ADVERTISEMENT

ADVERTISEMENT

ਗੁਰੂ ਨਾਨਕ ਦੀ ਜੋਤ ਜਗਦੀ ਰਹੀ: ਗੁਰਿਆਈ ਪੁਰਬ ਸ੍ਰੀ ਗੁਰੂ ਅੰਗਦ ਦੇਵ ਜੀ

ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਨੂੰ ਗੁਰੂ-ਜੋਤਿ ਬਖਸ਼ਿਸ਼ ਕਰਕੇ ਆਪਣਾ ਅੰਗ ਭਾਵ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਰੂਪ ਵਿੱਚ ਪ੍ਰਗਟ ਕੀਤਾ

ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਰੂਪ ਦੀ ਚਿੱਤਰਕਾਰ ਦੀ ਕਲਪਨਾ / Courtesy Photo

ਸੇਵਾ, ਸਿਮਰਨ ਅਤੇ ਦਇਆ-ਭਾਵਨਾ ਦੇ ਪੁੰਜ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਗੁਰਿਆਈ ਪੁਰਬ 12 ਸਤੰਬਰ ਨੂੰ ਮਨਾਇਆ ਗਿਆ। ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ 1504 ਈ: ’ਚ ਭਾਈ ਫੇਰੂ ਮੱਲ ਜੀ ਅਤੇ ਮਾਤਾ ਦਇਆ ਕੌਰ ਜੀ ਦੀ ਗ੍ਰਹਿ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਮੱਤੇ ਦੀ ਸਰਾਂ ਵਿਖੇ ਹੋਇਆ। ਆਪ ਜੀ ਦਾ ਮੁੱਢਲਾ ਨਾਮ ਭਾਈ ਲਹਿਣਾ ਜੀ ਸੀ। ਆਪ ਜੀ ਦਾ ਵਿਆਹ ਸ੍ਰੀ ਖਡੂਰ ਸਾਹਿਬ ਦੇ ਨਜ਼ਦੀਕ ਪਿੰਡ ਸੰਘਰ ਦੇ ਭਾਈ ਦੇਵੀ ਚੰਦ ਜੀ ਦੀ ਸਪੁੱਤਰੀ ਬੀਬੀ ਖੀਵੀ ਜੀ ਨਾਲ ਹੋਇਆ। ਆਪ ਜੀ ਦੇ ਦੋ ਪੁੱਤਰ ਬਾਬਾ ਦਾਸੂ ਜੀ ਅਤੇ ਬਾਬਾ ਦਾਤੂ ਜੀ ਅਤੇ ਦੋ ਸਪੁੱਤਰੀਆਂ ਬੀਬੀ ਅਮਰੋ ਜੀ ਅਤੇ ਬੀਬੀ ਅਨੋਖੀ ਜੀ ਸਨ।

 

ਕੁਝ ਸਮਾਂ ਭਾਈ ਲਹਿਣਾ ਜੀ ਨੇ ਮੱਤੇ ਦੀ ਸਰਾਂ ਵਿਖੇ ਬਤੀਤ ਕੀਤਾ ਤੇ ਫਿਰ ਆਪ ਜੀ ਪਰਿਵਾਰ ਸਮੇਤ ਖਡੂਰ ਸਾਹਿਬ ਆ ਗਏ ਸਨ। ਆਪ ਜੀ ਦੇ ਪਿਤਾ ਧਾਰਮਿਕ ਬਿਰਤੀ ਦੇ ਮਾਲਕ ਸਨ ਜਿਸ ਤੋਂ ਆਪ ਜੀ ਨੂੰ ਧਰਮ ਦੇ ਕਾਰਜ ਤੇ ਤੀਰਥਾਂ ’ਤੇ ਜਾਣ ਦੀ ਲਾਗ ਲੱਗੀ। ਸਿੱਖ ਧਰਮ ਵਿੱਚ ਆਉਣ ਦਾ ਜਰੀਆ ਭਾਈ ਜੋਧ ਜੀ ਬਣੇ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਨਿੰਨ ਸਿੱਖ ਸਨ। ਖਡੂਰ ਸਾਹਿਬ ਰਹਿੰਦਿਆਂ ਭਾਈ ਲਹਿਣਾ ਜੀ ਨੇ ਭਾਈ ਜੋਧ ਜੀ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਸੁਣੀ ਤਾਂ ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਮਿਲਾਪ ਦੀ ਇੱਛਾ ਜ਼ਾਹਰ ਕੀਤੀ।

 

ਭਾਈ ਜੋਧ ਜੀ ਸਦਕਾ ਭਾਈ ਲਹਿਣਾ ਜੀ ਦਾ ਮੇਲ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਕਰਤਾਰਪੁਰ ਸਾਹਿਬ ਵਿਖੇ ਹੋਇਆ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਤੇ ਉਨ੍ਹਾਂ ਦੇ ਬਚਨਾਂ ਦਾ ਆਪ ਜੀ ਤੇ ਅਜਿਹਾ ਪ੍ਰਭਾਵ ਪਿਆ ਕਿ ਭਾਈ ਲਹਿਣਾ ਜੀ ਨੇ ਗੁਰੂ ਜੀ ਦੀ ਸ਼ਰਨ ਵਿੱਚ ਰਹਿ ਕੇ ਜੀਵਨ ਬਤੀਤ ਕਰਨ ਦਾ ਪ੍ਰਣ ਕਰ ਲਿਆ। ਭਾਈ ਲਹਿਣਾ ਜੀ ਨੇ ਮਨ-ਤਨ ਨਾਲ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸੇਵਾ ਨਿਭਾਈ। ਆਪ ਜੀ ਪਹਿਲੇ ਪਾਤਸ਼ਾਹ ਜੀ ਦੇ ਹੁਕਮ ਨੂੰ ਖਿੜੇ ਮੱਥੇ ਪ੍ਰਵਾਨ ਕਰਕੇ ਉਸੇ ਵੇਲੇ ਸੇਵਾ ਵਿੱਚ ਜੁੱਟ ਜਾਂਦੇ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਦੀਆਂ ਕਈ ਪ੍ਰਕਾਰ ਦੀਆਂ ਪ੍ਰੀਖਿਆਵਾਂ ਵੀ ਲਈਆਂ, ਜਿਨ੍ਹਾਂ ਵਿੱਚੋਂ ਭਾਈ ਲਹਿਣਾ ਜੀ ਹਰ ਵਾਰ ਪਾਸ ਹੁੰਦੇ ਰਹੇ।

 

ਪਹਿਲੇ ਪਾਤਸ਼ਾਹ ਜੀ ਨੇ ਜੋਤੀ-ਜੋਤਿ ਸਮਾਉਣ ਤੋਂ ਪਹਿਲਾਂ ਅੱਸੂ ਵਦੀ 5 ਸੰਮਤ 1596 ਬਿ. ਮੁਤਾਬਿਕ 1539 ਈ. ਨੂੰ ਭਾਈ ਲਹਿਣਾ ਜੀ ਨੂੰ ਗੁਰੂ-ਜੋਤਿ ਬਖਸ਼ਿਸ਼ ਕਰਕੇ ਆਪਣਾ ਅੰਗ ਭਾਵ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਰੂਪ ਵਿੱਚ ਪ੍ਰਗਟ ਕੀਤਾ।

 

ਗੁਰਿਆਈ ਤੋਂ ਬਾਅਦ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਨੂੰ ਇਕਸਾਰਤਾ ਬਖਸ਼ੀ ਅਤੇ ਇਸ ਦੇ ਪ੍ਰਚਾਰ-ਪ੍ਰਸਾਰ ਲਈ ਗੁਰਮੁਖੀ ਕਾਇਦੇ ਵੀ ਤਿਆਰ ਕਰਵਾਏ। ਗੁਰੂ ਜੀ ਨੇ ਖਡੂਰ ਸਾਹਿਬ ਜੀ ਨੂੰ ਸਿੱਖ ਧਰਮ ਦਾ ਪ੍ਰਚਾਰ ਕੇਂਦਰ ਬਣਾਇਆ। ਸ੍ਰੀ ਖਡੂਰ ਸਾਹਿਬ ਵਿਖੇ ਉਨ੍ਹਾਂ ਨੇ ਮੱਲ ਅਖਾੜਿਆਂ ਦੀ ਸ਼ੁਰੂਆਤ ਕਰਵਾਈ ਜਿੱਥੇ ਸਿੱਖ ਨੌਜਵਾਨ ਨਿੱਤ ਕੁਸ਼ਤੀ ਦੇ ਅਭਿਆਸ ਕਰਿਆ ਕਰਦੇ ਸਨ। ਏਥੇ ਹੀ ਪਹਿਲੇ ਪਾਤਸ਼ਾਹ ਜੀ ਦੇ ਵੱਲੋਂ ਚਲਾਈ ਲੰਗਰ ਪ੍ਰਥਾ ਨੂੰ ਸੰਸਥਾਗਤ ਰੂਪ ਵਿੱਚ ਉਜਾਗਰ ਕੀਤਾ ਜਿਸ ਵਿੱਚ ਮਾਤਾ ਖੀਵੀ ਜੀ ਨੇ ਵੀ ਭਰਪੂਰ ਯੋਗਦਾਨ ਪਾਇਆ। 

 

ਉਨ੍ਹਾਂ ਦੇ ਹੁਕਮ ਦੇ ਸਦਕਾ ਹੀ ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਗੋਇੰਦਵਾਲ ਸਾਹਿਬ ਦੀ ਸਥਾਪਨਾ ਕਰਵਾ ਕੇ ਓਥੇ ਵਸੋਂ ਕਰਵਾਈ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਪ ਜੀ ਦੇ ਦਰਜ 63 ਸਲੋਕ ਲੁਕਾਈ ਨੂੰ ਅਧਿਆਤਮਿਕ, ਧਾਰਮਿਕ ਅਤੇ ਸਮਾਜਿਕ ਸੇਧ ਦਿੰਦੇ ਹਨ। ਸਿੱਖ ਧਰਮ ਦੀ ਯੋਗ ਅਗਵਾਈ ਕਰਦੇ ਹੋਏ ਸ੍ਰੀ ਗੁਰੂ ਅੰਗਦ ਦੇਵ ਜੀ ਸੰਨ 1552 ਈ. ’ਚ ਸ੍ਰੀ ਖਡੂਰ ਸਾਹਿਬ ਵਿਖੇ ਜੋਤੀ-ਜੋਤਿ ਸਮਾ ਗਏ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video