ਸਾਲ 1984 ਵਿੱਚ ਪਹਿਲੀ ਵਾਰ ਏਸ਼ੀਆ ਕਪ ਖੇਡਿਆ ਗਿਆ ਸੀ। ਉਸ ਤੋਂ ਬਾਅਦ ਹੁਣ ਤੱਕ 17 ਸੀਜ਼ਨ ਹੋ ਚੁੱਕੇ ਹਨ। 1984 ਤੋਂ 2025 ਦੇ ਵਿਚਕਾਰ 41 ਸਾਲਾਂ ਦਾ ਅੰਤਰ ਹੈ, ਅਤੇ ਇਹ ਪਹਿਲੀ ਵਾਰ ਹੋਵੇਗਾ ਕਿ ਭਾਰਤ ਅਤੇ ਪਾਕਿਸਤਾਨ ਇਸ ਵਕਾਰੀ ਟੂਰਨਾਮੈਂਟ ਦੇ ਫਾਈਨਲ ਵਿੱਚ ਸਿੱਧਾ ਸਾਹਮਣੇ ਆਉਣਗੇ। ਇਹ ਟੂਰਨਾਮੈਂਟ ਲਈ ਇੱਕ ਇਤਿਹਾਸਕ ਪਲ ਹੈ।
ਇਸਨੂੰ ਇਸ ਟੂਰਨਾਮੈਂਟ ਦਾ ਸਭ ਤੋਂ ਵੱਡਾ ਮੋੜ ਮੰਨਿਆ ਜਾ ਰਿਹਾ ਹੈ। ਪਾਕਿਸਤਾਨ ਨੇ 25 ਸਤੰਬਰ ਨੂੰ ਸੁਪਰ-4 ਮੁਕਾਬਲੇ ਵਿੱਚ ਬੰਗਲਾਦੇਸ਼ ਨੂੰ ਹਰਾਕੇ ਫਾਈਨਲ ਵਿੱਚ ਭਾਰਤ ਨਾਲ ਮੁਕਾਬਲਾ ਕਰਨ ਲਈ ਆਪਣੀ ਜਗ੍ਹਾ ਪੱਕੀ ਕੀਤੀ। ਹਾਲਾਂਕਿ ਸ਼ੁਰੂ ਤੋਂ ਹੀ ਅਨੁਮਾਨ ਲਗਾਇਆ ਜਾ ਰਿਹਾ ਸੀ ਕਿ ਦੋਵੇਂ ਦੇਸ਼ ਫਾਈਨਲ ਵਿੱਚ ਮਿਲਣਗੇ।
ਭਾਰਤ ਨੇ ਇਹ ਖਿਤਾਬ 1984, 1988, 1990-91, 1995, 2010, 2016, 2018 ਅਤੇ 2023 ਵਿੱਚ ਹੁਣ ਤੱਕ 8 ਵਾਰ ਜਿੱਤਿਆ ਹੈ । ਪਾਕਿਸਤਾਨ ਨੇ ਸਿਰਫ 2 ਵਾਰ—2000 ਅਤੇ 2012 ਵਿੱਚ—ਇਹ ਖਿਤਾਬ ਆਪਣੇ ਨਾਮ ਕੀਤੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਦੋਵੇਂ ਦੇਸ਼ ਪਹਿਲਾਂ ਕਦੇ ਵੀ ਫਾਈਨਲ ਵਿੱਚ ਨਹੀਂ ਟਕਰਾਏ। ਹੁਣ ਭਾਰਤ ਲਈ ਪਾਕਿਸਤਾਨ ਖਿਲਾਫ ਫਾਈਨਲ 12ਵਾਂ ਏਸ਼ੀਆ ਕਪ ਫਾਈਨਲ ਹੋਵੇਗਾ।
ਭਾਰਤ ਨੇ 1986 ਦਾ ਏਸ਼ੀਆ ਕਪ ਨਹੀਂ ਖੇਡਿਆ ਸੀ ਕਿਉਂਕਿ ਉਸ ਵੇਲੇ ਸ਼੍ਰੀਲੰਕਾ ਨਾਲ ਰਿਸ਼ਤੇ ਤਣਾਅਪੂਰਨ ਸਨ। ਪਾਕਿਸਤਾਨ ਨੇ ਵੀ 1990-91 ਦਾ ਟੂਰਨਾਮੈਂਟ ਰਾਜਨੀਤਿਕ ਕਾਰਨਾਂ ਕਰਕੇ ਬਾਇਕਾਟ ਕੀਤਾ ਸੀ। ਇਸੀ ਕਾਰਨ 1993 ਦਾ ਏਸ਼ੀਆ ਕਪ ਰੱਦ ਹੋ ਗਿਆ ਸੀ। ਬਾਅਦ ਵਿੱਚ ਏਸ਼ੀਅਨ ਕ੍ਰਿਕੇਟ ਕਾਊਂਸਿਲ ਨੇ ਫੈਸਲਾ ਲਿਆ ਕਿ 2009 ਤੋਂ ਇਹ ਟੂਰਨਾਮੈਂਟ ਹਰ ਦੋ ਸਾਲਾਂ ਬਾਅਦ ਹੋਵੇਗਾ। ਆਈਸੀਸੀ ਨੇ ਇਹ ਵੀ ਘੋਸ਼ਣਾ ਕੀਤੀ ਕਿ ਏਸ਼ੀਆ ਕਪ ਦੇ ਸਾਰੇ ਮੈਚ ਆਧਿਕਾਰਿਕ ਵਨਡੇ ਮੈਚ ਮੰਨੇ ਜਾਣਗੇ ਅਤੇ ਟੀ20 ਫਾਰਮੈਟ ਵਿੱਚ ਖੇਡੇ ਜਾਣਗੇ। ਇਸ ਕਰਕੇ 2016 ਦਾ ਏਸ਼ੀਆ ਕਪ ਪਹਿਲੀ ਵਾਰ ਟੀ20 ਵਿੱਚ ਖੇਡਿਆ ਗਿਆ। ਬਾਅਦ ਵਿੱਚ 2022 ਅਤੇ ਹੁਣ 2025 ਵਿੱਚ ਵੀ ਇਹ ਟੀ20 ਫਾਰਮੈਟ ਵਿੱਚ ਹੋ ਰਿਹਾ ਹੈ।
ਜੇਕਰ ਸੈਮੀ-ਫਾਈਨਲ ਮੈਚ ਦੀ ਗੱਲ ਕਰੀਏ ਤਾਂ 25 ਸਤੰਬਰ ਨੂੰ ਏਸ਼ੀਆ ਕਪ 2025 ਵਿੱਚ ਬੰਗਲਾਦੇਸ਼ ਅਤੇ ਪਾਕਿਸਤਾਨ ਦੀ ਟੱਕਰ ਹੋਈ। ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਗਏ ਸੁਪਰ-4 ਮੈਚ ਵਿੱਚ ਪਾਕਿਸਤਾਨ ਨੇ ਬੰਗਲਾਦੇਸ਼ ਨੂੰ 11 ਰਨਾਂ ਨਾਲ ਹਰਾਕੇ ਫਾਈਨਲ ਵਿੱਚ ਆਪਣਾ ਕਦਮ ਪੱਕਾ ਕੀਤਾ। ਬੰਗਲਾਦੇਸ਼ ਨੂੰ 136 ਰਨਾਂ ਦਾ ਟਾਰਗੇਟ ਮਿਲਿਆ ਸੀ, ਪਰ ਉਹ 20 ਓਵਰਾਂ ਵਿੱਚ 9 ਵਿਕਟਾਂ 'ਤੇ ਸਿਰਫ 124 ਰਨ ਹੀ ਬਣਾ ਸਕੀ। ਹੁਣ 28 ਸਤੰਬਰ (ਐਤਵਾਰ) ਨੂੰ ਫਾਈਨਲ ਵਿੱਚ ਭਾਰਤ ਅਤੇ ਪਾਕਿਸਤਾਨ ਮੁਕਾਬਲਾ ਕਰਨਗੇ।
ਇਸ ਜਿੱਤ ਤੋਂ ਬਾਅਦ ਪਾਕਿਸਤਾਨੀ ਕਪਤਾਨ ਸਲਮਾਨ ਅਲੀ ਆਗਾ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਕਿਸੇ ਵੀ ਵਿਰੋਧੀ ਨੂੰ ਹਰਾਉਣ ਦੀ ਸਮਰੱਥਾ ਰੱਖਦੀ ਹੈ, ਭਾਵੇਂ ਉਹ ਭਾਰਤ ਹੀ ਕਿਉਂ ਨਾ ਹੋਵੇ।
ਸਲਮਾਨ ਨੇ ਕਿਹਾ , “ਜੇ ਤੁਸੀਂ ਅਜੇਹੇ ਮੁਕਾਬਲੇ ਜਿੱਤਦੇ ਹੋ, ਤਾਂ ਇਹ ਸਾਬਤ ਕਰਦਾ ਹੈ ਕਿ ਤੁਸੀਂ ਖਾਸ ਟੀਮ ਹੋ। ਸਾਰਿਆਂ ਨੇ ਸ਼ਾਨਦਾਰ ਖੇਡ ਦਿਖਾਈ। ਸਾਡੀ ਬੱਲੇਬਾਜ਼ੀ ਵਿੱਚ ਕੁਝ ਸੁਧਾਰ ਦੀ ਲੋੜ ਹੈ, ਪਰ ਅਸੀਂ ਉਸ ‘ਤੇ ਕੰਮ ਕਰਾਂਗੇ। ਗੇਂਦਬਾਜ਼ਾਂ ਨੇ ਕਮਾਲ ਦਾ ਪ੍ਰਦਰਸ਼ਨ ਕੀਤਾ।”
ਸੁਪਰ-4 ਮੈਚ ਦੇ ਹੀਰੋ ਸ਼ਾਹੀਨ ਸ਼ਾਹ ਅਫਰੀਦੀ ਰਹੇ। ਉਨ੍ਹਾਂ ਨੇ ਗੇਂਦ ਅਤੇ ਬੱਲੇ ਦੋਵਾਂ ਨਾਲ ਜ਼ਬਰਦਸਤ ਖੇਡ ਦਿਖਾਈ। ਸ਼ਾਹੀਨ ਨੇ ਕਿਹਾ ,“ਜਦੋਂ ਟਾਰਗੇਟ ਛੋਟਾ ਹੋਵੇ ਤਾਂ ਸ਼ੁਰੂਆਤੀ ਵਿਕਟ ਲੈਣਾ ਮਹੱਤਵਪੂਰਨ ਹੁੰਦਾ ਹੈ ਅਤੇ ਅਸੀਂ ਉਹੀ ਯੋਜਨਾ ਬਣਾਈ ਸੀ।”
ਦੂਜੇ ਪਾਸੇ, ਲਿਟਨ ਦਾਸ ਦੀ ਗੈਰਹਾਜ਼ਰੀ ਵਿੱਚ ਬੰਗਲਾਦੇਸ਼ ਦੇ ਅਸਥਾਈ ਕਪਤਾਨ ਜਾਕਿਰ ਅਲੀ ਨੇ ਹਾਰ ਦਾ ਕਾਰਨ ਖਰਾਬ ਬੱਲੇਬਾਜ਼ੀ ਦੱਸਿਆ। ਉਨ੍ਹਾਂ ਕਿਹਾ ,“ਪਿਛਲੇ ਦੋ ਮੈਚਾਂ ਵਿੱਚ ਸਾਡੀ ਬੱਲੇਬਾਜ਼ੀ ਨੇ ਸਾਨੂੰ ਨਿਰਾਸ਼ ਕੀਤਾ। ਗੇਂਦਬਾਜ਼ੀ ਯੂਨਿਟ ਨੇ ਵਧੀਆ ਖੇਡਿਆ, ਪਰ ਬੱਲੇਬਾਜ਼ਾਂ ਨੇ ਸਾਥ ਨਹੀਂ ਦਿੱਤਾ।”
ਜ਼ਿਕਰਯੋਗ ਹੈ ਕਿ ਦੋ ਵਾਰੀ ਖਿਤਾਬ ਜਿੱਤਣ ਵਾਲੇ ਪਾਕਿਸਤਾਨ ਦਾ ਟੂਰਨਾਮੈਂਟ ਦੌਰਾਨ ਮੌਜੂਦਾ ਚੈਂਪੀਅਨ ਭਾਰਤ ਨਾਲ ਪਹਿਲਾਂ ਹੀ ਦੋ ਵਾਰ ਮੁਕਾਬਲਾ ਹੋ ਚੁੱਕਾ ਹੈ, ਜਿੱਥੇ ਦੋਵੇਂ ਵਾਰ ਭਾਰਤ ਨੇ ਜਿੱਤ ਦਰਜ ਕੀਤੀ। ਪਰ ਇਹ ਮੈਚ ਕ੍ਰਿਕਟ ਤੋਂ ਵੱਧ ਦੋਵਾਂ ਟੀਮਾਂ ਵਿਚਕਾਰ ਤਣਾਅ ਕਾਰਨ ਚਰਚਾ ਵਿੱਚ ਰਿਹਾ।
ਏਸ਼ੀਆ ਕੱਪ ਦੌਰਾਨ ਭਾਰਤ-ਪਾਕਿ ਦੇ ਪਿਛਲੇ ਮੈਚ ਦੇ ਅੰਤ ਵਿੱਚ, ਭਾਰਤ ਵੱਲੋਂ ਸੱਤ ਵਿਕਟਾਂ ਨਾਲ ਜਿੱਤ ਤੋਂ ਬਾਅਦ ਖਿਡਾਰੀਆਂ ਨੇ ਹੱਥ ਨਹੀਂ ਮਿਲਾਏ। ਪਾਕਿਸਤਾਨ ਦੇ ਮੁੱਖ ਕੋਚ ਮਾਈਕ ਹੈਸਨ ਦੇ ਮੁਤਾਬਕ, ਭਾਰਤ ਨੇ ਹੱਥ ਮਿਲਾਉਣ ਤੋਂ ਇਨਕਾਰ ਕੀਤਾ। ਟਾਸ ਦੇ ਸਮੇਂ ਵੀ ਦੋਨਾਂ ਕਪਤਾਨਾਂ ਵਿਚਕਾਰ ਹੱਥ ਨਹੀਂ ਮਿਲਾਇਆ ਗਿਆ।
ਮੈਚ ਦੌਰਾਨ ਖਿਡਾਰੀਆਂ ਵਿਚਕਾਰ ਕਈ ਵਾਰ ਤਣਾਅਪੂਰਨ ਪਲ ਵੇਖਣ ਨੂੰ ਮਿਲੇ। ਹੁਣ ਦੇਖਣਾ ਹੋਵੇਗਾ ਕਿ ਦੋਵਾਂ ਟੀਮਾਂ ਦਾ ਵਿਵਹਾਰ ਫਾਈਨਲ ਮੈਚ ਵਿੱਚ ਕਿਸ ਤਰ੍ਹਾਂ ਦਾ ਹੋਵੇਗਾ। ਹੁਣ ਫਾਈਨਲ ਮੈਚ ਐਤਵਾਰ ਨੂੰ ਦੁਬਈ ਵਿੱਚ ਖੇਡਿਆ ਜਾਵੇਗਾ।
Comments
Start the conversation
Become a member of New India Abroad to start commenting.
Sign Up Now
Already have an account? Login