ਼ਲਾਘਾ ਕੀਤੀ ਅਤੇ ਅਮਰੀਕੀ ਰਾਜਨੀਤੀ ਵਿੱਚ ਉਨ੍ਹਾਂ ਦੀ ਨੁਮਾਇੰਦਗੀ ਦੇ ਮਹੱਤਵ 'ਤੇ ਜ਼ੋਰ ਦਿੱਤਾ। ਰਾਜ ਗੋਇਲ ਨੇ ਅੱਗੇ ਕਿਹਾ, "ਕੀ ਹੋਵੇਗਾ ਜੇਕਰ ਅਸੀਂ ਰਾਜ ਪੱਧਰ 'ਤੇ ਪਹਿਲੇ ਦੱਖਣੀ ਏਸ਼ੀਆਈ ਵਿਅਕਤੀ ਨੂੰ ਚੁਣੀਏ? ਅਤੇ ਤੁਸੀਂ ਇਸ ਵੇਲੇ ਉਸੇ ਉਮੀਦਵਾਰ ਨੂੰ ਦੇਖ ਰਹੇ ਹੋ। ਮੈਂ ਨਿਊਯਾਰਕ ਸਟੇਟ ਕੰਪਟਰੋਲਰ ਦੇ ਅਹੁਦੇ ਲਈ ਚੋਣ ਲੜ ਰਿਹਾ ਹਾਂ।"

ਇਸ ਅਹੁਦੇ ਦੀ ਅਹਿਮੀਅਤ ਨੂੰ ਰੇਖਾਂਕਿਤ ਕਰਦਿਆਂ ਗੋਇਲ ਨੇ ਸਮਝਾਇਆ ਕਿ ਕੰਪਟਰੋਲਰ ਦਫ਼ਤਰ ਕੋਲ ਬਿਜਲੀ ਦੇ ਬਿੱਲ ਘੱਟ ਕਰਨ, ਨੌਜਵਾਨਾਂ ਨੂੰ ਏ.ਆਈ. (AI) ਸੰਕਟ ਨਾਲ ਨਜਿੱਠਣ ਵਿੱਚ ਮਦਦ ਕਰਨ ਅਤੇ ਮਹਿੰਗਾਈ ਦੀ ਮਾਰ ਤੋਂ ਬਚਾਉਣ ਦੀ ਵੱਡੀ ਸ਼ਕਤੀ ਹੁੰਦੀ ਹੈ। ਗੋਇਲ ਨੇ ਆਉਣ ਵਾਲੀਆਂ ਚੋਣਾਂ ਨੂੰ ਮੌਜੂਦਾ ਕੰਪਟਰੋਲਰ ਥਾਮਸ ਡਿਨਾਪੋਲੀ ਨੂੰ ਅਹੁਦੇ ਤੋਂ ਹਟਾਉਣ ਦੇ ਇੱਕ ਵਧੀਆ ਮੌਕੇ ਵਜੋਂ ਦੇਖਿਆ।

ਜ਼ਿਕਰਯੋਗ ਹੈ ਕਿ ਰਾਜ ਗੋਇਲ ਇਸ ਤੋਂ ਪਹਿਲਾਂ 2007 ਤੋਂ 2011 ਤੱਕ ਕੰਸਾਸ ਹਾਊਸ ਆਫ਼ ਰਿਪ੍ਰੈਜ਼ੈਂਟੇਟਿਵ ਵਿੱਚ ਸੇਵਾ ਨਿਭਾਅ ਚੁੱਕੇ ਹਨ, ਜਿੱਥੇ ਉਹ ਚੁਣੇ ਗਏ ਸਭ ਤੋਂ ਨੌਜਵਾਨ ਮੈਂਬਰਾਂ ਵਿੱਚੋਂ ਇੱਕ ਸਨ। ਉਹ 'ਇੰਡੀਅਨ ਅਮੈਰੀਕਨ ਇਮਪੈਕਟ' ਦੇ ਸਹਿ-ਸੰਸਥਾਪਕ ਵੀ ਹਨ, ਜੋ ਅਮਰੀਕਾ ਵਿੱਚ ਭਾਰਤੀ-ਅਮਰੀਕੀ ਭਾਈਚਾਰੇ ਦੀ ਰਾਜਨੀਤਿਕ ਨੁਮਾਇੰਦਗੀ ਵਧਾਉਣ ਲਈ ਕੰਮ ਕਰਨ ਵਾਲੀ ਇੱਕ ਪ੍ਰਮੁੱਖ ਸੰਸਥਾ ਹੈ।

ਨਿਊਯਾਰਕ ਸਟੇਟ ਦੇ ਮੁੱਖ ਵਿੱਤੀ ਅਧਿਕਾਰੀ ਵਜੋਂ, ਉਹ ਨਿਊਯਾਰਕ ਦੀ ਵਿਗੜ ਰਹੀ ਵਿੱਤੀ ਪ੍ਰਣਾਲੀ ਨੂੰ ਸੁਧਾਰਨਾ ਚਾਹੁੰਦੇ ਹਨ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਸਭ ਤੋਂ ਪਹਿਲੀ ਤਰਜੀਹ ਸਟੇਟ ਦੇ ਫੰਡਾਂ ਨੂੰ ਅਮਰੀਕਾ ਦੇ ਦੂਜੇ ਰਾਜਾਂ ਜਾਂ ਵਿਦੇਸ਼ਾਂ ਵਿੱਚ ਨਿਵੇਸ਼ ਕਰਨ ਦੀ ਬਜਾਏ ਖ਼ੁਦ ਨਿਊਯਾਰਕ ਦੇ ਅੰਦਰ ਹੀ ਨਿਵੇਸ਼ ਕਰਨਾ ਹੋਵੇਗੀ।

Comments

Related