ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲਿਆਂ ਦਾ ਮਹਾਨ ਪੰਥਕ ਸੇਵਾਵਾਂ ਲਈ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਵਿਖੇ ਸਨਮਾਨ / Courtesy
ਸ੍ਰੀ ਅੰਮ੍ਰਿਤਸਰ ਸ਼ਹਿਰ ਵਿਚ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿੱਚ ਸਥਾਪਿਤ ਸ਼ਹੀਦ ਸਿੱਖ ਮਿਸ਼ਨਰੀ ਕਾਲਜ (ਪੁਤਲੀ ਘਰ) ਵਿਖੇ ਮਿਤੀ 27 ਨਵੰਬਰ 2025 ਨੂੰ ਪਦਮ ਸ਼੍ਰੀ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ,(ਸ੍ਰੀਨਗਰ ਵਾਲੇ) ਉਚੇਚੇ ਤੌਰ ਤੇ ਪੁੱਜੇ ਤੇ ਉਹਨਾਂ ਨੇ ਕਾਲਜ ਦੇ ਵਿਦਿਆਰਥੀਆਂ ਨਾਲ ਆਪਣੀ ਜ਼ਿੰਦਗੀ ਦੇ ਤਜਰਬੇ ਨੂੰ ਸਾਂਝਾ ਕੀਤਾ। ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਸ੍ਰੀ ਅੰਮ੍ਰਿਤਸਰ ਦੇ ਉਹ ਅਨਮੋਲ ਰਤਨ ਹਨ, ਜਿਨ੍ਹਾਂ ਨੇ 1978 ਤੋਂ 80 ਦੇ ਸੈਸ਼ਨ ਵਿੱਚ ਇਸ ਕਾਲਜ ਤੋਂ ਗੁਰਮਤਿ ਸੰਗੀਤ ਦੀ ਸਿਖਲਾਈ ਉਸਤਾਦ ਪ੍ਰੋਫੈਸਰ ਅਵਤਾਰ ਸਿੰਘ ਜੀ ਨਾਜ਼, ਤਾਲ ਵਾਦਨ ਦੀ ਸਿਖਲਾਈ ਉਸਤਾਦ ਸ. ਮਹਿੰਗਾ ਸਿੰਘ ਜੀ ਤੇ ਗੁਰਮਤਿ ਸਿੱਖਿਆ ਦੀ ਵਿਦਿਆ ਪ੍ਰਿੰਸੀਪਲ ਹਰਭਜਨ ਸਿੰਘ ਜੀ ਪਾਸੋਂ ਹਾਸਿਲ ਕੀਤੀ।
ਭਾਈ ਸਾਹਿਬ ਨੇ ਕਾਲਜ ਵਿਖੇ ਰਹਿੰਦਿਆਂ ਸਿਖਲਾਈ ਦੌਰਾਨ ਆਪਣੀਆਂ ਕੁਝ ਯਾਦਾਂ ਤੇ ਬਾਤਾਂ ਵੀ ਵਿਦਿਆਰਥੀਆਂ ਨਾਲ ਸਾਂਝੀਆਂ ਕੀਤੀਆਂ।
ਭਾਈ ਸਾਹਿਬ ਦਾ ਪਿਛੋਕੜ ਪਿੰਡ ਬੱਲੜਵਾਲ ਨੇੜੇ ਸ੍ਰੀ ਹਰਗੋਬਿੰਦਪੁਰ ਜ਼ਿਲ੍ਹਾ ਗੁਰਦਾਸਪੁਰ ਨਾਲ ਸੰਬੰਧਿਤ ਹੈ। ਆਪ ਜੀ ਦੇ ਪਰਿਵਾਰ ਵਿੱਚ ਆਪ ਦੇ ਦਾਦਾ ਜੀ ਅਤੇ ਪਿਤਾ ਜੀ ਵੀ ਗੁਰੂ ਘਰ ਦੇ ਕੀਰਤਨੀਏ ਸਨ, ਇਵੇਂ ਕੀਰਤਨ ਦੀ ਦਾਤ ਆਪ ਜੀ ਨੂੰ ਵਿਰਾਸਤ ਵਿੱਚੋਂ ਹੀ ਪ੍ਰਾਪਤ ਹੋਈ।
ਉਹਨਾਂ ਦੱਸਿਆ ਕਿ ਕਿਵੇਂ ਇਸ ਕਾਲਜ ਦੇ ਸੰਗੀਤ ਮਈ ਮਾਹੌਲ ਅਤੇ ਗੁਰਮਤਿ ਦੇ ਸਿਧਾਂਤ ਦੀ ਪ੍ਰਪੱਕਤਾ ਨੇ ਉਹਨਾਂ ਨੂੰ ਇੱਕ ਆਦਰਸ਼ਕ ਕੀਰਤਨੀਏ ਬਣਾ ਕੇ ਸੰਸਾਰ ਭਰ ਵਿਚਰਨ ਲਈ ਤਿਆਰ ਕੀਤਾ। ਕੋਰਸ ਦੌਰਾਨ ਹੀ ਭਾਈ ਸਾਹਿਬ ਨੂੰ ਭਾਈ ਗੁਰਮੇਜ ਸਿੰਘ ਜੀ ਦੀ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਭਾਈ ਗੁਰਮੇਜ ਸਿੰਘ ਜੀ ਨੇ ਹੀ ਇਹਨਾਂ ਨੂੰ ਜੰਮੂ ਕਸ਼ਮੀਰ ਦੇ ਸ਼ਹਿਰ ਸ੍ਰੀ ਨਗਰ ਵਿਖੇ ਕੀਰਤਨ ਦੀ ਸੇਵਾ ਕਰਨ ਲਈ ਭੇਜਿਆ । ਜਿੱਥੋਂ ਆਪ ਜੀ ਦੇ ਨਾਮ ਦੇ ਨਾਲ ਸ੍ਰੀਨਗਰ ਤਖੱਲਸ ਪੱਕੇ ਤੌਰ ਉੱਤੇ ਜੁੜ ਗਿਆ।
ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ ਨੇ ਵਿਦਿਆਰਥੀਆਂ ਨੂੰ ਉਤਸਾਹਿਤ ਕਰਦੇ ਹੋਏ ਚੰਗੇ ਕੀਰਤਨੀਏ ਬਣਨ ਦੇ ਗੁਰ ਵੀ ਸਮਝਾਏ ਤੇ ਹੱਥੀ ਗੁਰੂ ਘਰ ਦੀ ਸੇਵਾ ਕਰਨ ਦੀ ਪ੍ਰੇਰਨਾ ਵੀ ਦਿੱਤੀ।
ਆਪਣੇ ਜੀਵਨ ਵਿੱਚੋਂ ਕੁਝ ਅਨਮੋਲ ਪ੍ਰੇਰਨਾਦਾਇਕ ਪਲਾਂ ਨੂੰ ਸਾਂਝਾ ਕਰਦਿਆਂ ਕਾਲਜ ਵਿਖੇ ਰਹਿੰਦਿਆਂ ਕੀਤੇ ਗਏ ਅਭਿਆਸ ਨਾਲ ਸੰਬੰਧਿਤ ਨੁਕਤਿਆਂ ਸਬੰਧੀ ਵਿਚਾਰਾਂ ਵੀ ਕੀਤੀਆਂ। ਇਸ ਦੇ ਨਾਲ ਭਾਈ ਸਾਹਿਬ ਨੇ ਵਿਦਿਆਰਥੀਆਂ ਕੋਲੋਂ ਗੁਰਬਾਣੀ ਕੀਰਤਨ ਵਿੱਚ ਸਰਵਣ ਕੀਤਾ ਅਤੇ ਭਾਈ ਸਾਹਿਬ ਨੇ ਖੁਦ ਵੀ ਕੀਰਤਨ ਕਰਕੇ ਵਿਦਿਆਰਥੀਆਂ ਨੂੰ ਨਿਹਾਲ ਕੀਤਾ। ਕਾਲਜ ਦੇ ਮੌਜੂਦਾ ਪ੍ਰਿੰਸੀਪਲ ਬੀਬੀ ਮਨਜੀਤ ਕੌਰ ਜੀ ਦੀ ਸ਼ਲਾਘਾ ਕਰਦਿਆਂ ਉਹਨਾਂ ਨੇ ਹਰ ਪੱਖੋਂ ਸਹਿਯੋਗ ਦੇਣ ਦੀ ਗੱਲ ਵੀ ਕਹੀ ਕਾਲਜ ਪ੍ਰਿੰਸੀਪਲ ਸਾਹਿਬ ਸਮੁੱਚਾ ਸਟਾਫ ਅਤੇ ਸਾਰੇ ਹੀ ਵਿਦਿਆਰਥੀਆਂ ਨੇ ਭਾਈ ਸਾਹਿਬ ਨੂੰ ਭਾਰਤ ਸਰਕਾਰ ਵੱਲੋਂ ਪਦਮ ਸ੍ਰੀ ਅਵਾਰਡ ਮਿਲਣ ਤੇ ਬਹੁਤ ਖੁਸ਼ੀ ਜਾਹਿਰ ਕੀਤੀ ਅਤੇ ਕਾਲਜ ਵੱਲੋਂ ਵਿਸ਼ੇਸ਼ ਤੌਰ ਤੇ ਭਾਈ ਸਾਹਿਬ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਕਾਲਜ ਦੇ ਵਿਦਿਆਰਥੀਆਂ ਨੇ ਭਾਈ ਸਾਹਿਬ ਜੀ ਦੀ ਮਿਲਣੀ ਤੋਂ ਵੱਡਾ ਲਾਹਾ ਖੱਟਿਆ ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login