ADVERTISEMENT

ADVERTISEMENT

ਬੰਦੀ ਛੋੜ ਦਿਵਸ ਦਾ ਇਤਿਹਾਸ ਸਿੱਖ ਪੰਥ ਲਈ ਆਜ਼ਾਦੀ ਅਤੇ ਨਿਆਂ ਦਾ ਪ੍ਰਤੀਕ: ਗਿਆਨੀ ਰਘਬੀਰ ਸਿੰਘ

ਗਿਆਨੀ ਰਘਬੀਰ ਸਿੰਘ ਨੇ ਇਸ ਮੌਕੇ ਵਾਤਾਵਰਣ ਦੀ ਸੰਭਾਲ ਦਿੱਤਾ ਸੰਦੇਸ਼

ਬੰਦੀ ਛੋੜ ਦਿਵਸ ਦਾ ਇਤਿਹਾਸ ਸਿੱਖ ਪੰਥ ਲਈ ਆਜ਼ਾਦੀ ਅਤੇ ਨਿਆਂ ਦਾ ਪ੍ਰਤੀਕ: ਗਿਆਨੀ ਰਘਬੀਰ ਸਿੰਘ / Courtesy

ਜਦ ਪੂਰਾ ਦੇਸ਼ ਤੇ ਸੰਸਾਰ ਦੀਵਾਲੀ ਦਾ ਤਿਉਹਾਰ ਮਨਾਉਂਦਾ ਹੈ, ਸਿੱਖ ਪੰਥ ਇਸੇ ਦਿਨ ਨੂੰ ਬੰਦੀ ਛੋੜ ਦਿਵਸ ਦੇ ਤੌਰ ਤੇ ਮਨਾਉਂਦਾ ਹੈ। ਇਹ ਦਿਹਾੜਾ ਸਿਰਫ਼ ਰੌਸ਼ਨੀ ਦਾ ਨਹੀਂ, ਸਗੋਂ ਆਜ਼ਾਦੀ ਅਤੇ ਨਿਆਂ ਦੇ ਪ੍ਰਤੀਕ ਵਜੋਂ ਮੰਨਿਆ ਜਾਂਦਾ ਹੈ। ਇਸ ਦਿਨ ਨੂੰ ਯਾਦ ਕਰਦਿਆਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਜੀ ਨੇ ਕਿਹਾ ਕਿ ਜਿਹੜਾ ਸਤਿਗੁਰੂ ਹੋਰਾਂ ਨੂੰ ਗੁਲਾਮੀ ਤੋਂ ਛੁਡਾਏ, ਉਹੀ ਅਸਲੀ ਦਿਆਲ ਸਤਿਗੁਰੂ ਹੁੰਦਾ ਹੈ।

ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਜੋ ਮੀਰੀ-ਪੀਰੀ ਦੇ ਮਾਲਕ ਸਨ, ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤੇ ਗਏ ਸਿਆਸੀ ਕੈਦੀਆਂ 52 ਰਾਜਿਆਂ ਨੂੰ ਰਿਹਾ ਕਰਵਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਾਪਸ ਪਹੁੰਚੇ। ਉਹਨਾਂ ਦੀ ਵਾਪਸੀ ਦੇ ਮੌਕੇ ‘ਤੇ ਸੰਗਤਾਂ ਨੇ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਦੀਵੇ ਬਾਲ ਕੇ, ਖੁਸ਼ੀ ਵਿੱਚ ਦੀਪਮਾਲਾ ਕਰਕੇ ਸਤਿਗੁਰੂ ਦਾ ਸਵਾਗਤ ਕੀਤਾ। ਇਸ ਦਿਨ ਤੋਂ ਹੀ ਸਿੱਖ ਪੰਥ ਇਸ ਖੁਸ਼ੀ ਨੂੰ “ਬੰਦੀ ਛੋੜ ਦਿਵਸ” ਦੇ ਰੂਪ ਵਿੱਚ ਮਨਾਉਂਦਾ ਆ ਰਿਹਾ ਹੈ।

ਗਿਆਨੀ ਰਘਬੀਰ ਸਿੰਘ ਜੀ ਨੇ ਇਹ ਵੀ ਦੱਸਿਆ ਕਿ ਜਿਸ ਤਰ੍ਹਾਂ ਅਯੁੱਧਿਆ ਦੇ ਲੋਕਾਂ ਨੇ ਸ੍ਰੀ ਰਾਮ ਚੰਦਰ ਜੀ ਦੀ ਵਾਪਸੀ ‘ਤੇ ਦੀਵੇ ਬਾਲੇ, ਉਸੇ ਤਰ੍ਹਾਂ ਸਿੱਖ ਜਗਤ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਵਾਪਸੀ ਨੂੰ ਚਾਨਣਾਂ ਨਾਲ਼ ਮਨਾਇਆ। ਉਹਨਾਂ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਾਨੂੰ ਇਸ ਤਿਉਹਾਰ ਦੀ ਆਤਮਕ ਮਹੱਤਤਾ ਸਮਝਣੀ ਚਾਹੀਦੀ ਹੈ — ਇਹ ਸਿਰਫ਼ ਰੌਸ਼ਨੀ ਦਾ ਤਿਉਹਾਰ ਨਹੀਂ, ਸਗੋਂ ਜ਼ੁਲਮ ਖ਼ਿਲਾਫ਼ ਲੜਾਈ ਅਤੇ ਮਨੁੱਖੀ ਅਧਿਕਾਰਾਂ ਦੀ ਜਿੱਤ ਦਾ ਦਿਨ ਹੈ।

ਇਸ ਮੌਕੇ ਗਿਆਨੀ ਜੀ ਨੇ ਸੰਗਤਾਂ ਨੂੰ ਇਹ ਵੀ ਅਪੀਲ ਕੀਤੀ ਕਿ ਜਿਵੇਂ ਅਸੀਂ ਦੀਵੇ ਬਾਲ ਕੇ ਵਾਤਾਵਰਣ ਨੂੰ ਸੁਗੰਧਤ ਕਰਦੇ ਹਾਂ, ਉਸੇ ਤਰ੍ਹਾਂ ਸਾਨੂੰ ਪਟਾਖਿਆਂ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ ਕਿਉਂਕਿ ਉਹ ਹਵਾ ਨੂੰ ਦੂਸ਼ਿਤ ਕਰਦੇ ਹਨ ਅਤੇ ਪੰਛੀਆਂ ਤੇ ਬਜ਼ੁਰਗਾਂ ਲਈ ਨੁਕਸਾਨਦੇਹ ਹੁੰਦੇ ਹਨ। ਸਿੱਖ ਪੰਥ ਦਾ ਸੰਦੇਸ਼ ਹਮੇਸ਼ਾ ਸ਼ਾਂਤੀ, ਪ੍ਰਕਾਸ਼ ਅਤੇ ਪ੍ਰੇਮ ਦਾ ਰਿਹਾ ਹੈ — ਇਸ ਲਈ ਬੰਦੀ ਛੋੜ ਦਿਵਸ ‘ਤੇ ਸਭ ਨੂੰ ਵਾਤਾਵਰਣ ਦੀ ਰੱਖਿਆ ਅਤੇ ਮਨੁੱਖਤਾ ਦੀ ਸੇਵਾ ਦਾ ਵਚਨ ਦੇਣਾ ਚਾਹੀਦਾ ਹੈ।

ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਹਰੇਕ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੰਗਤਾਂ ਬੰਦੀ ਛੋੜ ਦਿਵਸ ਦੀਆਂ ਖੁਸ਼ੀਆਂ ਮਨਾਂ ਰਹੀਆਂ ਹਨ। ਸਾਰੀ ਦੁਨੀਆ ‘ਚ ਵੱਸਦੇ ਸਿੱਖ ਇਸ ਦਿਨ ਨੂੰ ਚਾਅ, ਸ਼ਰਧਾ ਤੇ ਉਤਸਾਹ ਨਾਲ਼ ਮਨਾਉਂਦੇ ਹੋਏ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਯਾਦ ਕਰਦੇ ਹਨ, ਜਿਨ੍ਹਾਂ ਨੇ ਸੱਚੀ ਮਾਨਵ ਆਜ਼ਾਦੀ ਦੀ ਮਿਸਾਲ ਕਾਇਮ ਕੀਤੀ। 

Comments

Related

ADVERTISEMENT

 

 

 

ADVERTISEMENT

 

 

E Paper

 

 

 

Video