ADVERTISEMENT

ADVERTISEMENT

‘ਮੈਂ ਪੁਤਿਨ ਤੋਂ ਖੁਸ਼ ਨਹੀਂ ਹਾਂ’: ਯੂਕਰੇਨ ਦੇ ਹੱਕ 'ਚ ਟਰੰਪ ਨੇ ਰੂਸ 'ਤੇ ਨਵੀਆਂ ਪਾਬੰਦੀਆਂ ਦੇ ਕੀਤੇ ਇਸ਼ਾਰੇ

ਟਰੰਪ ਨੇ ਕਿਹਾ ਕਿ ਰੂਸੀ ਅਤੇ ਯੂਕਰੇਨੀ ਫੌਜੀ ਹਜ਼ਾਰਾਂ ਦੀ ਗਿਣਤੀ ਵਿੱਚ ਮਾਰੇ ਜਾ ਰਹੇ ਹਨ

ਡੋਨਾਲਡ ਟਰੰਪ ਅਤੇ ਵਲਾਦੀਮੀਰ ਪੁਤਿਨ / Reuters

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਨੇ ਯੂਕਰੇਨ ਨੂੰ ਵਾਧੂ ਹਥਿਆਰ ਭੇਜਣ ਦੀ ਮਨਜ਼ੂਰੀ ਦੇ ਦਿੱਤੀ ਹੈ ਅਤੇ ਉਹ ਰੂਸ ਉੱਤੇ ਨਵੀਆਂ ਪਾਬੰਦੀਆਂ ਲਗਾਉਣ 'ਤੇ ਵਿਚਾਰ ਕਰ ਰਹੇ ਹਨ। ਟਰੰਪ ਨੇ ਮੰਗਲਵਾਰ ਨੂੰ ਵ੍ਹਾਈਟ ਹਾਊਸ ਵਿੱਚ ਹੋਈ ਕੈਬਿਨੇਟ ਮੀਟਿੰਗ ਦੌਰਾਨ ਕਿਹਾ, “ਅਸੀਂ ਯੂਕਰੇਨ ਨੂੰ ਆਪਣੀ ਰੱਖਿਆ ਲਈ ਕੁਝ ਹਥਿਆਰ ਭੇਜ ਰਹੇ ਹਾਂ ਅਤੇ ਮੈਂ ਇਸ ਦੀ ਮਨਜ਼ੂਰੀ ਦੇ ਦਿੱਤੀ ਹੈ।”

ਉਨ੍ਹਾਂ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਪ੍ਰਤੀ ਨਾਰਾਜ਼ਗੀ ਜਤਾਉਂਦੇ ਹੋਏ ਕਿਹਾ, “ਮੈਂ ਪੁਤਿਨ ਤੋਂ ਖੁਸ਼ ਨਹੀਂ ਹਾਂ। ਮੈਂ ਤੁਹਾਨੂੰ ਇੰਨਾ ਦੱਸ ਸਕਦਾ ਹਾਂ ਕਿ ਰੂਸੀ ਅਤੇ ਯੂਕਰੇਨੀ ਫੌਜੀ ਹਜ਼ਾਰਾਂ ਦੀ ਗਿਣਤੀ ਵਿੱਚ ਮਾਰੇ ਜਾ ਰਹੇ ਹਨ।”

ਟਰੰਪ ਨੇ ਇਹ ਵੀ ਕਿਹਾ ਕਿ ਉਹ ਰੂਸ 'ਤੇ ਵਿਆਪਕ ਪਾਬੰਦੀਆਂ ਲਗਾਉਣ ਵਾਲੇ ਇਕ ਦੋ-ਪੱਖੀ ਸੈਨੇਟ ਬਿੱਲ ਦਾ ਸਮਰਥਨ ਕਰਨ ਬਾਰੇ ਵਿਚਾਰ ਕਰ ਰਹੇ ਹਨ। ਇਸ ਤੋਂ ਪਹਿਲਾਂ, ਸੋਮਵਾਰ ਨੂੰ ਟਰੰਪ ਨੇ ਯੂਕਰੇਨ ਨੂੰ ਵਾਧੂ ਹਥਿਆਰ ਭੇਜਣ ਦੀ ਘੋਸ਼ਣਾ ਕੀਤੀ ਸੀ, ਜਦ ਰੂਸ ਨੇ ਨਵੇਂ ਖੇਤਰੀ ਕਬਜ਼ਿਆਂ ਦਾ ਦਾਅਵਾ ਕੀਤਾ ਸੀ।

ਟਰੰਪ ਨੇ ਯੂਕਰੇਨ ਉੱਤੇ ਰੂਸ ਦੇ ਭਾਰੀ ਹਮਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਯੂਕਰੇਨ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ, “ਅਸੀਂ ਹੋਰ ਹਥਿਆਰ ਭੇਜਾਂਗੇ, ਮੁੱਖ ਤੌਰ 'ਤੇ ਰੱਖਿਆਤਮਕ ਹਥਿਆਰ।” ਹਾਲ ਹੀ ਵਿੱਚ, ਅਮਰੀਕਾ ਨੇ ਕੀਵ ਲਈ ਕੁਝ ਹਥਿਆਰਾਂ ਦੀ ਭੇਜੀ ਜਾਣ ਵਾਲੀ ਖੇਪ ਨੂੰ ਅਚਾਨਕ ਰੋਕ ਦਿੱਤਾ ਸੀ, ਜਿਸ ਕਾਰਨ ਯੂਕਰੇਨੀ ਅਧਿਕਾਰੀ ਹੈਰਾਨ ਰਹਿ ਗਏ ਸੀ ਅਤੇ ਉਨ੍ਹਾਂ ਨੇ ਇਸ ਬਾਰੇ ਸਪੱਸ਼ਟ ਸਪਸ਼ਟੀਕਰਨ ਮੰਗਿਆ ਸੀ।

ਮਿਲੀ ਖ਼ਬਰਾਂ ਮੁਤਾਬਕ ਕੁਝ ਦਿਨ ਪਹਿਲਾਂ, ਟਰੰਪ ਨੇ ਪੁਤਿਨ ਨਾਲ ਟੈਲੀਫ਼ੋਨ 'ਤੇ ਗੱਲਬਾਤ ਕੀਤੀ। ਦੱਸਿਆ ਜਾ ਰਿਹਾ ਹੈ ਕਿ ਪੁਤਿਨ ਅਤੇ ਟਰੰਪ ਦੇ ਦਰਮਿਆਨ ਟੈਲੀਫ਼ੋਨ 'ਤੇ ਲਗਭਗ ਇਕ ਘੰਟੇ ਤੱਕ ਗੱਲਬਾਤ ਹੋਈ। ਰੂਸੀ ਰਾਸ਼ਟਰਪਤੀ ਦਫ਼ਤਰ ਦੇ ਬਿਆਨ ਅਨੁਸਾਰ, ਟਰੰਪ ਅਤੇ ਪੁਤਿਨ ਦੀ ਗੱਲਬਾਤ ਦੌਰਾਨ ਯੂਕਰੇਨ ਮਸਲੇ 'ਤੇ ਚਰਚਾ ਹੋਈ। ਟਰੰਪ ਨੇ ਯੁੱਧ ਨੂੰ ਜਲਦੀ ਖਤਮ ਕਰਨ ਦੀ ਗੱਲ ਦੁਹਰਾਈ। ਨਾਲ ਹੀ ਟਰੰਪ ਨੇ ਕਿਹਾ, “ਅਸੀਂ ਯੂਕਰੇਨ ਦੇ ਯੁੱਧ ਸਮੇਤ ਕਈ ਮਾਮਲਿਆਂ 'ਤੇ ਗੱਲ ਕੀਤੀ। ਮੈਂ ਇਸ ਸਥਿਤੀ ਨਾਲ ਖੁਸ਼ ਨਹੀਂ ਹਾਂ।” ਉਨ੍ਹਾਂ ਨੇ ਇਹ ਵੀ ਕਿਹਾ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲਬਾਤ ਤੋਂ ਬਾਅਦ ਵੀ ਤਣਾਅ ਨੂੰ ਹੱਲ ਕਰਨ ਵਿੱਚ ਕੋਈ ਤਰੱਕੀ ਨਹੀਂ ਹੋਈ।

Comments

Related