ADVERTISEMENT

ADVERTISEMENT

ਅਹਿਮਦਾਬਾਦ ਜਹਾਜ਼ ਹਾਦਸਾ: ਸੰਯੁਕਤ ਰਾਸ਼ਟਰ ਦੇ ਜਾਂਚਕਰਤਾ ਨੂੰ ਭਾਰਤ ਨੇ ਨਹੀ ਕੀਤਾ ਸ਼ਾਮਿਲ 

ਕੁਝ ਸੁਰੱਖਿਆ ਮਾਹਰਾਂ ਨੇ ਜਾਂਚ ਦੀ ਹੌਲੀ ਰਫ਼ਤਾਰ ਅਤੇ ਜਾਣਕਾਰੀ ਦੀ ਘਾਟ 'ਤੇ ਸਵਾਲ ਉਠਾਏ ਹਨ

12 ਜੂਨ ਨੂੰ ਅਹਿਮਦਾਬਾਦ ਵਿੱਚ ਏਅਰ ਇੰਡੀਆ ਦੇ ਬੋਇੰਗ 787-8 ਡ੍ਰੀਮਲਾਈਨਰ ਜਹਾਜ਼ ਹਾਦਸੇ ਵਿੱਚ 260 ਲੋਕਾਂ ਦੀ ਮੌਤ ਹੋ ਗਈ ਸੀ। ਇਸ ਹਾਦਸੇ ਨੂੰ ਪਿਛਲੇ 10 ਸਾਲਾਂ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਜਹਾਜ਼ ਹਾਦਸਾ ਮੰਨਿਆ ਜਾ ਰਿਹਾ ਹੈ।

ਇਸ ਮਾਮਲੇ ਦੀ ਜਾਂਚ ਭਾਰਤ ਦੇ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (AAIB) ਵੱਲੋਂ ਕੀਤੀ ਜਾ ਰਹੀ ਹੈ। ਇਸ ਦੌਰਾਨ, ਸੰਯੁਕਤ ਰਾਸ਼ਟਰ ਦੀ ਹਵਾਬਾਜ਼ੀ ਏਜੰਸੀ ICAO ਨੇ ਜਾਂਚ ਵਿੱਚ ਮਦਦ ਲਈ ਇੱਕ ਜਾਂਚਕਰਤਾ ਭਾਰਤ ਭੇਜਣ ਦੀ ਪੇਸ਼ਕਸ਼ ਕੀਤੀ, ਪਰ ਭਾਰਤ ਨੇ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ। ਦੋ ਸੀਨੀਅਰ ਸੂਤਰਾਂ ਦੇ ਅਨੁਸਾਰ, ਆਈਸੀਏਓ ਚਾਹੁੰਦਾ ਸੀ ਕਿ ਉਸਦਾ ਜਾਂਚਕਰਤਾ ਸਿਰਫ਼ ਇੱਕ ਨਿਰੀਖਕ ਵਜੋਂ ਮੌਜੂਦ ਰਹੇ, ਪਰ ਭਾਰਤ ਨੇ ਇਸ ਨੂੰ ਵੀ ਮਨਜ਼ੂਰੀ ਨਹੀਂ ਦਿੱਤੀ।

ਇਸ ਤੋਂ ਪਹਿਲਾਂ, ICAO ਨੇ ਕੁਝ ਖਾਸ ਮਾਮਲਿਆਂ ਵਿੱਚ ਆਪਣੀ ਟੀਮ ਭੇਜੀ ਹੈ, ਜਿਵੇਂ ਕਿ 2014 ਵਿੱਚ ਮਲੇਸ਼ੀਆਈ ਜਹਾਜ਼ ਹਾਦਸਾ  ਅਤੇ 2020 ਵਿੱਚ ਯੂਕਰੇਨੀ ਜਹਾਜ਼ ਹਾਦਸਾ, ਪਰ ਉਦੋਂ ਦੇਸ਼ਾਂ ਨੇ ਖੁਦ ICAO ਤੋਂ ਮਦਦ ਮੰਗੀ ਸੀ। ਇਸ ਵਾਰ ICAO ਨੇ ਖੁਦ ਮਦਦ ਦੀ ਪੇਸ਼ਕਸ਼ ਕੀਤੀ ਹੈ।

ਇਸ ਖ਼ਬਰ ਦੀ ਪੁਸ਼ਟੀ ਭਾਰਤੀ ਨਿਊਜ਼ ਚੈਨਲ ਟਾਈਮਜ਼ ਨਾਓ ਨੇ 26 ਜੂਨ ਨੂੰ ਕੀਤੀ ਸੀ। ਭਾਰਤ ਸਰਕਾਰ ਅਤੇ ਆਈਸੀਏਓ ਨੇ ਇਸ ਬਾਰੇ ਕੋਈ ਅਧਿਕਾਰਤ ਜਵਾਬ ਨਹੀਂ ਦਿੱਤਾ ਹੈ।

ਭਾਰਤ ਦੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਕਿਹਾ ਹੈ ਕਿ ਹਾਦਸੇ ਤੋਂ ਲਗਭਗ ਦੋ ਹਫ਼ਤਿਆਂ ਬਾਅਦ ਬਲੈਕ ਬਾਕਸ ਤੋਂ ਡਾਟਾ ਪ੍ਰਾਪਤ ਕੀਤਾ ਗਿਆ ਸੀ। ਕੁਝ ਸੁਰੱਖਿਆ ਮਾਹਰਾਂ ਨੇ ਜਾਂਚ ਦੀ ਹੌਲੀ ਰਫ਼ਤਾਰ ਅਤੇ ਜਾਣਕਾਰੀ ਦੀ ਘਾਟ 'ਤੇ ਸਵਾਲ ਉਠਾਏ ਹਨ, ਖਾਸ ਕਰਕੇ ਇਸ 'ਤੇ ਕਿ, ਕੀ ਬਲੈਕ ਬਾਕਸ ਦਾ ਵਿਸ਼ਲੇਸ਼ਣ ਭਾਰਤ ਵਿੱਚ ਕੀਤਾ ਜਾਵੇਗਾ ਜਾਂ ਅਮਰੀਕਾ ਵਿੱਚ, ਕਿਉਂਕਿ ਅਮਰੀਕਾ ਦਾ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਵੀ ਜਾਂਚ ਵਿੱਚ ਸ਼ਾਮਲ ਹੈ।

ਅੰਤਰਰਾਸ਼ਟਰੀ ਨਿਯਮਾਂ ਅਨੁਸਾਰ, ਬਲੈਕ ਬਾਕਸ ਨੂੰ ਤੁਰੰਤ ਪੜ੍ਹਨਾ ਜ਼ਰੂਰੀ ਹੈ ਤਾਂ ਜੋ ਭਵਿੱਖ ਵਿੱਚ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ।ਹੁਣ ਤੱਕ, ਸਰਕਾਰ ਵੱਲੋਂ ਸਿਰਫ਼ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਵਿੱਚ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ। ਸ਼ੁਰੂਆਤੀ ਰਿਪੋਰਟ ਹਾਦਸੇ ਦੇ 30 ਦਿਨਾਂ ਦੇ ਅੰਦਰ ਆਉਣ ਦੀ ਉਮੀਦ ਹੈ।

Comments

Leave A Comment

Required fields are marked (*).

Related

Talk to us?