ਹੋਣਹਾਰ ਵਿਦਿਆਰਥੀਆਂ ਦਾ ਕੀਤਾ ਸਨਮਾਨ / Staff Reporter
ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅੱਜ 'ਗੁਰੂ ਨਾਨਕ ਮਲਟੀਵਰਸਿਟੀ' ਅਤੇ 'ਐਜੂਕੇਟ ਪੰਜਾਬ ਪ੍ਰੋਜੈਕਟ' ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਪਿਛਲੇ ਸਮੇਂ ਵਿੱਚ ਕਰਵਾਈਆਂ ਗਈਆਂ ਧਾਰਮਿਕ ਪ੍ਰਤੀਯੋਗਤਾਵਾਂ ਵਿੱਚੋਂ ਮੋਹਰੀ ਰਹਿਣ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।
ਸਮਾਗਮ ਵਿੱਚ ਵਿਸ਼ੇਸ਼ ਤੌਰ 'ਤੇ ਪਹੁੰਚੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੰਬੋਧਨ ਕਰਦਿਆਂ ਕਿਹਾ ਕਿ 'ਐਜੂਕੇਟ ਪੰਜਾਬ ਪ੍ਰੋਜੈਕਟ' ਵੱਲੋਂ ਪੰਜਾਬ ਦੇ ਬੱਚਿਆਂ ਨੂੰ ਉੱਚ ਵਿੱਦਿਆ ਨਾਲ ਜੋੜਨ ਲਈ ਕੀਤਾ ਜਾ ਰਿਹਾ ਉੱਦਮ ਬੇਹੱਦ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਬਿਨਾਂ ਕਿਸੇ ਫੀਸ ਦੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਪੜ੍ਹਾਉਣਾ ਪੰਥ ਦੀ ਵੱਡੀ ਸੇਵਾ ਹੈ। ਜਥੇਦਾਰ ਸਾਹਿਬ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਸੰਸਥਾ ਵੱਲੋਂ ਕੀਤੀ ਗਈ ਕਰੋੜਾਂ ਰੁਪਏ ਦੀ ਸਹਾਇਤਾ, ਪਸ਼ੂਆਂ ਦੀ ਵੰਡ ਅਤੇ ਘਰ ਬਣਾ ਕੇ ਦੇਣ ਦੇ ਕਾਰਜਾਂ ਦਾ ਵੀ ਵਿਸ਼ੇਸ਼ ਜ਼ਿਕਰ ਕੀਤਾ।
ਧਰਮ ਪਰਿਵਰਤਨ ਦੇ ਗੰਭੀਰ ਮੁੱਦੇ 'ਤੇ ਬੋਲਦਿਆਂ ਜਥੇਦਾਰ ਸਾਹਿਬ ਨੇ ਕਿਹਾ ਕਿ ਅਜਿਹੇ ਵਿੱਦਿਅਕ ਅਤੇ ਸਮਾਜਿਕ ਉਪਰਾਲਿਆਂ ਕਾਰਨ ਹੀ ਧਰਮ ਪਰਿਵਰਤਨ ਨੂੰ ਠੱਲ੍ਹ ਪਈ ਹੈ। ਉਨ੍ਹਾਂ ਦੱਸਿਆ ਕਿ ਜਦੋਂ ਅਸੀਂ ਲੋੜਵੰਦਾਂ ਤੱਕ ਪਹੁੰਚ ਕਰਦੇ ਹਾਂ, ਤਾਂ ਉਹ ਪਰਿਵਾਰ ਜੋ ਲਾਲਚ ਵੱਲੋਂ ਭਟਕ ਗਏ ਸਨ, ਮੁੜ ਆਪਣੇ ਮੂਲ ਸਿੱਖੀ ਜੀਵਨ ਵੱਲ ਪਰਤ ਰਹੇ ਹਨ।
ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੇ ਕਿਹਾ ਕਿ ਸਿੱਖ ਕੌਮ ਦੀ ਪਨੀਰੀ (ਨੌਜਵਾਨ ਪੀੜ੍ਹੀ) ਨੂੰ ਸੰਭਾਲਣਾ ਸਾਡਾ ਸਾਂਝਾ ਟੀਚਾ ਹੈ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਸ਼੍ਰੋਮਣੀ ਕਮੇਟੀ ਅਜਿਹੇ ਹਰ ਕਾਰਜ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ ਜੋ ਬੱਚਿਆਂ ਨੂੰ ਚੰਗੀ ਵਿੱਦਿਆ ਦੇ ਕੇ ਸਮਾਜ ਵਿੱਚ ਉੱਚੇ ਰੁਤਬੇ ਹਾਸਲ ਕਰਨ ਦੇ ਯੋਗ ਬਣਾਉਂਦਾ ਹੈ।
ਸਮਾਗਮ ਵਿੱਚ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ, ਪੰਥਕ ਸ਼ਖ਼ਸੀਅਤਾਂ ਅਤੇ ਵਿਦਿਆਰਥੀਆਂ ਨੇ ਹਾਜ਼ਰੀ ਭਰੀ। ਪ੍ਰਬੰਧਕਾਂ ਨੇ ਦੱਸਿਆ ਕਿ ਉਨ੍ਹਾਂ ਦਾ ਮੁੱਖ ਉਦੇਸ਼ ਸਿੱਖ ਬੱਚਿਆਂ ਨੂੰ ਪੜ੍ਹਾ-ਲਿਖਾ ਕੇ ਇੱਕ ਨਿਰੋਏ ਸਮਾਜ ਦੀ ਸਿਰਜਣਾ ਕਰਨਾ ਹੈ।
ਇੰਗਲੈਂਡ ਦੇ ਪ੍ਰਸਿੱਧ ਕਾਰੋਬਾਰੀ ਅਤੇ ਪਰਉਪਕਾਰੀ ਸ਼ਖ਼ਸੀਅਤ ਸਰਦਾਰ ਜਸਵਿੰਦਰ ਸਿੰਘ ਕੋਹਲੀ ਨੇ ਅੱਜ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਗੁਰਦੁਆਰਿਆਂ ਦੀਆਂ ਇਮਾਰਤਾਂ ਅਤੇ ਲੰਗਰਾਂ ਦੇ ਨਾਲ-ਨਾਲ ਹੁਣ 'ਵਿੱਦਿਆ ਦਾ ਲੰਗਰ' ਲਗਾਉਣ ਦੀ ਸਖ਼ਤ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਬੱਚਿਆਂ ਨੂੰ ਉੱਚ ਕੋਟੀ ਦੀ ਪੜ੍ਹਾਈ ਕਰਵਾ ਕੇ ਹੀ ਕੌਮ ਨੂੰ ਆਰਥਿਕ ਅਤੇ ਸਮਾਜਿਕ ਤੌਰ 'ਤੇ ਮਜ਼ਬੂਤ ਕੀਤਾ ਜਾ ਸਕਦਾ ਹੈ। ਆਪਣੀ ਜੀਵਨ ਯਾਤਰਾ ਸਾਂਝੀ ਕਰਦਿਆਂ ਸ. ਕੋਹਲੀ ਨੇ ਦੱਸਿਆ ਕਿ ਉਹ ਅਤਿ ਦੀ ਗਰੀਬੀ ਵਿੱਚੋਂ ਉੱਠ ਕੇ ਗੁਰਬਾਣੀ ਦੇ ਅੱਖਰ-ਅੱਖਰ ਦੀ ਬਰਕਤ ਨਾਲ ਅੱਜ ਇਸ ਮੁਕਾਮ 'ਤੇ ਪਹੁੰਚੇ ਹਨ। ਉਨ੍ਹਾਂ ਦੱਸਿਆ ਕਿ ਸਾਲ 2006 ਵਿੱਚ ਉਹ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਤੋਂ ਗੁਰਬਾਣੀ ਦੇ ਓਟ ਆਸਰੇ ਸਦਕਾ ਹੀ ਮੁਕਤ ਹੋਏ ਸਨ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਦੇ ਜੀਵਨ ਦਾ ਇੱਕੋ-ਇੱਕ ਮਕਸਦ ਲੋੜਵੰਦ ਬੱਚਿਆਂ ਦੀਆਂ ਪੜ੍ਹਾਈਆਂ 'ਤੇ ਆਪਣੀ ਕਮਾਈ ਖ਼ਰਚਣਾ ਹੈ। ਉਨ੍ਹਾਂ ਦੱਸਿਆ ਕਿ ਉਹ ਹੁਣ ਤੱਕ 2 ਲੱਖ ਬੱਚਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜ ਚੁੱਕੇ ਹਨ ਅਤੇ 6000 ਬੱਚਿਆਂ ਦੀਆਂ ਫੀਸਾਂ ਭਰ ਰਹੇ ਹਨ। ਸ. ਕੋਹਲੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪੰਜਾਬ ਦੇ ਪਿੰਡ-ਪਿੰਡ ਜਾ ਕੇ ਬੱਚਿਆਂ ਨੂੰ ਜਪੁਜੀ ਸਾਹਿਬ ਦੇ ਪਾਠ ਅਤੇ ਉੱਚ ਵਿੱਦਿਆ ਨਾਲ ਜੋੜਨ ਦਾ ਕਾਰਜ ਜਾਰੀ ਰੱਖਣਗੇ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਪਖੰਡੀਆਂ ਨੂੰ ਪੈਸੇ ਦੇਣ ਦੀ ਬਜਾਏ ਆਪਣੇ ਹੱਥੀਂ ਬੱਚਿਆਂ ਨੂੰ ਪੜ੍ਹਾਉਣ ਦਾ ਜ਼ਿੰਮਾ ਚੁੱਕਣ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login