ADVERTISEMENT

ADVERTISEMENT

ਗਿਆਨੀ ਰਘਬੀਰ ਸਿੰਘ ਤੇ ਐਡਵੋਕੇਟ ਧਾਮੀ ਨੇ ਗੁਰਸਿੱਖ ਬੱਚੇ ਅਰਜਨਵੀਰ ਸਿੰਘ ਦੀ 31 ਰਾਗਾਂ ’ਤੇ ਅਧਾਰਿਤ ‘ਗੁਰ ਸ਼ਬਦ ਰਾਗ ਰਤਨ’ ਐਲਬਮ ਕੀਤੀ ਜਾਰੀ

ਗੁਰ ਸ਼ਬਦ ਰਾਗ ਰਤਨ ਐਲਬਮ ਜਾਰੀ ਕਰਦੇ ਹੋਏ ਸਿੱਖ ਆਗੂ / x@SGPCAmritsar

ਨਿਊਯਾਰਕ ਦੇ ਅਲਬਾਨੀ ਤੋਂ 12 ਸਾਲ ਦੇ ਗੁਰਸਿੱਖ ਬੱਚੇ ਅਰਜਨਵੀਰ ਸਿੰਘ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 31 ਰਾਗਾਂ ’ਤੇ ਅਧਾਰਿਤ ਗੁਰਬਾਣੀ ਕੀਰਤਨ ਦੀ ਗੁਰ ਸ਼ਬਦ ਰਾਗ ਰਤਨ ਐਲਬਮ ਜਾਰੀ ਕੀਤੀ ਗਈ। ਇਹ ਐਲਬਮ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ’ਤੇ ਰਾੜਾ ਸਾਹਿਬ ਸੰਪ੍ਰਦਾ ਦੇ ਮੁਖੀ ਬਾਬਾ ਬਲਜਿੰਦਰ ਸਿੰਘ ਨੇ ਪ੍ਰਮੁੱਖ ਸ਼ਖ਼ਸੀਅਤਾਂ ਦੀ ਹਾਜ਼ਰੀ ਵਿਚ ਜਾਰੀ ਕੀਤੀ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਕਿਹਾ ਕਿ 12 ਸਾਲ ਦੇ ਕਾਕਾ ਅਰਜਨਵੀਰ ਸਿੰਘ ’ਤੇ ਸਤਿਗੁਰੂ ਦੀ ਅਪਾਰ ਕਿਰਪਾ ਹੋਈ ਹੈ, ਜਿਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 31 ਰਾਗਾਂ ’ਤੇ ਅਧਾਰਿਤ ਗੁਰਬਾਣੀ ਕੀਰਤਨ ਦੀ ਸਿਖਲਾਈ ਲਈ ਹੈ। ਇਸ ਬੱਚੇ ਨੂੰ ਰਾਗ ਅਧਾਰਿਤ ਕੀਰਤਨ ਦੀ ਸਿਖਲਾਈ ਰਾੜਾ ਸਾਹਿਬ ਸੰਪ੍ਰਦਾ ਦੇ ਮੁਖੀ ਬਾਬਾ ਬਲਜਿੰਦਰ ਸਿੰਘ ਰਾਹੀਂ ਸੰਗੀਤ ਦੇ ਵਿਦਵਾਨ ਡਾ. ਗੁਰਨਾਮ ਸਿੰਘ ਵੱਲੋਂ ਦਿੱਤੀ ਗਈ ਹੈ, ਜੋ ਸ਼ਲਾਘਾਯੋਗ ਉਪਰਾਲਾ ਹੈ। ਐਡਵੋਕੇਟ ਧਾਮੀ ਨੇ ਇਸ ਬੱਚੇ ਦੇ ਪਰਿਵਾਰ ਨੂੰ ਵਧਾਈ ਦਿੰਦਿਆਂ ਬੱਚੇ ਦੇ ਚੰਗੇਰੇ ਭਵਿੱਖ ਲਈ ਕਾਮਨਾ ਕੀਤੀ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਾਕਾ ਅਰਜਨਵੀਰ ਸਿੰਘ, ਬਾਬਾ ਬਲਜਿੰਦਰ ਸਿੰਘ ਰਾੜਾ ਸਾਹਿਬ ਅਤੇ ਡਾ. ਗੁਰਨਾਮ ਸਿੰਘ ਨੂੰ ਸਨਮਾਨਿਤ ਵੀ ਕੀਤਾ। ਇਸੇ ਦੌਰਾਨ ਡਾ. ਗੁਰਨਾਮ ਸਿੰਘ ਦੁਆਰਾ ਲਿਖੀ ਗਈ ਗੁਰ ਸ਼ਬਦ ਰਾਗ ਰਤਨ ਨਾਮ ਦੀ ਪੁਸਤਕ ਵੀ ਜਾਰੀ ਕੀਤੀ ਗਈ।

Comments

Related