ADVERTISEMENT

ADVERTISEMENT

ਭਾਰਤ ਦੇ ਖੇਤੀਬਾੜੀ ਸੈਕਟਰ ‘ਤੇ ਮੱਧ ਪੂਰਬ ਵਿੱਚ ਚੱਲ ਰਹੀ ਜੰਗ ਦਾ ਅਸਰ

ਇਹ ਗਿਰਾਵਟ ਉਦੋਂ ਆਈ ਹੈ ਜਦੋਂ ਪਿਛਲੇ ਮਹੀਨਿਆਂ (ਦਸੰਬਰ, ਜਨਵਰੀ ਅਤੇ ਫਰਵਰੀ) ਵਿੱਚ ਉਤਪਾਦਨ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਸੀ

 ਹੋਰਮੁਜ਼ ਜਲਡਮਰੂ  ਹੋਰਮੁਜ਼ ਜਲਡਮਰੂ / (Morteza Akhoundi/ISNA/Handout via Xinhua/IANS)

ਮੱਧ ਪੂਰਬ ਵਿੱਚ ਚੱਲ ਰਹੀ ਜੰਗ ਕਾਰਨ ਭਾਰਤ ਦੇ ਖੇਤੀਬਾੜੀ ਸੈਕਟਰ ਲਈ ਇੱਕ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਕੁਦਰਤੀ ਗੈਸ ਦੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਮਾਰਚ ਮਹੀਨੇ ਵਿੱਚ ਭਾਰਤ ਦੇ ਖਾਦ ਉਤਪਾਦਨ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ।

ਵਣਜ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਮਾਰਚ 2025 ਦੇ ਮੁਕਾਬਲੇ ਮਾਰਚ 2026 ਵਿੱਚ ਖਾਦ ਉਤਪਾਦਨ ਵਿੱਚ 24.6 ਫੀਸਦੀ ਦੀ ਗਿਰਾਵਟ ਆਈ ਹੈ। ਇਹ ਗਿਰਾਵਟ ਉਦੋਂ ਆਈ ਹੈ ਜਦੋਂ ਪਿਛਲੇ ਮਹੀਨਿਆਂ (ਦਸੰਬਰ, ਜਨਵਰੀ ਅਤੇ ਫਰਵਰੀ) ਵਿੱਚ ਉਤਪਾਦਨ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਸੀ।

ਗਿਰਾਵਟ ਦੇ ਮੁੱਖ ਕਾਰਨ ਵਿਚ ਕੁਦਰਤੀ ਗੈਸ ਦੀ ਕਿੱਲਤ ਅਤੇ ਹੋਰਮੁਜ਼ ਜਲਡਮਰੂ ਦਾ ਬੰਦ ਹੋਣਾ ਹੈ। ਯੂਰੀਆ ਬਣਾਉਣ ਲਈ ਕੁਦਰਤੀ ਗੈਸ ਬਾਲਣ ਵਜੋਂ ਵਰਤੀ ਜਾਂਦੀ ਹੈ ਅਤੇ ਜੰਗ ਕਾਰਨ ਗੈਸ ਦੀ ਦਰਾਮਦ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਉਥੇ ਹੀ 28 ਫਰਵਰੀ ਨੂੰ ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਕਾਰ ਜੰਗ ਸ਼ੁਰੂ ਹੋਣ ਤੋਂ ਬਾਅਦ ਈਰਾਨ ਨੇ ਇਸ ਮਹੱਤਵਪੂਰਨ ਸਮੁੰਦਰੀ ਰਸਤੇ ਹੋਰਮੁਜ਼ ਜਲਡਮਰੂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਬੰਦ ਕਰ ਦਿੱਤਾ ਹੈ। ਦੁਨੀਆ ਦੀਆਂ ਇੱਕ ਤਿਹਾਈ (1/3) ਖਾਦਾਂ ਇਸੇ ਰਸਤੇ ਰਾਹੀਂ ਗੁਜ਼ਰਦੀਆਂ ਹਨ। ਭਾਰਤ ਆਪਣੀ ਲੋੜ ਦੀ ਖਾਦ ਅਤੇ ਕੱਚੇ ਮਾਲ (ਜਿਵੇਂ ਕਿ ਰੌਕ ਫਾਸਫੇਟ, ਫਾਸਫੋਰਿਕ ਐਸਿਡ ਅਤੇ ਪੋਟਾਸ਼) ਲਈ ਦਰਾਮਦ 'ਤੇ ਨਿਰਭਰ ਹੈ।

ਭਾਰਤ ਦੀ *45 ਫੀਸਦੀ ਤੋਂ ਵੱਧ ਆਬਾਦੀ ਖੇਤੀਬਾੜੀ 'ਤੇ ਨਿਰਭਰ ਹੈ। ਖਾਦਾਂ ਦੀ ਸਪਲਾਈ ਵਿੱਚ ਵਿਘਨ ਪੈਣ ਨਾਲ ਖੁਰਾਕ ਸੁਰੱਖਿਆ ਲਈ ਖ਼ਤਰਾ ਪੈਦਾ ਹੋ ਸਕਦਾ ਹੈ। ਭਾਰਤ ਵਿੱਚ ਖਾਦਾਂ ਦੀ ਮੰਗ ਸਭ ਤੋਂ ਵੱਧ ਜੂਨ ਅਤੇ ਜੁਲਾਈ ਵਿੱਚ ਹੁੰਦੀ ਹੈ ਜਦੋਂ ਮਾਨਸੂਨ ਤੋਂ ਪਹਿਲਾਂ ਖਰੀਫ ਦੀਆਂ ਫਸਲਾਂ ਬੀਜੀਆਂ ਜਾਂਦੀਆਂ ਹਨ। ਸਰਦੀਆਂ ਦੀਆਂ ਫਸਲਾਂ ਦੀ ਬਿਜਾਈ ਸਮੇਂ ਵੀ ਖਾਦਾਂ ਦੀ ਭਾਰੀ ਲੋੜ ਹੁੰਦੀ ਹੈ।

ਅਪ੍ਰੈਲ ਦੇ ਸ਼ੁਰੂ ਵਿੱਚ, ਭਾਰਤ ਸਰਕਾਰ ਨੇ ਖਾਦਾਂ 'ਤੇ ਸਬਸਿਡੀ 11 ਫੀਸਦੀ ਵਧਾ ਦਿੱਤੀ ਹੈ ਤਾਂ ਜੋ ਕਿਸਾਨਾਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਵਧੀਆਂ ਕੀਮਤਾਂ ਤੋਂ ਬਚਾਇਆ ਜਾ ਸਕੇ। ਪੈਟਰੋਲੀਅਮ ਮੰਤਰਾਲੇ ਨੇ ਭਰੋਸਾ ਦਿੱਤਾ ਹੈ ਕਿ ਦੇਸ਼ ਵਿੱਚ ਖਾਦਾਂ ਦਾ "ਲੋੜੀਂਦਾ ਸਟਾਕ" ਉਪਲਬਧ ਹੈ ਅਤੇ ਸਰਕਾਰ ਹੁਣ ਹੋਰਨਾਂ ਦੇਸ਼ਾਂ ਤੋਂ ਵੀ ਖਾਦਾਂ ਦੀ ਮੰਗ ਪੂਰੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਵਿਸ਼ਵ ਵਪਾਰ ਸੰਗਠਨ (WTO) ਨੇ ਪਿਛਲੇ ਮਹੀਨੇ ਚੇਤਾਵਨੀ ਦਿੱਤੀ ਸੀ ਕਿ ਮੱਧ ਪੂਰਬ ਦੀ ਜੰਗ ਕਾਰਨ ਖਾਦਾਂ ਦੀ ਸਪਲਾਈ ਵਿੱਚ ਰੁਕਾਵਟ ਵਿਸ਼ਵਵਿਆਪੀ ਖੁਰਾਕ ਸੁਰੱਖਿਆ ਲਈ ਇੱਕ "ਦੋਹਰਾ ਖ਼ਤਰਾ" ਹੈ। ਇਸ ਨਾਲ ਨਾ ਸਿਰਫ਼ ਉਤਪਾਦਨ ਘਟੇਗਾ, ਸਗੋਂ ਭੋਜਨ ਦੀਆਂ ਕੀਮਤਾਂ ਵਿੱਚ ਵੀ ਭਾਰੀ ਉਛਾਲ ਆ ਸਕਦਾ ਹੈ।

Comments

Leave A Comment

Required fields are marked (*).

Related