ADVERTISEMENT

ADVERTISEMENT

ਵਿਦਿਆਰਥੀ ਦੇ ਕਤਲ ਮਾਮਲੇ ’ਤੇ ਜੇਡੀ ਵੈਂਸ ਦੇ ਬਿਆਨ ਦਾ ਬ੍ਰਿਟੇਨ ਨੇ ਕੀਤਾ ਵਿਰੋਧ

ਬ੍ਰਿਟਿਸ਼ ਸਰਕਾਰ ਨੇ ਕਿਹਾ– ਸਾਡੇ ਲੋਕਤੰਤਰ ਵਿੱਚ ਦਖ਼ਲਅੰਦਾਜ਼ੀ ਬਰਦਾਸ਼ਤ ਨਹੀਂ

 ਵਿਕਰਮ ਦਿਗਵਾ (ਖੱਬੇ) ਅਤੇ ਕਿਰਨ ਕੌਰ ਵਿਕਰਮ ਦਿਗਵਾ (ਖੱਬੇ) ਅਤੇ ਕਿਰਨ ਕੌਰ / hampshire.police.uk

ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਬ੍ਰਿਟੇਨ ਵਿੱਚ 18 ਸਾਲਾ ਵਿਦਿਆਰਥੀ ਹੈਨਰੀ ਨੋਵਾਕ ਦੇ ਕਤਲ ਮਾਮਲੇ ਨੂੰ ਲੈ ਕੇ ਪਰਵਾਸ ਨੀਤੀਆਂ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਵੱਡੇ ਪੱਧਰ ’ਤੇ ਹੋ ਰਿਹਾ ਪਰਵਾਸ ਪੱਛਮੀ ਸਮਾਜਾਂ ਲਈ ਚੁਣੌਤੀ ਬਣ ਰਿਹਾ ਹੈ ਅਤੇ ਇਸ ਘਟਨਾ ਨੂੰ ਪਰਵਾਸ ਨੀਤੀਆਂ ਨਾਲ ਜੋੜਦਿਆਂ ਚਿੰਤਾ ਜਤਾਈ।

 

ਜੇਡੀ ਵੈਂਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਲਿਖਿਆ ਕਿ ਹੈਨਰੀ ਨੋਵਾਕ ਦੀ ਮੌਤ ਇੱਕ ਅਜਿਹੇ ਸਮਾਜ ਦੀ ਨਿਸ਼ਾਨੀ ਹੈ, ਜਿਸ ਨੂੰ ਅਧਿਕਾਰੀਆਂ ਨੇ ਨਜ਼ਰਅੰਦਾਜ਼ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਘਟਨਾ ਦੁਖਦਾਈ ਹੋਣ ਦੇ ਨਾਲ-ਨਾਲ ਗੁੱਸਾ ਪੈਦਾ ਕਰਨ ਵਾਲੀ ਵੀ ਹੈ।

 

ਵੈਂਸ ਨੇ ਇਸ ਮਾਮਲੇ ’ਤੇ ਕਿਹਾ ਕਿ ਹੈਨਰੀ ਨੋਵਾਕ ਅਜਿਹਾ ਪਹਿਲਾ ਵਿਅਕਤੀ ਨਹੀਂ ਸੀ ਜਿਸ ਨੇ ਇਸ ਤਰ੍ਹਾਂ ਜਾਨ ਗੁਆਈ ਹੋਵੇ ਅਤੇ ਉਨ੍ਹਾਂ ਨੂੰ ਡਰ ਹੈ ਕਿ ਉਹ ਆਖ਼ਰੀ ਵੀ ਨਹੀਂ ਹੋਵੇਗਾ।

 

ਵੈਂਸ ਲੰਮੇ ਸਮੇਂ ਤੋਂ ਯੂਰਪ ਦੀਆਂ ਪਰਵਾਸ ਨੀਤੀਆਂ ਦੇ ਆਲੋਚਕ ਰਹੇ ਹਨ ਅਤੇ ਉਹ ਵੱਡੇ ਪੱਧਰ ’ਤੇ ਪਰਵਾਸ ਨੂੰ ਪੱਛਮੀ ਸਭਿਆਚਾਰ ਲਈ ਚੁਣੌਤੀ ਵਜੋਂ ਪੇਸ਼ ਕਰਦੇ ਆਏ ਹਨ।

 

ਉਨ੍ਹਾਂ ਦੇ ਬਿਆਨ ਤੋਂ ਬਾਅਦ ਬ੍ਰਿਟੇਨ ਦੀ ਲੇਬਰ ਸਰਕਾਰ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ। ਪ੍ਰਧਾਨ ਮੰਤਰੀ ਕੀਰ ਸਟਾਰਮਰ ਦੇ ਦਫ਼ਤਰ ਦੇ ਇੱਕ ਬੁਲਾਰੇ ਨੇ ਕਿਹਾ ਕਿ ਕੁਝ ਲੋਕ ਬ੍ਰਿਟੇਨ ਦੇ ਲੋਕਤੰਤਰ ਵਿੱਚ ਦਖ਼ਲਅੰਦਾਜ਼ੀ ਕਰਨ ਅਤੇ ਸਮਾਜ ਵਿੱਚ ਵੰਡ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਬੁਲਾਰੇ ਨੇ ਇਹ ਵੀ ਕਿਹਾ ਕਿ ਹੈਨਰੀ ਨੋਵਾਕ ਦੇ ਪਰਿਵਾਰ ਨੇ ਖੁਦ ਅਪੀਲ ਕੀਤੀ ਹੈ ਕਿ ਇਸ ਕਤਲ ਨੂੰ ਹੋਰ ਵੰਡ, ਨਫ਼ਰਤ ਜਾਂ ਤਣਾਅ ਪੈਦਾ ਕਰਨ ਲਈ ਨਾ ਵਰਤਿਆ ਜਾਵੇ।

 

ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਵੀ ਇਸ ਮਾਮਲੇ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਕੁਝ ਪ੍ਰਭਾਵਸ਼ਾਲੀ ਲੋਕ ਬ੍ਰਿਟੇਨ ਵਿੱਚ ਵੰਡ ਨੂੰ ਹੋਰ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਜਿਹੇ ਸੰਵੇਦਨਸ਼ੀਲ ਮਾਮਲਿਆਂ ਨੂੰ ਸਿਆਸੀ ਜਾਂ ਸਮਾਜਿਕ ਧ੍ਰੁਵੀਕਰਨ ਲਈ ਵਰਤਣਾ ਠੀਕ ਨਹੀਂ ਹੈ।

 

ਇਸ ਮਾਮਲੇ ਤੋਂ ਬਾਅਦ ਪਰਵਾਸ ਨੀਤੀਆਂ, ਜਨਤਕ ਸੁਰੱਖਿਆ ਅਤੇ ਸਮਾਜਿਕ ਏਕਤਾ ਸਬੰਧੀ ਚਰਚਾ ਮੁੜ ਤੇਜ਼ ਹੋ ਗਈ ਹੈ।

 

Comments

Leave A Comment

Required fields are marked (*).

Related