ADVERTISEMENTs

ਭਾਰਤ-ਪਾਕਿਸਤਾਨ ਸਬੰਧ: ਪਾਣੀ ਉੱਤੇ ਟਿਕੀ ਅੱਗ

ਅੱਗ ਵਿੱਚ ਘਿਉ ਪਾਉਣ ਵਾਲਾ ਕੰਮ ਬਿਲਾਵਲ ਭੁੱਟੋ ਵਰਗੇ ਗ਼ੈਰ-ਜ਼ਿੰਮੇਵਾਰ ਪਾਕਿਸਤਾਨੀ ਨੇਤਾ ਕਰ ਰਹੇ ਹਨ

ਨੋਬਲ ਸ਼ਾਂਤੀ ਪੁਰਸਕਾਰ ਲਈ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਨਾਮਜ਼ਦ ਕਰਦੇ ਹੋਏ ਭਾਰਤੀ ਵਿਦਵਾਨ ਡਾ. ਪੰਕਜ ਫਡਨਿਸ ਨੇ ਭਾਰਤ ਦੀ ਉਸ ਨਵੀਂ ਰਣਨੀਤੀ ਨੂੰ ਖ਼ਤਰਨਾਕ ਦੱਸਿਆ ਹੈ ਜਿਸ ਵਿੱਚ ਦੱਖਣੀ ਏਸ਼ੀਆ ਦੇ ਦੇਸ਼ ਨੇ ਇਹ ਐਲਾਨ ਕੀਤਾ ਹੈ ਕਿ ਭਵਿੱਖ ਵਿੱਚ ਜੇ ਕੋਈ ਅੱਤਵਾਦੀ ਹਮਲਾ ਹੋਇਆ ਤਾਂ ਉਹ ਪਾਕਿਸਤਾਨ ਦੇ ਖ਼ਿਲਾਫ਼ ਜਵਾਬੀ ਕਾਰਵਾਈ ਕਰੇਗਾ। ਡਾ. ਫਡਨਿਸ ਨੇ ਇਸ ਰਣਨੀਤੀ ਨੂੰ ਖ਼ਤਰਨਾਕ ਸਾਬਤ ਕਰਨ ਲਈ ਜੋ ਦਲੀਲ ਦਿੱਤੀ ਹੈ, ਉਹ ਹਰ ਕੋਈ ਆਸਾਨੀ ਨਾਲ ਸਮਝ ਸਕਦਾ ਹੈ। ਉਨ੍ਹਾਂ ਅਨੁਸਾਰ ਇਹ ਇੱਕ ਬਹੁਤ ਹੀ ਖ਼ਤਰਨਾਕ ਸਿਧਾਂਤ ਹੈ। ਇਸਦਾ ਸਿੱਧਾ ਅਰਥ ਹੈ ਕਿ ਭਾਰਤੀ ਉਪਮਹਾਦੀਪ ਵਿੱਚ ਸ਼ਾਂਤੀ, ਕੁਝ ਅਣਜਾਣ, ਡਰਪੋਕ ਅਤੇ ਘੱਟਸੰਖਿਅਕ ਅੱਤਵਾਦੀਆਂ ਦੀਆਂ ਹਰਕਤਾਂ ‘ਤੇ ਨਿਰਭਰ ਹੋਵੇਗੀ। ਪਹਿਲਗਾਮ ਦੇ ਮਾਮਲੇ ਵਿੱਚ ਹਮਲਾ ਚਾਰ ਅੱਤਵਾਦੀਆਂ ਨੇ ਕੀਤਾ ਸੀ ਜੋ ਅਜੇ ਵੀ ਫਰਾਰ ਹਨ, ਪਰ ਉਨ੍ਹਾਂ ਦੀਆਂ ਹਰਕਤਾਂ ਨੇ ਨਿਊਕਲੀਅਰ ਜੰਗ ਦਾ ਕਾਰਨ ਬਣ ਜਾਣਾ ਸੀ।

 

ਇਸ ਸਿਧਾਂਤ ਦਾ ਅਰਥ ਇਹ ਵੀ ਹੈ ਕਿ ਜਦੋਂ ਵੀ ਕੋਈ ਅੱਤਵਾਦੀ ਹਮਲਾ ਹੋਵੇਗਾ, ਭਾਰਤ ਜਵਾਬ ਦੇਵੇਗਾ। ਪਰ ਪਾਕਿਸਤਾਨ ਤਾਂ ਕਸ਼ਮੀਰ ਹਮਲੇ ਵਿੱਚ ਆਪਣੇ ਸ਼ਾਮਿਲ ਹੋਣ ਤੋਂ ਇਨਕਾਰ ਕਰਦਾ ਹੈ। ਪਾਕਿਸਤਾਨ ਇਸ ਗੱਲ ਤੋਂ ਵੀ ਇਨਕਾਰ ਕਰਦਾ ਹੈ ਕਿ ਉਸਦੀ ਧਰਤੀ 'ਤੇ ਅੱਤਵਾਦੀ ਪੈਦਾ ਹੁੰਦੇ ਹਨ। ਹਾਲਾਂਕਿ ਭਾਰਤ ਨੇ ਸੰਯੁਕਤ ਰਾਸ਼ਟਰ ਤੱਕ ਇਸ ਗੱਲ ਦੇ ਕਈ ਸਬੂਤ ਦਿੱਤੇ ਹਨ, ਪਰ ਪਾਕਿਸਤਾਨ ਆਪਣੇ ਪੁਰਾਣੇ ਦਾਅਵੇ ਤੇ ਕਾਇਮ ਹੈ। ਇਹ ਵੱਖਰੀ ਗੱਲ ਹੈ ਕਿ ਪਾਕਿਸਤਾਨ ਅੱਤਵਾਦੀਆਂ ਦੀ ਸ਼ਰਨਭੂਮੀ ਹੈ, ਇਸਦਾ ਸਭ ਤੋਂ ਵੱਡਾ ਗਵਾਹ ਅਤੇ ਪੀੜਤ ਖੁਦ ਅਮਰੀਕਾ ਹੈ, ਕਿਉਂਕਿ 9/11 ਦਾ ਮਾਸਟਰਮਾਈਂਡ ਅਤੇ ਅਲ ਕਾਇਦਾ ਮੁਖੀ ਓਸਾਮਾ ਬਿਨ ਲਾਦਨ ਪਾਕਿਸਤਾਨ ਦੀ ਧਰਤੀ 'ਤੇ ਹੀ ਮਾਰਿਆ ਗਿਆ ਸੀ।

 

ਇਸਦਾ ਮਤਲਬ ਇਹ ਹੋਇਆ ਕਿ ਪਾਕਿਸਤਾਨ ਇਨਕਾਰ ਕਰਦਾ ਰਹੇਗਾ ਅਤੇ ਭਾਰਤ ਹਰ ਹਮਲੇ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਵੇਗਾ। ਜੇਕਰ ਅਜਿਹੇ ਹਾਲਾਤਾਂ ਵਿੱਚ ਭਾਰਤ 'ਤੇ ਕਿਤੇ ਹਮਲਾ ਹੋ ਜਾਂਦਾ ਹੈ, ਤਾਂ ਫਿਰ ਦੋਹਾਂ ਪਾਸਿਆਂ ਤੋਂ ਗੋਲੀਆਂ ਚੱਲਣਗੀਆਂ। ਕਿਉਂਕਿ ਇਹ ਸਾਬਤ ਹੋਣਾ ਹੀ ਮੁਸ਼ਕਲ ਹੋਵੇਗਾ ਕਿ ਇਹ ਹਮਲਾ ਅੱਤਵਾਦੀ ਸੀ ਜਾਂ ਨਹੀਂ, ਅਤੇ ਅੱਤਵਾਦੀ ਕਿੱਥੇ ਦੇ ਸਨ। ਹਾਲਾਤ ਫਿਰ ਓਥੇ ਹੀ ਪਹੁੰਚ ਜਾਣਗੇ ਜੋ 22 ਅਪ੍ਰੈਲ ਤੋਂ 10 ਮਈ ਤੱਕ ਦੋਹਾਂ ਦੇਸ਼ਾਂ ਦੇ ਵਿਚਕਾਰ ਸਨ। ਨਿਊਕਲੀਅਰ ਹਥਿਆਰਾਂ ਦੀ ਵਰਤੋਂ ਦੀ ਆਸ਼ੰਕਾ ਵੀ ਬਣੀ ਰਹੇਗੀ। ਇਸ ਲਈ ਨਤੀਜਾ ਇਹ ਨਿਕਲਦਾ ਹੈ ਕਿ ਅੱਗ ‘ਪਾਣੀ’ ਉੱਤੇ ਟਿਕੀ ਹੋਈ ਹੈ। ਜੇ ਪਾਣੀ ਵਗਿਆ ਤਾਂ ਅੱਗ ਭੜਕ ਜਾਏਗੀ।

 

ਕਸ਼ਮੀਰ ਘਾਟੀ ਵਿੱਚ ਅੱਤਵਾਦੀਆਂ ਵੱਲੋਂ ਕੀਤੇ ਗਏ ਨਰਸੰਘਾਰ ਦੇ ਜਵਾਬ ਵਿੱਚ ਭਾਰਤ ਦਾ ‘ਓਪਰੇਸ਼ਨ ਸਿੰਦੂਰ’ (ਜੋ ਕਿ ਅਜੇ ਵੀ ਖਤਮ ਨਹੀਂ ਹੋਇਆ), ਉਸ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਕਾਰ ਲਗਭਗ ਚਾਰ ਦਿਨ ਤੱਕ ਸੀਮਾ 'ਤੇ ਹਥਿਆਰਬੰਦ ਝੜਪਾਂ, ਦੋਹਾਂ ਪਾਸਿਆਂ ਤੋਂ ਜਾਨਮਾਲ ਦਾ ਨੁਕਸਾਨ, ਕਈ ਦਿਨਾਂ ਤੱਕ ਪੂਰੇ ਦੱਖਣੀ ਏਸ਼ੀਆ ਵਿੱਚ ਬੇਚੈਨੀ, ਖਾਸ ਕਰਕੇ ਭਾਰਤ-ਪਾਕਿਸਤਾਨ ਦੇ ਆਮ ਲੋਕਾਂ ਵਿਚ ਡਰ – ਇਸ ਸਭ ਨੂੰ 10 ਮਈ ਨੂੰ ਹੋਏ ਯੁੱਧਵਿਰਾਮ ਤੋਂ ਬਾਅਦ ਥੋੜ੍ਹਾ ਸਕੂਨ ਮਿਲਿਆ ਸੀ। ਤਦ ਤੋਂ ਹੁਣ ਤੱਕ ਦੋਹਾਂ ਦੇਸ਼ਾਂ ਵਿਚਕਾਰ ਕੇਵਲ ਹਥਿਆਰ ਰੁਕੇ, ਪਰ ਸ਼ਬਦੀ-ਯੁੱਧ ਅਜੇ ਵੀ ਜਾਰੀ ਹੈ। ਇਸ ਕਰਕੇ ਯੁੱਧਵਿਰਾਮ ਦੇ ਬਾਵਜੂਦ ਵੀ ਚਿੰਤਾਵਾਂ ਕਾਇਮ ਹਨ। ਦੁਨੀਆ ਦੇ ਹੋਰ ਦੇਸ਼ ਵੀ ਇਸ ਯੁੱਧਵਿਰਾਮ ਨੂੰ ਇੱਕ ਅਸਥਾਈ ਰਾਹਤ ਮੰਨ ਰਹੇ ਹਨ। ਪਰ ਭਾਰਤ ਅਤੇ ਪਾਕਿਸਤਾਨ ਦੋਹਾਂ ਵੱਲੋਂ ਵੀ ਯੁੱਧਵਿਰਾਮ ਦੀ ਆੜ ਵਿੱਚ ਜੋ ਚਿੰਗਾਰੀਆਂ ਉਠ ਰਹੀਆਂ ਹਨ, ਉਨ੍ਹਾਂ ਨੂੰ ਠੰਡਾ ਹੋਣ ਨਹੀਂ ਦਿੱਤਾ ਜਾ ਰਿਹਾ।

 

ਯੁੱਧਵਿਰਾਮ ਤੋਂ ਬਾਅਦ ਭਾਰਤ ਵੱਲੋਂ ਸੰਸਦ ਮੈਂਬਰਾਂ ਦੇ ਜੋ ਸਰਬਦਲੀਏ ਵਫਦ 35 ਦੇਸ਼ਾਂ ਵਿੱਚ ਭੇਜੇ ਗਏ, ਉਨ੍ਹਾਂ ਨੇ ਦੇਸ਼ ਦੀ ਭੂਮਿਕਾ ਤਾਂ ਸਾਫ ਕੀਤੀ ਹੀ, ਨਾਲ ਇਹ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਹਿੰਸਾਤਮਕ ਜਵਾਬ ਦੀ ਨੌਬਤ ਕਿਉਂ ਆਈ। ਨਾਲ ਹੀ ਇਹ ਵੀ ਐਲਾਨ ਕੀਤਾ ਕਿ ‘ਓਪਰੇਸ਼ਨ ਸਿੰਦੂਰ’ ਅਜੇ ਖਤਮ ਨਹੀਂ ਹੋਇਆ। ਭਾਰਤ ਵਿੱਚ ਆਪਣੀ ਕਾਰਵਾਈ ਤੇ ਮਾਣ ਕੀਤਾ ਜਾ ਰਿਹਾ ਹੈ। ਦੂਜੇ ਪਾਸੇ, ਭਾਰਤ ਦੇ ਹਮਲਿਆਂ ਨਾਲ ਹੋਏ ਨੁਕਸਾਨ ਦੀ ਗਿਣਤੀ ਕਰਦਿਆਂ ਕਰਦਿਆਂ, ਪਾਕਿਸਤਾਨ ਆਪਣਾ ਰੱਖਿਆ ਬਜਟ ਕਈ ਗੁਣਾ ਵਧਾ ਚੁੱਕਾ ਹੈ। ਅੱਗ ਵਿੱਚ ਘਿਉ ਪਾਉਣ ਵਾਲਾ ਕੰਮ ਬਿਲਾਵਲ ਭੁੱਟੋ ਵਰਗੇ ਗ਼ੈਰ-ਜ਼ਿੰਮੇਵਾਰ ਪਾਕਿਸਤਾਨੀ ਨੇਤਾ ਕਰ ਰਹੇ ਹਨ। ਭੁੱਟੋ ਅਮਰੀਕਾ ਵਿੱਚ ਜਾ ਕੇ ਭਾਰਤ ਨਾਲ ਸ਼ਾਂਤੀ ਵਾਰਤਾ ਦੀ ਮੰਗ ਕਰਦੇ ਹਨ ਅਤੇ ਵਾਪਸ ਆ ਕੇ ਕਹਿੰਦੇ ਹਨ ਕਿ ਇਸ ਵਾਰੀ ਟਰੰਪ ਵੀ ਪਾਕਿਸਤਾਨ ਨੂੰ ਨਹੀਂ ਰੋਕ ਸਕਣਗੇ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video