ADVERTISEMENT

ADVERTISEMENT

ਉਮੀਦਵਾਰ ਰਾਖੀ ਇਸਰਾਨੀ ਸਿੰਘ ਨੇ 'ਕਿਫਾਇਤੀ ਜੀਵਨ' ਨੂੰ ਬਣਾਇਆ ਮੁੱਖ ਮੁੱਦਾ

ਇਸਰਾਨੀ ਅਨੁਸਾਰ ਰਿਹਾਇਸ਼, ਸਿਹਤ ਸੇਵਾਵਾਂ ਅਤੇ ਬੱਚਿਆਂ ਦੀ ਦੇਖਭਾਲ ਅਜਿਹੇ ਤਿੰਨ ਪਹਿਲੂ ਹਨ ਜਿਨ੍ਹਾਂ ਨਾਲ ਲੋਕ ਸੰਘਰਸ਼ ਕਰ ਰਹੇ ਹਨ

 ਰਾਖੀ ਇਸਰਾਨੀ ਰਾਖੀ ਇਸਰਾਨੀ / Handout

ਕੈਲੀਫੋਰਨੀਆ ਦੇ 14ਵੇਂ ਕਾਂਗਰਸ ਚੋਣ ਖੇਤਰ ਤੋਂ ਉਮੀਦਵਾਰ ਰਾਖੀ ਇਸਰਾਨੀ ਸਿੰਘ ਨੇ ਕਿਹਾ ਹੈ ਕਿ ਵਧ ਰਹੀ ਮਹਿੰਗਾਈ ਅਤੇ ਕਿਫਾਇਤੀ ਸਾਧਨਾਂ ਦੀ ਘਾਟ ਇਲਾਕੇ ਦੇ ਲੋਕਾਂ ਲਈ ਸਭ ਤੋਂ ਵੱਡਾ ਮੁੱਦਾ ਹੈ। ਇਸਰਾਨੀ ਅਨੁਸਾਰ ਰਿਹਾਇਸ਼, ਸਿਹਤ ਸੇਵਾਵਾਂ ਅਤੇ ਬੱਚਿਆਂ ਦੀ ਦੇਖਭਾਲ ਅਜਿਹੇ ਤਿੰਨ ਪਹਿਲੂ ਹਨ ਜਿਨ੍ਹਾਂ ਨਾਲ ਲੋਕ ਸੰਘਰਸ਼ ਕਰ ਰਹੇ ਹਨ।

ਇੱਕ ਵਕੀਲ ਅਤੇ ਸਿੱਖਿਆ ਸ਼ਾਸਤਰੀ ਇਸਰਾਨੀ ਨੇ ਕਿਹਾ, "ਸਾਨੂੰ ਹੋਰ ਘਰ ਬਣਾਉਣ ਦੀ ਲੋੜ ਹੈ। ਸਾਨੂੰ ਲੋਕਾਂ ਦੀ, ਖਾਸ ਕਰਕੇ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਦੀ ਮਦਦ ਕਰਨੀ ਚਾਹੀਦੀ ਹੈ। ਇਹ ਇੱਕ ਪਰਿਵਾਰ ਅਤੇ ਆਉਣ ਵਾਲੀ ਪੀੜ੍ਹੀ ਲਈ ਦੌਲਤ ਸਿਰਜਣ ਵੱਲ ਪਹਿਲਾ ਕਦਮ ਹੈ।" ਇਸਰਾਨੀ ਨੇ ਅੱਗੇ ਕਿਹਾ ਕਿ ਭਾਈਚਾਰੇ ਦੇ ਲੋਕਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਉਨ੍ਹਾਂ ਨੇ ਕਿਫਾਇਤੀ ਜੀਵਨ ਨੂੰ ਆਪਣੀ ਮੁਹਿੰਮ ਦੀ ਮੁੱਖ ਤਰਜੀਹ ਬਣਾਇਆ ਹੈ। 

ਜ਼ਿਕਰਯੋਗ ਹੈ ਕਿ ਸਾਬਕਾ ਕਾਂਗਰਸਮੈਨ ਐਰਿਕ ਸਵਾਲਵੈਲ ਦੀ ਜਗ੍ਹਾ ਲੈਣ ਲਈ ਵਿਸ਼ੇਸ਼ ਚੋਣਾਂ 18 ਅਗਸਤ ਨੂੰ ਹੋਣੀਆਂ ਹਨ, ਜਦਕਿ ਡੈਮੋਕਰੇਟਿਕ ਪ੍ਰਾਇਮਰੀਜ਼ 16 ਜੂਨ ਲਈ ਨਿਰਧਾਰਤ ਹਨ। ਸਥਾਈ ਸੀਟ ਲਈ ਪ੍ਰਾਇਮਰੀ 2 ਜੂਨ ਨੂੰ ਹੋਵੇਗੀ।

ਵਧਦੀਆਂ ਕੀਮਤਾਂ ਅਤੇ ਰਹਿਣ-ਸਹਿਣ ਦੀ ਲਾਗਤ ਨੂੰ ਸਭ ਤੋਂ ਜ਼ਰੂਰੀ ਚਿੰਤਾਵਾਂ ਦੱਸਦਿਆਂ ਇਸਰਾਨੀ ਨੇ ਕਿਹਾ ਕਿ ਵਿੱਤੀ ਤਣਾਅ ਬੱਚਿਆਂ ਦੀ ਤੰਦਰੁਸਤੀ ਨੂੰ ਪ੍ਰਭਾਵਿਤ ਕਰ ਸਕਦਾ ਹੈ। ਚਾਰ ਬੱਚਿਆਂ ਦੀ ਮਾਂ ਇਸਰਾਨੀ ਨੇ ਅੱਗੇ ਕਿਹਾ ਕਿ ਟੈਰਿਫ (ਟੈਕਸ) ਲੱਗਣ ਕਾਰਨ ਕਰਿਆਨੇ, ਤੇਲ ਅਤੇ ਰੋਜ਼ਾਨਾ ਦੀਆਂ ਜ਼ਰੂਰੀ ਵਸਤਾਂ ਦੀ ਕੀਮਤ ਵਧ ਗਈ ਹੈ। ਸਸਤੀਆਂ ਸਿਹਤ ਸੇਵਾਵਾਂ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਫਾਰਮਾਸਿਊਟੀਕਲ (ਦਵਾਈਆਂ ਦੀਆਂ) ਕੰਪਨੀਆਂ ਵਿਰੁੱਧ ਲੜਨ ਦਾ ਇਰਾਦਾ ਰੱਖਦੀ ਹੈ ਜੋ ਪਰਿਵਾਰਾਂ ਤੋਂ ਬਹੁਤ ਜ਼ਿਆਦਾ ਪੈਸੇ ਵਸੂਲ ਰਹੀਆਂ ਹਨ। ਉਨ੍ਹਾਂ ਕਿਹਾ, "ਲੋਕਾਂ ਨੂੰ ਭੋਜਨ ਅਤੇ ਦਵਾਈਆਂ ਵਿੱਚੋਂ ਕਿਸੇ ਇੱਕ ਨੂੰ ਚੁਣਨ ਲਈ ਮਜਬੂਰ ਨਹੀਂ ਹੋਣਾ ਚਾਹੀਦਾ। ਅਖੀਰ ਵਿੱਚ, ਕੋਈ ਵੀ ਵਿਅਕਤੀ ਇਸ ਕਰਕੇ ਕੰਮ 'ਤੇ ਜਾਣ ਤੋਂ ਅਸਮਰੱਥ ਨਹੀਂ ਹੋਣਾ ਚਾਹੀਦਾ ਕਿਉਂਕਿ ਉਨ੍ਹਾਂ ਕੋਲ ਬੱਚਿਆਂ ਦੀ ਦੇਖਭਾਲ ਲਈ ਕੋਈ ਥਾਂ ਜਾਂ ਕੋਈ ਵਿਅਕਤੀ ਨਹੀਂ ਹੈ।"

ਜੇਕਰ ਉਹ ਚੁਣੀ ਜਾਂਦੀ ਹੈ, ਤਾਂ ਇਸਰਾਨੀ ਨੇ ਕੀਮਤਾਂ ਦੇ ਦਬਾਅ ਨੂੰ ਘੱਟ ਕਰਨ ਲਈ ਟੈਰਿਫਾਂ ਦਾ ਵਿਰੋਧ ਕਰਨ, 'ਮੈਡੀਕੇਅਰ' ਨੂੰ ਦਵਾਈਆਂ ਦੀਆਂ ਕੀਮਤਾਂ ਤੈਅ ਕਰਨ ਲਈ ਗੱਲਬਾਤ ਕਰਨ ਵਾਸਤੇ ਉਤਸ਼ਾਹਿਤ ਕਰਨ ਅਤੇ 'ਚਾਈਲਡ ਟੈਕਸ ਕ੍ਰੈਡਿਟ' ਨੂੰ ਮਜ਼ਬੂਤ ਕਰਨ ਦਾ ਇਰਾਦਾ ਜਤਾਇਆ ਹੈ ਤਾਂ ਜੋ ਪਰਿਵਾਰ ਆਪਣੀ ਆਮਦਨ ਦਾ ਜ਼ਿਆਦਾ ਹਿੱਸਾ ਬਚਾ ਸਕਣ।

ਸਾਰੇ ਕਾਰਕਾਂ ਦੇ ਆਪਸੀ ਸਬੰਧਾਂ ਦਾ ਹਵਾਲਾ ਦਿੰਦੇ ਹੋਏ ਇਸਰਾਨੀ ਨੇ ਕਿਹਾ ਕਿ ਰਿਹਾਇਸ਼, ਸਿਹਤ ਸੇਵਾਵਾਂ ਅਤੇ ਬੱਚਿਆਂ ਦੀ ਦੇਖਭਾਲ ਦੀ ਲਾਗਤ ਨੂੰ ਘਟਾਉਣਾ ਜ਼ਰੂਰੀ ਹੈ। ਉਨ੍ਹਾਂ ਅਨੁਸਾਰ, "ਜੇਕਰ ਅਸੀਂ ਇਨ੍ਹਾਂ ਤਿੰਨਾਂ ਪਹਿਲੂਆਂ ਦੀ ਲਾਗਤ ਘਟਾਉਂਦੇ ਹਾਂ, ਤਾਂ ਲੋਕ ਕੰਮਕਾਜ ਵਿੱਚ ਯੋਗਦਾਨ ਪਾ ਸਕਦੇ ਹਨ, ਲੋੜੀਂਦੀਆਂ ਦਵਾਈਆਂ ਲੈ ਸਕਦੇ ਹਨ ਅਤੇ ਆਪਣੇ ਮੌਜੂਦਾ ਪਰਿਵਾਰਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਦੌਲਤ ਸਿਰਜਣ ਦੇ ਰਾਹ 'ਤੇ ਚੱਲ ਸਕਦੇ ਹਨ।"

ਪਿਛਲੇ ਦੋ ਦਹਾਕਿਆਂ ਤੋਂ ਈਸਟ ਬੇਅ ਖੇਤਰ ਦੇ ਵਸਨੀਕ ਰਹੇ ਇਸਰਾਨੀ ਨੇ ਕਿਹਾ ਕਿ ਸਰਕਾਰੀ ਅੜਚਣਾਂ ਨੂੰ ਘੱਟ ਕਰਨਾ ਜ਼ਰੂਰੀ ਹੈ ਤਾਂ ਜੋ ਘਰ ਤੇਜ਼ੀ ਨਾਲ ਬਣ ਸਕਣ। ਉਨ੍ਹਾਂ ਨੇ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਲਈ ਕਰਜ਼ਾ ਸਹੂਲਤਾਂ ਵਧਾਉਣ, ਛੋਟੇ ਕਾਰੋਬਾਰਾਂ ਲਈ ਟੈਕਸਾਂ ਨੂੰ ਸਰਲ ਬਣਾਉਣ ਅਤੇ ਉੱਚ-ਮੰਗ ਵਾਲੇ ਹੁਨਰਾਂ ਲਈ ਕਮਿਊਨਿਟੀ ਕਾਲਜ ਅਤੇ ਕਿੱਤਾਮੁਖੀ ਸਿਖਲਾਈ ਨੂੰ ਮੁਫਤ ਕਰਨ ਦੀ ਵਕਾਲਤ ਵੀ ਕੀਤੀ।

Comments

Related