ADVERTISEMENT

ADVERTISEMENT

ਅਮਰੀਕਾ ਦਾ ਲੰਬੇ ਸਮੇਂ ਦਾ ਰਣਨੀਤਕ ਭਾਈਵਾਲ ਭਾਰਤ ਹੈ, ਪਾਕਿਸਤਾਨ ਨਹੀਂ: ਅਮਰੀਕੀ ਸੰਸਦ ਮੈਂਬਰ

ਅਮਰੀਕੀ ਸੰਸਦ ਮੈਂਬਰਾਂ ਨੇ ਭਾਰਤ ਨੂੰ ਖੇਤਰੀ ਅਤੇ ਵਿਸ਼ਵਵਿਆਪੀ ਸਥਿਰਤਾ ਲਈ ਲਾਜ਼ਮੀ ਦੱਸਿਆ ਹੈ

ਅਮਰੀਕਾ ਦੇ ਸੀਨੀਅਰ ਸੰਸਦ ਮੈਂਬਰਾਂ ਨੇ 12 ਜਨਵਰੀ ਨੂੰ ਵਾਸ਼ਿੰਗਟਨ ਦੀ ਰਣਨੀਤਕ ਗਣਨਾ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਇੱਕ ਸਪੱਸ਼ਟ ਅੰਤਰ ਦਿਖਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇੰਡੋ-ਪੈਸਿਫਿਕ ਖੇਤਰ ਅਤੇ ਇਸ ਤੋਂ ਅੱਗੇ ਲਈ ਅਮਰੀਕਾ ਦਾ ਲੰਬੇ ਸਮੇਂ ਦਾ ਸਾਥੀ ਭਾਰਤ ਹੈ, ਨਾ ਕਿ ਪਾਕਿਸਤਾਨ।

ਸੈਂਟਰ ਫ਼ਾਰ ਸਟ੍ਰੈਟਜਿਕ ਐਂਡ ਇੰਟਰਨੈਸ਼ਨਲ ਸਟੱਡੀਜ਼ (CSIS) ਵੱਲੋਂ ਕਰਵਾਈ ਗਈ ਇੱਕ ਚਰਚਾ ਦੌਰਾਨ ਰਿਪ੍ਰਜ਼ੈਂਟੇਟਿਵ ਅਮੀ ਬੇਰਾ ਨੇ ਕਿਹਾ ਕਿ ਪਾਕਿਸਤਾਨ ਨਾਲ ਸਮੇਂ-ਸਮੇਂ ‘ਤੇ ਹੋਣ ਵਾਲੀ ਡਿਪਲੋਮੈਟਿਕ ਗੱਲਬਾਤ ਨੂੰ ਰਣਨੀਤਕ ਸਾਂਝ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ। ਬੇਰਾ ਨੇ ਹਾਲੀਆ ਰਾਜਨੀਤਕ ਬਿਆਨਾਂ ਕਾਰਨ ਬਣੀ ਧਾਰਣਾ ਦਾ ਖੰਡਨ ਕਰਦੇ ਹੋਏ ਕਿਹਾ, “ਅਸੀਂ ਪਾਕਿਸਤਾਨ ਨਾਲ ਕੋਈ ਰਣਨੀਤਕ ਭਾਈਚਾਰਾ ਨਹੀਂ ਬਣਾ ਰਹੇ।” ਉਨ੍ਹਾਂ ਨੇ ਮੰਨਿਆ ਕਿ ਕਈ ਵਾਰ ਅਮਰੀਕੀ ਨੇਤਾਵਾਂ ਦੀਆਂ ਟਿੱਪਣੀਆਂ ਨਵੀਂ ਦਿੱਲੀ ਵਿੱਚ ਤਣਾਅ ਪੈਦਾ ਕਰ ਸਕਦੀਆਂ ਹਨ। 

ਹਾਲਾਂਕਿ, ਬੇਰਾ ਨੇ ਜ਼ੋਰ ਦੇ ਕੇ ਕਿਹਾ ਕਿ ਆਰਥਿਕ ਅਤੇ ਰਣਨੀਤਕ ਹਕੀਕਤਾਂ ਸਾਫ਼ ਤੌਰ ‘ਤੇ ਭਾਰਤ ਦੇ ਹੱਕ ਵਿੱਚ ਹਨ। ਉਨ੍ਹਾਂ ਕਿਹਾ, “ਤੁਸੀਂ ਅਮਰੀਕੀ ਕੰਪਨੀਆਂ ਨੂੰ ਪਾਕਿਸਤਾਨ ਵਿੱਚ ਅਰਬਾਂ ਡਾਲਰ ਦੇ ਨਿਵੇਸ਼ ਕਰਦੀਆਂ ਨਹੀਂ ਵੇਖਦੇ। ਇਹ ਸਾਰਾ ਕੁਝ ਭਾਰਤ ਵਿੱਚ ਹੋ ਰਿਹਾ ਹੈ।”

ਸੰਸਦ ਮੈਂਬਰ ਰਿਚ ਮੈਕਕਾਰਮਿਕ ਨੇ ਵੀ ਇਸੇ ਗੱਲ ਦੀ ਪੁਸ਼ਟੀ ਕੀਤੀ ਅਤੇ ਭਾਰਤ ਨੂੰ ਖੇਤਰੀ ਅਤੇ ਵਿਸ਼ਵਵਿਆਪੀ ਸਥਿਰਤਾ ਲਈ ਲਾਜ਼ਮੀ ਦੱਸਿਆ। ਉਨ੍ਹਾਂ ਕਿਹਾ, “ਭਵਿੱਖ ਵਿੱਚ ਸਿਰਫ਼ ਅਮਰੀਕਾ ਅਤੇ ਭਾਰਤ ਲਈ ਹੀ ਨਹੀਂ, ਸਗੋਂ ਪੂਰੀ ਦੁਨੀਆ ਦੀ ਸਥਿਰਤਾ ਲਈ ਜਿਸ ਦੋਸਤ ਦੀ ਸਾਨੂੰ ਸਭ ਤੋਂ ਵੱਧ ਲੋੜ ਹੋਵੇਗੀ, ਉਹ ਭਾਰਤ ਹੈ।”

ਕਾਨੂੰਨ ਘਾੜਿਆਂ ਨੇ ਕਿਹਾ ਕਿ ਵਾਸ਼ਿੰਗਟਨ ਦੀ ਲੰਬੇ ਸਮੇਂ ਦੀ ਇੰਡੋ-ਪੈਸਿਫਿਕ ਰਣਨੀਤੀ ਵਿੱਚ ਪਾਕਿਸਤਾਨ ਦੀ ਕੋਈ ਖ਼ਾਸ ਭੂਮਿਕਾ ਨਹੀਂ ਹੈ। ਬੇਰਾ ਨੇ ਨੋਟ ਕੀਤਾ, “ਜੇ ਤੁਸੀਂ ਕਲਿੰਟਨ ਪ੍ਰਸ਼ਾਸਨ ਤੋਂ ਲੈ ਕੇ ਬੁਸ਼, ਓਬਾਮਾ, ਟਰੰਪ 1.0 ਤੋਂ ਹੁੰਦੇ ਹੋਏ ਬਾਈਡਨ ਤੱਕ ਵੇਖੋ, ਤਾਂ ਭਾਰਤ ਸਾਡੀ ਪੂਰੀ ਇੰਡੋ-ਪੈਸਿਫਿਕ ਰਣਨੀਤੀ ਦਾ ਇੱਕ ਬਹੁਤ ਹੀ ਮਹੱਤਵਪੂਰਨ ਹਿੱਸਾ ਰਿਹਾ ਹੈ।”

Comments

Related