ਭਾਰਤ ਨੇ ਔਰਤਾਂ ਲਈ ਵਨ ਸਟਾਪ ਸੈਂਟਰ ਸ਼ੁਰੂ ਕੀਤਾ / X/@HCI_Ottawa
ਟੋਰਾਂਟੋ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਵਿੱਚ ਹਾਲ ਹੀ ਵਿੱਚ ਸਥਾਪਤ ਕੀਤਾ ਗਿਆ ‘ਵਨ ਸਟਾਪ ਸੈਂਟਰ ਫ਼ਾਰ ਵੂਮੈਨ’ (OSCW) ਹੁਣ ਪੂਰੀ ਤਰ੍ਹਾਂ ਚਾਲੂ ਹੋ ਗਿਆ ਹੈ। ਇਸ ਦੇ ਤਹਿਤ ਕੈਨੇਡਾ ਵਿੱਚ ਰਹਿ ਰਹੀਆਂ ਭਾਰਤੀ ਮਹਿਲਾਵਾਂ ਨੂੰ ਮੁਸ਼ਕਲਾਂ ਵਿੱਚ ਫਸਣ ‘ਤੇ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ। ਜੇਕਰ ਕਿਸੇ ਭਾਰਤੀ ਮੂਲ ਦੀ ਮਹਿਲਾ, ਵਿਦਿਆਰਥਣ ਜਾਂ ਮਹਿਲਾ ਕਰਮਚਾਰੀ ਨੂੰ ਕਿਸੇ ਵੀ ਕਿਸਮ ਦੀ ਸਮੱਸਿਆ ਹੈ— ਚਾਹੇ ਉਹ ਵਿੱਤੀ ਹੋਵੇ ਜਾਂ ਅਪਰਾਧ ਨਾਲ ਸੰਬੰਧਿਤ, ਉਹ ਇਸ ਕੇਂਦਰ ਨਾਲ ਸੰਪਰਕ ਕਰ ਸਕਦੀ ਹੈ।
ਭਾਰਤੀ ਕੌਂਸਲੇਟ ਜਨਰਲ ਵੱਲੋਂ ਸਾਂਝੀ ਕੀਤੀ ਜਾਣਕਾਰੀ ਮੁਤਾਬਕ, ਇਹ ਕੇਂਦਰ ਕੈਨੇਡਾ ਵਿੱਚ ਮਹਿਲਾਵਾਂ ਲਈ ਇੱਕ ਸੁਰੱਖਿਅਤ, ਸਭ ਨੂੰ ਨਾਲ ਲੈ ਕੇ ਚੱਲਣ ਵਾਲਾ ਮਾਹੌਲ ਬਣਾਉਣ ਦੇ ਨਾਲ-ਨਾਲ ਆਸਾਨ ਅਤੇ ਤੁਰੰਤ ਮਦਦ ਵੀ ਪ੍ਰਦਾਨ ਕਰਦਾ ਹੈ।
ਕੈਨੇਡੀਆਈ ਮੀਡੀਆ ਆਉਟਲੈਟ ਰੇਡੀਓ ਕੈਨੇਡਾ ਇੰਟਰਨੈਸ਼ਨਲ ਨਾਲ ਗੱਲਬਾਤ ਕਰਦੇ ਹੋਏ, ਟੋਰਾਂਟੋ ਵਿੱਚ ਭਾਰਤ ਦੇ ਕਾਰਜਕਾਰੀ ਕੌਂਸਲ ਜਨਰਲ ਨੇ ਦੱਸਿਆ ਕਿ ਇਸ ਕੇਂਦਰ ਨੂੰ ਸਥਾਪਤ ਕਰਨ ਦਾ ਮਕਸਦ ਕੈਨੇਡੀਆਈ ਅਤੇ ਭਾਰਤੀ ਅਧਿਕਾਰੀਆਂ ਦਰਮਿਆਨ ਇੱਕ ਪੁਲ ਤਿਆਰ ਕਰਨਾ ਹੈ, ਤਾਂ ਜੋ ਭਾਰਤੀ ਮਹਿਲਾਵਾਂ ਨੂੰ ਕਾਨੂੰਨੀ, ਵਿੱਤੀ ਅਤੇ ਭਾਵਨਾਤਮਕ ਮਦਦ ਮਿਲ ਸਕੇ।
ਸਿੰਘ ਨੇ ਕਿਹਾ, “ਕੈਨੇਡਾ ਵਿੱਚ ਮਹਿਲਾਵਾਂ ਨੂੰ ਘਰੇਲੂ ਹਿੰਸਾ, ਦਹੇਜ, ਸ਼ੋਸ਼ਣ ਅਤੇ ਹੋਰ ਕਈ ਮਾਮਲਿਆਂ ਵਿੱਚ ਕਾਨੂੰਨੀ, ਵਿੱਤੀ ਅਤੇ ਹੋਰ ਕਿਸਮ ਦੀ ਮਦਦ ਦੀ ਲੋੜ ਪੈਂਦੀ ਹੈ। ਇਹ ਕੇਂਦਰ ਉਨ੍ਹਾਂ ਨੂੰ ਇਹ ਸਹੂਲਤਾਂ ਮੁਹੱਈਆ ਕਰਵਾਉਣ ਵਿੱਚ ਮਦਦਗਾਰ ਸਾਬਤ ਹੋਵੇਗਾ।“
ਕੇਂਦਰ ਦੇ ਕੰਮ ਕਰਨ ਦੇ ਢੰਗ ਬਾਰੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਸਿੰਘ ਨੇ ਕਿਹਾ ਕਿ ਕੈਨੇਡਾ ਵਿੱਚ ਕਈ ਸੰਗਠਨ ਅਤੇ ਸੰਸਥਾਵਾਂ ਬਹੁਮੁੱਲੀ ਮਦਦ ਪ੍ਰਦਾਨ ਕਰਦੀਆਂ ਹਨ, ਪਰ ਸੱਭਿਆਚਾਰਕ ਅਤੇ ਸਮਾਜਿਕ ਰੁਕਾਵਟਾਂ ਅਕਸਰ ਮਹਿਲਾਵਾਂ ਨੂੰ ਖੁੱਲ੍ਹ ਕੇ ਬੋਲਣ ਤੋਂ ਰੋਕ ਦਿੰਦੀਆਂ ਹਨ, ਜਿਸ ਕਾਰਨ ਉਨ੍ਹਾਂ ਨੂੰ ਲੋੜੀਂਦਾ ਸਹਾਰਾ ਨਹੀਂ ਮਿਲਦਾ। ਉਨ੍ਹਾਂ ਨੇ ਅੱਗੇ ਕਿਹਾ, “ਕੈਨੇਡਾ ਵਿੱਚ ਰਹਿ ਰਹੀਆਂ ਭਾਰਤੀ ਮੂਲ ਦੀਆਂ ਸਥਾਈ ਨਿਵਾਸੀ ਮਹਿਲਾਵਾਂ ਦੇ ਨਾਲ-ਨਾਲ ਵਿਜ਼ਿਟਰ, ਵਰਕਰ ਜਾਂ ਵਿਦਿਆਰਥਣਾਂ ਵੀ ਇਸ ਕੇਂਦਰ ਦੀਆਂ ਸੇਵਾਵਾਂ ਲੈ ਸਕਦੀਆਂ ਹਨ।”
ਸਿੰਘ ਨੇ ਦੱਸਿਆ ਕਿ ਇਸ ਪਹਿਲਕਦਮੀ ਨੂੰ ਬਹੁਤ ਹੀ ਵਧੀਆ ਪ੍ਰਤੀਕਿਰਿਆ ਮਿਲ ਰਹੀ ਹੈ। ਲਾਂਚ ਹੋਣ ਤੋਂ ਕੁਝ ਹੀ ਦਿਨਾਂ ਦੇ ਅੰਦਰ, ਇੱਕ ਦਰਜਨ ਤੋਂ ਵੱਧ ਮਹਿਲਾਵਾਂ ਆਪਣੀਆਂ ਵੱਖ-ਵੱਖ ਚਿੰਤਾਵਾਂ ਨਾਲ ਇਸ ਕੇਂਦਰ ਨਾਲ ਸੰਪਰਕ ਕਰ ਚੁੱਕੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਇਹ ਕੇਂਦਰ ਲੋੜਵੰਦ ਮਹਿਲਾਵਾਂ ਨੂੰ ਵਿੱਤੀ ਮਦਦ ਵੀ ਪ੍ਰਦਾਨ ਕਰੇਗਾ।
ਟੋਰਾਂਟੋ ਵਿੱਚ ਭਾਰਤ ਦੇ ਕੌਂਸਲ ਜਨਰਲ ਨੇ ਮੁਸ਼ਕਲਾਂ ਦਾ ਸਾਹਮਣਾ ਕਰ ਰਹੀਆਂ ਭਾਰਤੀ ਮਹਿਲਾਵਾਂ ਦੀ ਮਦਦ ਲਈ 26 ਦਸੰਬਰ 2025 ਨੂੰ OSCW ਦੀ ਸਥਾਪਨਾ ਕੀਤੀ। ਇਸ ਵਿੱਚ ਘਰੇਲੂ ਹਿੰਸਾ, ਦੁਰਵਿਵਹਾਰ, ਪਰਿਵਾਰਕ ਝਗੜੇ, ਛੱਡ ਦੇਣਾ, ਸ਼ੋਸ਼ਣ ਅਤੇ ਕਾਨੂੰਨੀ ਮੁਸ਼ਕਲਾਂ ਵਿੱਚ ਫਸੀਆਂ ਮਹਿਲਾਵਾਂ ਦੀ ਮਦਦ ਸ਼ਾਮਲ ਹੈ।
ਟੋਰਾਂਟੋ ਵਿੱਚ ਭਾਰਤੀ ਕੌਂਸਲੇਟ ਜਨਰਲ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ, “ਵਨ ਸਟਾਪ ਸੈਂਟਰ- ਪਰੇਸ਼ਾਨ ਮਹਿਲਾਵਾਂ ਨੂੰ ਸਮੇਂ ਸਿਰ ਅਤੇ ਸਹੀ ਮਦਦ ਨਾਲ ਜੋੜਨ ਵਿੱਚ ਸਹਾਇਤਾ ਕਰੇਗਾ। ਇਸ ਵਿੱਚ ਤੁਰੰਤ ਕਾਊਂਸਲਿੰਗ, ਸਾਇਕੋ-ਸੋਸ਼ਲ ਸਹਾਇਤਾ, ਕਾਨੂੰਨੀ ਮਦਦ ਅਤੇ ਸਲਾਹ ਸ਼ਾਮਲ ਹਨ। OSCW ਦੀ ਪੂਰੀ ਕਾਰਵਾਈ ਕੈਨੇਡਾ ਦੇ ਸਥਾਨਕ ਕਾਨੂੰਨਾਂ ਦੇ ਦਾਇਰੇ ਅੰਦਰ ਹੀ ਕੀਤੀ ਜਾਵੇਗੀ।”
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login