ADVERTISEMENT

ADVERTISEMENT

ਭਾਰਤ-ਅਮਰੀਕਾ ਦਰਮਿਆਨ ਵਪਾਰਕ ਗੱਲਬਾਤ ਅਗਲੇ ਪੜਾਅ 'ਤੇ: ਮੰਤਰੀ ਪਿਯੂਸ਼ ਗੋਇਲ

ਭਾਰਤ-ਅਮਰੀਕਾ ਦਰਮਿਆਨ ਵਪਾਰਕ ਗੱਲਬਾਤ ਅਗਲੇ ਪੜਾਅ 'ਤੇ: ਮੰਤਰੀ ਪਿਯੂਸ਼ ਗੋਇਲ / X/@PiyushGoyal

ਵਪਾਰ ਅਤੇ ਉਦਯੋਗ ਮੰਤਰੀ ਪਿਯੂਸ਼ ਗੋਇਲ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਅਤੇ ਅਮਰੀਕਾ ਦਰਮਿਆਨ ਦੋ-ਪੱਖੀ ਵਪਾਰ ਸਮਝੌਤੇ ਲਈ ਗੱਲਬਾਤ ਅਗਲੇ ਪੜਾਅ ਵਿੱਚ ਪਹੁੰਚ ਚੁੱਕੀ ਹੈ। ਗੋਇਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਭਾਰਤ ਪਹਿਲਾਂ ਹੀ ‘ਫਾਈਵ ਆਈਜ਼’ (Five Eyes) ਖੁਫੀਆ ਗਠਜੋੜ ਦੇ ਤਿੰਨ ਮੈਂਬਰ ਦੇਸ਼ਾਂ — ਆਸਟ੍ਰੇਲੀਆ, ਬ੍ਰਿਟੇਨ ਅਤੇ ਨਿਊਜ਼ੀਲੈਂਡ — ਨਾਲ ਮੁਫ਼ਤ ਵਪਾਰ ਸਮਝੌਤੇ ਤੈਅ ਕਰ ਚੁੱਕਾ ਹੈ। ਇਸ ਗਠਜੋੜ ਦੇ ਹੋਰ ਦੋ ਮੈਂਬਰ ਅਮਰੀਕਾ ਅਤੇ ਕੈਨੇਡਾ ਹਨ।

ਮੰਤਰੀ ਨੇ ਕਿਹਾ ਕਿ ਭਾਰਤ ਕੈਨੇਡਾ ਨਾਲ ਵੀ ਦੋ-ਪੱਖੀ ਵਪਾਰ ਸਮਝੌਤੇ ਲਈ ਮੁੜ ਗੱਲਬਾਤ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਹੈ। ਉਨ੍ਹਾਂ ਕਿਹਾ, “ਅਸੀਂ ਜਲਦੀ ਹੀ ਕੈਨੇਡਾ ਨਾਲ ਟਰਮਜ਼ ਆਫ਼ ਰੈਫ਼ਰੈਂਸ (ToR) ’ਤੇ ਚਰਚਾ ਸ਼ੁਰੂ ਕਰਨ ਜਾ ਰਹੇ ਹਾਂ।” ਉਨ੍ਹਾਂ ਨੇ ਅੱਗੇ ਕਿ “ਇਹ ਜੀਓਪੋਲਿਟਿਕਸ ਵਿਚ ਭਾਰਤ ਦੀ ਵਧ ਰਹੀ ਰਣਨੀਤਿਕ ਮਹੱਤਤਾ ਨੂੰ ਦਰਸਾਉਂਦਾ ਹੈ।”

ਮੰਤਰੀ ਗੋਇਲ ਦਾ ਬਿਆਨ ਇਸ ਕਰਕੇ ਆਇਆ ਹੈ ਕਿਉਂਕਿ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਦਿੱਲੀ ਵਿੱਚ ਭਾਰਤੀ ਅਧਿਕਾਰੀਆਂ ਅਤੇ ਅਮਰੀਕੀ ਵਫ਼ਦ ਦਰਮਿਆਨ ਗੱਲਬਾਤ ਹੋਈ ਸੀ, ਜਿਸ ਦੀ ਅਗਵਾਈ ਅਮਰੀਕਾ ਦੇ ਡਿਪਟੀ ਟਰੇਡ ਰਿਪ੍ਰੀਜ਼ੈਂਟੇਟਿਵ ਰਿਕ ਸਵਿਟਜ਼ਰ ਕਰ ਰਹੇ ਸਨ।

ਵਪਾਰ ਸਕੱਤਰ ਰਾਜੇਸ਼ ਅਗਰਵਾਲ ਨੇ ਪਹਿਲਾਂ ਕਿਹਾ ਸੀ ਕਿ ਭਾਰਤ ਅਤੇ ਅਮਰੀਕਾ ਆਪਸੀ ਟੈਰਿਫ਼ ਘਟਾਉਣ ਲਈ ਇੱਕ ਸ਼ੁਰੂਆਤੀ ਢਾਂਚਾਗਤ ਸਮਝੌਤਾ ਤੈਅ ਕਰਨ ਦੇ ਬਹੁਤ ਨੇੜੇ ਹਨ। 15 ਦਸੰਬਰ ਨੂੰ ਹੋਈ ਪ੍ਰੈਸ ਕਾਨਫ਼ਰੰਸ ਦੌਰਾਨ ਅਗਰਵਾਲ ਨੇ ਕਿਹਾ, “ਅਸੀਂ ਸ਼ੁਰੂਆਤੀ ਢਾਂਚਾਗਤ ਸਮਝੌਤਾ ਪੂਰਾ ਕਰਨ ਦੇ ਬਹੁਤ ਨੇੜੇ ਹਾਂ, ਪਰ ਮੈਂ ਇਸ ਲਈ ਕੋਈ ਸਮਾਂ-ਸੀਮਾ ਨਹੀਂ ਦੇਣਾ ਚਾਹੁੰਦਾ।” ਉਨ੍ਹਾਂ ਦੱਸਿਆ ਕਿ ਭਾਰਤ ਅਤੇ ਅਮਰੀਕਾ ਦਰਮਿਆਨ ਛੇ ਦੌਰਾਂ ਦੀ ਗੱਲਬਾਤ ਹੋ ਚੁੱਕੀ ਹੈ, ਜਿਸ ਵਿੱਚ ਦੋ-ਪੱਖੀ ਵਪਾਰ ਸਮਝੌਤਾ (BTA) ਅਤੇ ਆਪਸੀ ਟੈਰਿਫ਼ ਘਟਾਉਣ ਲਈ ਇੱਕ ਅੰਤਰਿਮ ਪ੍ਰਬੰਧ ਵੀ ਸ਼ਾਮਲ ਹੈ। ਅਗਰਵਾਲ ਨੇ ਕਿਹਾ ਕਿ ਇਹ ਉਮੀਦ ਵਾਜਬ ਹੈ ਕਿ ਦੋਵੇਂ ਦੇਸ਼ ਭਾਰਤੀ ਨਿਰਯਾਤਾਂ ’ਤੇ ਲੱਗੇ ਉੱਚ ਟੈਰਿਫ਼ ਘਟਾਉਣ ਲਈ ਇੱਕ ਅੰਤਰਿਮ ਸਮਝੌਤੇ ’ਤੇ ਪਹੁੰਚਣਗੇ।

ਮੰਤਰੀ ਗੋਇਲ ਨੇ ਪਹਿਲਾਂ ਵੀ ਕਿਹਾ ਸੀ ਕਿ ਭਾਰਤੀ ਅਤੇ ਅਮਰੀਕੀ ਅਧਿਕਾਰੀਆਂ ਦਰਮਿਆਨ ਚੱਲ ਰਹੀਆਂ ਵਪਾਰ ਗੱਲਬਾਤਾਂ ਚੰਗੀ ਤਰ੍ਹਾਂ ਅੱਗੇ ਵੱਧ ਰਹੀਆਂ ਹਨ, ਪਰ ਨਾਲ ਹੀ ਉਨ੍ਹਾਂ ਨੇ ਕਿਸੇ ਵੀ ਸਮਝੌਤੇ ਲਈ ਅੰਤਿਮ ਮਿਆਦ ਨਿਰਧਾਰਤ ਕਰਨ ਤੋਂ ਇਨਕਾਰ ਕੀਤਾ ਸੀ। ਅਮਰੀਕਾ ਦੇ ਡਿਪਟੀ ਟਰੇਡ ਰਿਪ੍ਰੀਜ਼ੈਂਟੇਟਿਵ ਰਿਕ ਸਵਿਟਜ਼ਰ ਦੀ ਦਿੱਲੀ ਵਿੱਚ ਦੋ ਦਿਨਾਂ ਦੀ ਯਾਤਰਾ ’ਤੇ ਟਿੱਪਣੀ ਕਰਦੇ ਹੋਏ ਗੋਇਲ ਨੇ ਕਿਹਾ, “ਸਾਡੀਆਂ ਬਹੁਤ ਹੀ ਗੰਭੀਰ ਅਤੇ ਮੱਤਵਪੂਰਨ ਚਰਚਾਵਾਂ ਹੋਈਆਂ ਹਨ। ਪਰ ਮੈਂ ਸਪਸ਼ਟ ਕਿਹਾ ਹੈ ਕਿ ਸਮਝੌਤਾ ਤਦ ਹੀ ਪੂਰਾ ਮੰਨਿਆ ਜਾਂਦਾ ਹੈ ਜਦੋਂ ਦੋਵੇਂ ਪੱਖਾਂ ਨੂੰ ਲਾਭ ਮਿਲੇ। ਸਮਾਂ-ਸੀਮਾ ਦੇ ਦਬਾਅ ਹੇਠ ਗੱਲਬਾਤ ਕਰਨ ਨਾਲ ਅਕਸਰ ਗਲਤੀਆਂ ਹੋ ਜਾਂਦੀਆਂ ਹਨ।”

ਅਗਰਵਾਲ ਨੇ ਦੱਸਿਆ ਕਿ ਦੋਵੇਂ ਪੱਖਾਂ ਨੇ ਭਾਰਤ-ਅਮਰੀਕਾ ਵਪਾਰ ਅਤੇ ਆਰਥਿਕ ਸੰਬੰਧਾਂ ਨਾਲ ਜੁੜੇ ਮਸਲਿਆਂ ’ਤੇ ਵਿਚਾਰ-ਵਟਾਂਦਰਾ ਕੀਤਾ, ਜਿਸ ਵਿੱਚ ਆਪਸੀ ਲਾਭਦਾਇਕ ਦੋ-ਪੱਖੀ ਵਪਾਰ ਸਮਝੌਤੇ ਲਈ ਚੱਲ ਰਹੀਆਂ ਗੱਲਬਾਤਾਂ ਵੀ ਸ਼ਾਮਲ ਹਨ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲ ਹੀ ਵਿੱਚ ਵਾਈਟ ਹਾਊਸ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਗੱਲਬਾਤ “ਬਹੁਤ ਚੰਗੀ ਤਰ੍ਹਾਂ ਚੱਲ ਰਹੀ ਹੈ।” ਉਨ੍ਹਾਂ ਸੰਕੇਤ ਦਿੱਤਾ ਕਿ ਉਹ ਭਾਰਤ 'ਤੇ ਲਗਾਏ ਗਏ ਟੈਰਿਫ ਨੂੰ ਘਟਾਉਣ ਦੀ ਯੋਜਨਾ ਬਣਾ ਰਹੇ ਹਨ ਅਤੇ ਅਗਲੇ ਸਾਲ ਉਹ ਦਿੱਲੀ ਦਾ ਦੌਰਾ ਵੀ ਕਰ ਸਕਦੇ ਹਨ।

ਭਾਰਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਕਿਸੇ ਵੀ ਵਪਾਰਕ ਸੌਦੇ ਵਿੱਚ ਕਿਸਾਨਾਂ, ਡੇਅਰੀ ਖੇਤਰ ਅਤੇ ਮਜ਼ਦੂਰਾਂ ਦੇ ਹਿੱਤਾਂ ਨਾਲ ਕੋਈ ਸਮਝੌਤਾ ਨਹੀਂ ਕਰੇਗਾ।

ਭਾਰਤ ਨੇ ਪਹਿਲਾਂ ਹੀ ਅਮਰੀਕਾ ਤੋਂ ਤੇਲ ਅਤੇ ਗੈਸ ਦੀ ਖਰੀਦ ਵਧਾ ਦਿੱਤੀ ਸੀ। ਇਸ ਕਦਮ ਦਾ ਮਕਸਦ ਅਮਰੀਕਾ ਨਾਲ ਭਾਰਤ ਦੇ ਵਪਾਰ ਸਰਪਲੱਸ ਨੂੰ ਘਟਾਉਣਾ ਹੈ, ਜੋ ਪਹਿਲਾਂ ਦੀਆਂ ਵਪਾਰ ਗੱਲਬਾਤਾਂ ਵਿੱਚ ਇੱਕ ਮੁੱਖ ਮਸਲਾ ਰਿਹਾ ਹੈ।

ਇਸ ਸਬੰਧ ਵਿੱਚ, ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਐਲਾਨ ਕੀਤਾ ਕਿ ਭਾਰਤੀ ਜਨਤਕ ਖੇਤਰ ਦੀਆਂ ਤੇਲ ਕੰਪਨੀਆਂ ਨੇ 2026 ਦੌਰਾਨ ਅਮਰੀਕੀ ਗਲਫ ਕੋਸਟ ਤੋਂ ਸਾਲਾਨਾ ਲਗਭਗ 22 ਲੱਖ ਟਨ LPG ਦਰਾਮਦ ਕਰਨ ਲਈ ਇੱਕ ਸਾਲ ਦਾ ਇਕਰਾਰਨਾਮਾ ਕੀਤਾ ਹੈ। ਇਹ ਭਾਰਤ ਦੀ ਕੁੱਲ ਸਾਲਾਨਾ LPG ਦਰਾਮਦ ਦਾ ਲਗਭਗ 10 ਫ਼ੀਸਦੀ ਹੈ ਅਤੇ ਭਾਰਤੀ ਬਾਜ਼ਾਰ ਲਈ ਅਮਰੀਕਾ ਨਾਲ ਕੀਤਾ ਗਿਆ ਪਹਿਲਾ ਐਲਪੀਜੀ ਸਮਝੌਤਾ ਹੈ। ਮੰਤਰੀ ਨੇ ਇਸ ਫ਼ੈਸਲੇ ਨੂੰ “ਇਤਿਹਾਸਕ ਵਿਕਾਸ” ਕਰਾਰ ਦਿੰਦਿਆਂ ਕਿਹਾ ਕਿ ਦੁਨੀਆ ਦੇ ਸਭ ਤੋਂ ਵੱਡੇ ਅਤੇ ਤੇਜ਼ੀ ਨਾਲ ਵੱਧ ਰਹੇ ਐਲਪੀਜੀ ਬਾਜ਼ਾਰਾਂ ਵਿੱਚੋਂ ਇੱਕ ਹੁਣ ਅਮਰੀਕਾ ਲਈ ਖੁੱਲ੍ਹ ਗਿਆ ਹੈ।

Comments

Related