ਸਿੱਖ ਗੁਰੂ ਸਾਹਿਬਾਨ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਪੁਰਾਤਨ ਸਿੱਖ ਯੋਧਿਆਂ/ਸ਼ਹੀਦਾਂ ਅਤੇ ਸਿੱਖ ਇਤਿਹਾਸ ਦੇ ਵਿਭਿੰਨ ਪਹਿਲੂਆਂ ਉੱਪਰ ਬਣਦੀਆਂ ਫ਼ਿਲਮਾਂ/ਐਨਮੇਸ਼ਨ ਫ਼ਿਲਮਾਂ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਵੀਡੀਓ ਸਬੰਧੀ ਵਿਚਾਰਾਂ ਕਰਨ ਲਈ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਥਕ ਸ਼ਖ਼ਸੀਅਤਾਂ, ਸਿੱਖ ਬੁੱਧੀਜੀਵੀਆਂ ਅਤੇ ਵਿਦਵਾਨਾਂ ਤੇ ਕੁਝ ਸਾਬਤ ਸੂਰਤ ਸਿੱਖ ਅਦਾਕਾਰਾਂ ਤੇ ਕਲਾਕਾਰਾਂ ਦੀ ਵਿਸ਼ੇਸ਼ ਇਕੱਤਰਤਾ ਹੋਈ। ਇਹ ਇਕੱਤਰਤਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਵਿੱਚ ਹੋਈ, ਜਿਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਪਰਵਿੰਦਰਪਾਲ ਸਿੰਘ, ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਮਲਕੀਤ ਸਿੰਘ, ਦਮਦਮੀ ਟਕਸਾਲ ਦੇ ਮੁਖੀ ਗਿਆਨੀ ਰਾਮ ਸਿੰਘ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ।
ਸਮੂਹ ਸ਼ਖ਼ਸੀਅਤਾਂ, ਵਿਦਵਾਨਾਂ ਤੇ ਬੁੱਧੀਜੀਵੀਆਂ ਨੇ ਚੰਗੇ ਮਾਹੌਲ ਵਿੱਚ ਆਪਣੇ ਸੁਝਾਅ ਰੱਖੇ ਅਤੇ ਇਕੱਤਰਤਾ ਵਿੱਚ ਇਹ ਮਹਿਸੂਸ ਕੀਤਾ ਗਿਆ ਕਿ ਮੌਜੂਦਾ ਸੂਚਨਾ ਤਕਨਾਲੋਜੀ ਅਤੇ ਏਆਈ ਦੇ ਯੁੱਗ ਵਿੱਚ ਇਹ ਬਹੁਤ ਹੀ ਸੰਜੀਦਾ ਅਤੇ ਅਹਿਮ ਮਸਲਾ ਹੈ ਜਿਸ ਸਬੰਧੀ ਠੋਸ ਨੀਤੀ ਬਣਾਉਣ ਦੀ ਲੋੜ ਹੈ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੇਂ-ਸਮੇਂ ਧਾਰਮਿਕ ਤੇ ਪੰਥਕ ਵਿਦਵਾਨਾਂ ਦੀ ਰਾਏ ਅਨੁਸਾਰ ਸੰਨ 1934, 1940, 2003, 2015 ਅਤੇ 2022 ਵਿੱਚ ਫ਼ਿਲਮਾਂ ਬਾਰ ਲਏ ਗਏ ਫ਼ੈਸਲਿਆਂ ਦੀ ਪ੍ਰੋੜ੍ਹਤਾ ਕੀਤੀ ਗਈ ਅਤੇ ਇਨ੍ਹਾਂ ਦੀ ਰੋਸ਼ਨੀ ਵਿੱਚ ਹੀ ਅਗਾਂਹ-ਵਧੂ ਨੀਤੀ ਘੜਨ ਬਾਰੇ ਵਿਚਾਰ ਹੋਈ। ਵਿਦਵਾਨਾਂ ਵੱਲੋਂ ਰਾਏ ਪੁੱਜੀ ਹੈ ਕਿ ਮੌਜੂਦਾ ਤਕਨਾਲੋਜੀ ਦੇ ਸਮੇਂ ਸਿੱਖ ਪਛਾਣ, ਰਵਾਇਤਾਂ, ਸਿਧਾਂਤ ਅਤੇ ਫ਼ਲਸਫ਼ੇ ਨੂੰ ਵੱਡੀਆਂ ਚੁਣੌਤੀਆਂ ਹਨ, ਜਿਸ ਦੇ ਮੱਦੇਨਜ਼ਰ ਪੁਰਾਤਨ ਰਵਾਇਤਾਂ, ਸਾਖੀ ਪਰੰਪਰਾ, ਗੁਰਦੁਆਰਾ ਸਾਹਿਬਾਨ ਤੇ ਸਿੱਖ ਸੰਸਥਾਵਾਂ ਰਾਹੀਂ ਰਵਾਇਤੀ ਪ੍ਰਚਾਰ ਪ੍ਰਸਾਰ ਨੂੰ ਕਾਇਮ ਰੱਖਣਾ ਤੇ ਪ੍ਰਫੁੱਲਿਤ ਕਰਨਾ ਅਤਿ ਜ਼ਰੂਰੀ ਹੈ। ਇਕੱਤਰਤਾ ਦੌਰਾਨ ਸਮੂਹ ਸ਼ਖ਼ਸੀਅਤਾਂ ਨੂੰ ਖੁੱਲ੍ਹੇ ਮਾਹੌਲ ਵਿੱਚ ਵਿਚਾਰ ਰੱਖਣ ਦਾ ਸਮਾਂ ਦਿੱਤਾ ਗਿਆ ਅਤੇ ਲਿਖਤੀ ਸੁਝਾਅ ਵੀ ਪ੍ਰਾਪਤ ਕੀਤੇ ਗਏ।
ਇਕੱਤਰਤਾ ਤੋਂ ਬਾਅਦ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੀਡੀਆ ਨਾਲ ਗੱਲ ਕਰਦਿਆਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਪ੍ਰਾਪਤ ਕੀਤੇ ਗਏ ਸੁਝਾਵਾਂ ਉੱਤੇ ਵਿਚਾਰ ਤੇ ਮੰਥਨ ਕੀਤਾ ਜਾਵੇਗਾ ਅਤੇ ਇਸ ਮਾਮਲੇ ਉੱਤੇ ਅਗਾਂਹ ਵੀ ਵਿਚਾਰ ਜਾਰੀ ਰੱਖਦਿਆਂ ਗੁਰੂ ਸਿਧਾਂਤਾਂ, ਪੰਥਕ ਰਵਾਇਤਾਂ ਤੇ ਪਰੰਪਰਾਵਾਂ ਦੀ ਰੋਸ਼ਨੀ ਵਿੱਚ ਠੋਸ ਨੀਤੀ ਤੇ ਨਿਯਮ ਬਣਾਉਣ ਵੱਲ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਵਿਸ਼ੇ ਉੱਤੇ ਛੇਤੀ ਹੀ ਇੱਕ ਕਮੇਟੀ ਬਣਾ ਕੇ ਪੁੱਜੇ ਸੁਝਾਵਾਂ ਅਤੇ ਲੋੜ ਅਨੁਸਾਰ ਹੋਰ ਪਹਿਲੂਆਂ ਨੂੰ ਵਿਚਾਰ ਕੇ ਮਸੌਦਾ ਤਿਆਰ ਕੀਤਾ ਜਾਵੇਗਾ ਅਤੇ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਠੋਸ ਨੀਤੀ ਬਣਾਈ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਤਕਨਾਲੋਜੀ ਅਤੇ ਏਆਈ ਨਾਲ ਸਬੰਧਤ ਪਹਿਲੂਆਂ ਨੂੰ ਵਿਚਾਰਨ ਲਈ ਵੀ ਇਸ ਖਿੱਤੇ ਨਾਲ ਜੁੜੇ ਸਿੱਖ ਮਾਹਰਾਂ ਦੀ ਬੈਠਕ ਵੀ ਅਗਲੇ ਸਮੇਂ ਵੀ ਕੀਤੀ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਇਕੱਤਰਤਾ ਦੌਰਾਨ ਸਾਰੇ ਇਸ ਵਿਸ਼ੇ ਉੱਤੇ ਚਿੰਤਤ ਤੇ ਸੁਹਿਰਦ ਨਜ਼ਰ ਆਏ। ਜਥੇਦਾਰ ਗੜਗੱਜ ਨੇ ਕਿਹਾ ਕਿ ਬੀਤੇ ਦਿਨੀਂ ਬਾਲੀਬੁੱਡ ਦੇ ਇੱਕ ਅਦਾਕਾਰ ਅਕਸ਼ੇ ਕੁਮਾਰ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਉਹ ਸਿੱਖ ਸ਼ਹੀਦ ਤੇ ਮਹਾਨ ਜਰਨੈਲ ਸ. ਹਰੀ ਸਿੰਘ ਨਲੂਆ ਉੱਤੇ ਫ਼ਿਲਮ ਬਣਾਉਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਦੀ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ. ਹਰੀ ਸਿੰਘ ਨਲੂਆ ਸਿੱਖ ਕੌਮ ਦੇ ਮਹਾਨ ਜਰਨੈਲ ਹਨ ਜੋ ਜਮਰੌਦ ਦੀ ਜੰਗ ਵਿੱਚ ਸ਼ਹੀਦ ਹੋਏ ਹਨ ਅਤੇ ਸਿੱਖ ਸ਼ਹੀਦਾਂ ਉੱਤੇ ਫ਼ਿਲਮ ਬਣਾਉਣ ਨੂੰ ਪਹਿਲਾਂ ਹੀ ਰੋਕ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਕਿਸੇ ਦੇ ਵਪਾਰਕ ਹਿੱਤਾਂ ਦਾ ਮਨੋਰਥ ਪੂਰਾ ਕਰਨ ਲਈ ਸਿੱਖ ਕੌਮ ਆਪਣੇ ਨਾਇਕਾਂ ਤੇ ਸ਼ਹੀਦਾਂ ਉੱਤੇ ਇਸ ਤਰ੍ਹਾਂ ਫ਼ਿਲਮਾਂ ਨਹੀਂ ਬਣਨ ਦੇ ਸਕਦੀ।
ਜਥੇਦਾਰ ਗੜਗੱਜ ਨੇ ਕਿਹਾ ਕਿ ਬੀਤੇ ਸਮੇਂ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਲਏ ਗਏ ਫੈਸਲੇ ਗੁਰਮਤਿ ਅਨੁਸਾਰ ਹਨ ਅਤੇ ਸਾਰੇ ਵਿਦਵਾਨਾਂ ਨੇ ਇਹ ਸਹਿਮਤੀ ਦਿੱਤੀ ਹੈ ਕਿ ਇਹ ਮਤੇ ਬਿਲਕੁਲ ਠੀਕ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪਹਿਲਾਂ ਹੋਏ ਮਤੇ ਕੌਮ ਦੇ ਵਿਦਵਾਨਾਂ, ਗੁਰਮੁਖਾਂ ਨੇ ਦੀਰਘ ਵਿਚਾਰ ਵਟਾਂਦਰੇ ਤੋਂ ਬਾਅਦ ਗੁਰਮਤਿ ਦੀ ਰੋਸ਼ਨੀ ਵਿੱਚ ਕੌਮ ਦੇ ਵੱਡੇ ਹਿੱਤਾਂ ਲਈ ਸਮੇਂ-ਸਮੇਂ ਪਾਸ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਖ਼ਾਲਸਾ ਪੰਥ ਇਸ ਗੱਲ ਉੱਤੇ ਸਪਸ਼ਟ ਅਤੇ ਇੱਕਜੁੱਟ ਹੈ ਕਿ ਸਿੱਖ ਗੁਰੂ ਸਾਹਿਬਾਨ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਸਿੱਖ ਸ਼ਹੀਦਾਂ, ਆਦਿ ਮਹਾਂਪੁਰਖਾਂ ਅਤੇ ਸਿੱਖ ਸੰਸਕਾਰਾਂ ਦੀਆਂ ਨਕਲਾਂ ਕਰਕੇ ਫ਼ਿਲਮਾਂ ਨਹੀਂ ਬਣਾਈਆਂ ਜਾ ਸਕਦੀਆਂ। ਉਨ੍ਹਾਂ ਸਪਸ਼ਟ ਕੀਤਾ ਕਿ ਬੀਤੇ ਸਮੇਂ ਹੋਏ ਮਤਿਆਂ ਤੋਂ ਅਗਾਂਹ ਤਾਂ ਵਧਿਆ ਸਕਦਾ ਹੈ ਪਰ ਪਿੱਛੇ ਨਹੀਂ ਹਟਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਕੁਝ ਲੋਕ ਆਪਣੀ ਮਨਮਰਜ਼ੀਆਂ ਕਰ ਰਹੇ ਹਨ ਪਰ ਇਸ ਨੂੰ ਠੱਲ੍ਹਣ ਲਈ ਠੋਸ ਕਾਰਵਾਈ ਉੱਤੇ ਅਮਲ ਕੀਤਾ ਜਾਵੇਗਾ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login