ਬੁੱਧਵਾਰ ਨੂੰ ਅਮਰੀਕਾ ਦੇ ਖ਼ਜ਼ਾਨਾ ਵਿਭਾਗ ਨੇ ਦੋ ਭਾਰਤੀ ਨਾਗਰਿਕਾਂ ਅਤੇ ਭਾਰਤ ਅਧਾਰਤ ਇੱਕ ਆਨਲਾਈਨ ਫਾਰਮੇਸੀ 'ਤੇ ਪਾਬੰਦੀਆਂ ਲਗਾਈਆਂ ਹਨ। ਇਨ੍ਹਾਂ ਉੱਤੇ ਇਲਜ਼ਾਮ ਹਨ ਕਿ ਇਨ੍ਹਾਂ ਨੇ ਫੈਂਟਾਨਿਲ ਅਤੇ ਹੋਰ ਗੈਰਕਾਨੂੰਨੀ ਨਸ਼ੀਲੇ ਪਦਾਰਥਾਂ ਨਾਲ ਭਰੀਆਂ ਨਕਲੀ ਦਵਾਈਆਂ ਅਮਰੀਕਾ ਭਰ ਵਿੱਚ ਲੋਕਾਂ ਨੂੰ ਭੇਜੀਆਂ। ਇਸ ਕਦਮ ਨੂੰ "ਮੇਕ ਅਮਰੀਕਾ ਫੈਂਟਾਨਿਲ ਫ੍ਰੀ" ਮੁਹਿੰਮ ਦਾ ਹਿੱਸਾ ਦੱਸਿਆ ਗਿਆ ਹੈ।
ਓਐਫਏਸੀ (Office of Foreign Assets Control) ਵੱਲੋਂ ਸਦੀਕ ਅੱਬਾਸ ਹਬੀਬ ਸਈਦ ਅਤੇ ਖਿਜ਼ਰ ਮੁਹੰਮਦ ਇਕਬਾਲ ਸ਼ੇਖ ਨੂੰ ਇਸ ਵੱਡੀ ਕਥਿਤ ਕਾਰਵਾਈ ਵਿੱਚ ਸ਼ਾਮਿਲ ਹੋਣ ਲਈ ਨਿਸ਼ਾਨਾ ਬਣਾਇਆ ਗਿਆ ਹੈ, ਜਿਸ ਰਾਹੀਂ ਸੈਂਕੜਿਆਂ ਹਜ਼ਾਰ ਨਸ਼ੀਲੀਆਂ ਗੋਲੀਆਂ ਅਮਰੀਕੀ ਸਮਾਜਾਂ ਵਿੱਚ ਪਹੁੰਚਾਈਆਂ ਗਈਆਂ। ਸ਼ੇਖ਼ ਦੀ ਕੰਪਨੀ "ਕੇਐਸ ਇੰਟਰਨੈਸ਼ਨਲ ਟਰੇਡਰਜ਼" (ਜੋ "ਕੇਐਸ ਫਾਰਮੇਸੀ" ਵਜੋਂ ਵੀ ਜਾਣੀ ਜਾਂਦੀ ਹੈ) ਉਸ ਉੱਤੇ ਵੀ ਇਨ੍ਹਾਂ ਗਤੀਵਿਧੀਆਂ ਵਿੱਚ ਭੂਮਿਕਾ ਨਿਭਾਉਣ ਲਈ ਪਾਬੰਦੀਆਂ ਲਗਾਈਆਂ ਗਈਆਂ ਹਨ ।
ਖਜ਼ਾਨਾ ਵਿਭਾਗ ਦੇ ਅੰਡਰ ਸੈਕਟਰੀ ਫਾਰ ਟੈਰੋਰਿਜ਼ਮ ਐਂਡ ਫਾਇਨਾਂਸ਼ੀਅਲ ਇੰਟੈਲੀਜੈਂਸ, ਜੌਨ ਕੇ. ਹਰਲੀ ਨੇ ਕਿਹਾ "ਫੈਂਟਾਨਿਲ ਨੇ ਬਹੁਤ ਸਾਰੇ ਪਰਿਵਾਰਾਂ ਨੂੰ ਤਬਾਹ ਕੀਤਾ ਹੈ। ਅਸੀਂ ਅੱਜ ਇਨ੍ਹਾਂ ਲੋਕਾਂ ਨੂੰ ਜਵਾਬਦੇਹ ਠਹਿਰਾ ਰਹੇ ਹਾਂ ਜੋ ਇਸ ਜ਼ਹਿਰ ਤੋਂ ਵੱਡਾ ਮੁਨਾਫਾ ਕਮਾ ਰਹੇ ਹਨ।" ਉਨ੍ਹਾਂ ਆਗੇ ਕਿਹਾ, "ਅਸੀਂ ਰਾਸ਼ਟਰਪਤੀ ਟਰੰਪ ਦੇ 'ਮੇਕ ਅਮਰੀਕਾ ਫੈਂਟਾਨਿਲ ਫ੍ਰੀ' ਵਾਅਦੇ ਨੂੰ ਅੱਗੇ ਵਧਾਉਂਦੇ ਹੋਏ, ਨਸ਼ਾ ਤਸਕਰਾਂ ਨੂੰ ਨਿਸ਼ਾਨਾ ਬਣਾਉਂਦੇ ਰਹਾਂਗੇ।" ਸਰਕਾਰੀ ਅਧਿਕਾਰੀਆਂ ਨੇ ਕਿਹਾ ਕਿ ਫੈਂਟਾਨਿਲ ਅਜੇ ਵੀ ਸਿੰਥੈਟਿਕ ਓਪੀਓਇਡ ਸੰਕਟ ਦਾ ਸਭ ਤੋਂ ਵੱਡਾ ਕਾਰਨ ਹੈ, ਜਿਸ ਨੇ ਅਮਰੀਕਾ ਵਿੱਚ ਲੱਖਾਂ ਲੋਕਾਂ ਦੀ ਜਾਨਾਂ ਲੈ ਲਈ ਹੈ।
18 ਤੋਂ 45 ਸਾਲ ਦੀ ਉਮਰ ਦੇ ਅਮਰੀਕੀਆਂ ਲਈ ਓਪੀਓਇਡ ਓਵਰਡੋਜ਼ ਮੌਤ ਦਾ ਮੁੱਖ ਕਾਰਨ ਹੈ। ਐਗਜ਼ੀਕਿਊਟਿਵ ਆਰਡਰ 14059 ਦੇ ਤਹਿਤ ਜਾਰੀ ਕੀਤੀਆਂ ਗਈਆਂ ਪਾਬੰਦੀਆਂ, ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਮੁਕਾਬਲਾ ਕਰਨ ਅਤੇ ਗਲੋਬਲ ਸਪਲਾਈ ਚੇਨਾਂ ਨੂੰ ਬਿਹਤਰ ਬਣਾਉਣ ਲਈ ਭਾਰਤ ਨਾਲ ਬਾਇਡਨ-ਯੁੱਗ ਦੇ ਢਾਂਚੇ ਨੂੰ ਰੇਖਾਂਕਿਤ ਕਰਦੀਆਂ ਹਨ, ਜਿਸ ਨੂੰ ਟਰੰਪ ਪ੍ਰਸ਼ਾਸਨ ਨੇ ਹੁਣ ਅੱਗੇ ਵਧਾਇਆ ਹੈ।
2024 ਦੀ ਇੱਕ ਚਾਰਜਸ਼ੀਟ ਅਨੁਸਾਰ (ਜੋ ਨਿਊਯਾਰਕ ਦੇ ਸਾਊਦਰਨ ਡਿਸਟ੍ਰਿਕਟ ਨੇ ਜਾਰੀ ਕੀਤੀ ਸੀ), ਸਦੀਕ ਅਤੇ ਸ਼ੇਖ 'ਤੇ ਇਲਜ਼ਾਮ ਲਗਾਇਆ ਗਿਆ ਸੀ ਕਿ ਉਹ ਐਨਕ੍ਰਿਪਟਡ ਪਲੇਟਫਾਰਮਾਂ 'ਤੇ ਇਨ੍ਹਾਂ ਨਸ਼ੀਲੀਆਂ ਗੋਲੀਆਂ ਨੂੰ "ਸਸਤੀ ਦਵਾਈਆਂ" ਵਜੋਂ ਵੇਚ ਰਹੇ ਸਨ। ਅਧਿਕਾਰੀਆਂ ਦੇ ਅਨੁਸਾਰ, ਇਹ ਗੋਲੀਆਂ ਫੈਂਟਾਨਿਲ, ਫੈਂਟਾਨਿਲ ਐਨਾਲੌਗਜ਼ ਅਤੇ ਮੈਥਾਮਫੇਟਾਮਾਈਨ ਨਾਲ ਮਿਲਾਵਟ ਕੀਤੀਆਂ ਹੋਈਆਂ ਸਨ। ਦੋਵੇਂ ਆਰੋਪੀ ਡੋਮਿਨਿਕਨ ਰੀਪਬਲਿਕ ਅਤੇ ਅਮਰੀਕਾ ਦੇ ਨਸ਼ਾ ਤਸਕਰਾਂ ਨਾਲ ਮਿਲ ਕੇ ਇਹਨਾਂ ਗੋਲੀਆਂ ਦੀ ਸਪਲਾਈ ਕਰਦੇ ਸਨ।
ਅਧਿਕਾਰੀਆਂ ਅਨੁਸਾਰ, ਸ਼ੇਖ ਨੇ ਪਿਛਲੇ ਸਾਲ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਵੀ ਕੇਐਸ ਇੰਟਰਨੈਸ਼ਨਲ ਟਰੇਡਰਜ਼ ਨੂੰ ਚਲਾਉਣਾ ਜਾਰੀ ਰੱਖਿਆ। ਅਮਰੀਕੀ ਖ਼ਜ਼ਾਨਾ ਵਿਭਾਗ ਨੇ ਕੰਪਨੀ ਦੀ ਵੈੱਬਸਾਈਟ ਦਾ ਇੱਕ ਸਕਰੀਨਸ਼ਾਟ ਜਾਰੀ ਕੀਤਾ, ਜਿਸ ਵਿੱਚ ਦਰਸਾਇਆ ਗਿਆ ਕਿ ਨਿਆਂ ਵਿਭਾਗ ਵੱਲੋਂ ਮਾਮਲਾ ਖੋਲ੍ਹਣ ਦੇ ਮਹੀਨੇ ਬਾਅਦ ਵੀ ਇੱਥੇ ਨਸ਼ੀਲੀ ਦਵਾਈਆਂ ਦੀ ਵਿਕਰੀ ਹੋ ਰਹੀ ਸੀ।
ਖਜ਼ਾਨਾ ਵਿਭਾਗ ਨੇ ਇਹ ਵੀ ਉਜਾਗਰ ਕੀਤਾ ਕਿ ਕਿਵੇਂ ਕੁਝ ਗੈਰਕਾਨੂੰਨੀ ਫਾਰਮੇਸੀਜ਼ ,ਜਿਨ੍ਹਾਂ ਵਿਚੋਂ ਕਈ ਭਾਰਤ 'ਚ ਆਧਾਰਿਤ ਹਨ। ਫੈਂਟਾਨਿਲ ਦੇ ਵਿਸ਼ਵ ਵਪਾਰ ਵਿੱਚ ਮੁੱਖ ਭੂਮਿਕਾ ਨਿਭਾਅ ਰਹੀਆਂ ਹਨ। ਇਹ ਵੈੱਬਸਾਈਟਾਂ ਕਾਨੂੰਨੀ ਫਾਰਮੇਸੀਜ਼ ਦੀ ਤਰ੍ਹਾਂ ਦਿਖਾਈ ਦਿੰਦੀਆਂ ਹਨ, ਅਤੇ ਆਕਸੀਕੋਡੋਨ,ਐਡੇਰਾਲ, ਅਤੇ ਜ਼ੈਨੈਕਸ ਵਰਗੀਆਂ ਮਸ਼ਹੂਰ ਦਵਾਈਆਂ ਵਰਗੀਆਂ ਲੱਗਣ ਵਾਲੀਆਂ ਗੋਲੀਆਂ ਵੇਚਦੀਆਂ ਹਨ। ਖਰੀਦਦਾਰ ਇਹ ਸਮਝਦੇ ਹਨ ਕਿ ਉਹ ਸੁਰੱਖਿਅਤ ਦਵਾਈ ਖਰੀਦ ਰਹੇ ਹਨ, ਪਰ ਉਨ੍ਹਾਂ ਨੂੰ ਅਸਲ ਵਿੱਚ ਜਾਲਸਾਜ਼ੀ ਨਾਲ ਤਿਆਰ ਕੀਤੀਆਂ ਗੋਲੀਆਂ ਮਿਲਦੀਆਂ ਹਨ, ਜੋ ਜਾਨਲੇਵਾ ਨਸ਼ੀਲੇ ਪਦਾਰਥਾਂ ਨਾਲ ਭਰਪੂਰ ਹੁੰਦੀਆਂ ਹਨ।
ਅਮਰੀਕੀ ਨਸ਼ਾ ਨਿਯੰਤਰਣ ਏਜੰਸੀ (DEA) ਨੇ ਅਕਤੂਬਰ 2024 ਵਿੱਚ ਇੱਕ ਚੇਤਾਵਨੀ ਜਾਰੀ ਕੀਤੀ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਅਮਰੀਕਾ ਵਿੱਚ ਫੈਂਟਾਨਿਲ ਅਤੇ ਮੈਥਾਮਫੇਟਾਮਾਈਨ ਨਾਲ ਭਰੀਆਂ ਗੋਲੀਆਂ ਭੇਜਣ ਵਾਲੀਆਂ ਗੈਰ-ਕਾਨੂੰਨੀ ਆਨਲਾਈਨ ਫਾਰਮੇਸੀਆਂ ਵਿੱਚ ਵਾਧਾ ਹੋ ਰਿਹਾ ਹੈ।
ਪਾਬੰਦੀਆਂ ਦਾ ਅਰਥ ਇਹ ਹੈ ਕਿ ਸਈਦ, ਸ਼ੇਖ ਅਤੇ ਕੇਐਸ ਇੰਟਰਨੈਸ਼ਨਲ ਟਰੇਡਰਜ਼ ਦੀਆਂ ਸਾਰੀਆਂ ਜਾਇਦਾਦਾਂ ਅਤੇ ਵਿੱਤੀ ਇੰਟਰਸਟ, ਜੋ ਅਮਰੀਕੀ ਅਧੀਨਤਾ ਹੇਠ ਆਉਂਦੀਆਂ ਹਨ, ਹੁਣ ਜ਼ਬਤ ਕੀਤੀਆਂ ਜਾਂਦੀਆਂ ਹਨ। ਅਮਰੀਕੀ ਨਾਗਰਿਕ ਜਾਂ ਸੰਸਥਾਵਾਂ ਨੂੰ ਇਨ੍ਹਾਂ ਨਾਲ ਕੋਈ ਵੀ ਲੈਣ-ਦੇਣ ਕਰਨ ਦੀ ਓਐਫਏਸੀ ਤੋਂ ਸਿੱਧੀ ਇਜਾਜ਼ਤ ਲੈਣ ਤੱਕ ਦੀ ਮਨਾਹੀ ਹੈ।
ਓਐਫਏਸੀ ਨੇ ਚੇਤਾਵਨੀ ਦਿੱਤੀ ਕਿ ਇਨ੍ਹਾਂ ਪਾਬੰਦੀਆਂ ਦੀ ਉਲੰਘਣਾ ਕਰਨ 'ਤੇ ਸਿਵਲ ਜਾਂ ਕ੍ਰਿਮਿਨਲ ਸਜ਼ਾਵਾਂ ਹੋ ਸਕਦੀਆਂ ਹਨ।
Comments
Start the conversation
Become a member of New India Abroad to start commenting.
Sign Up Now
Already have an account? Login