ADVERTISEMENT

ADVERTISEMENT

ਅਮਰੀਕਾ ਵਿੱਚ ਪੜ੍ਹ ਰਹੇ 90% ਅੰਤਰਰਾਸ਼ਟਰੀ ਵਿਦਿਆਰਥੀਆਂ ‘ਚ ਡਰ ਦਾ ਮਾਹੌਲ: ਰਿਪੋਰਟ

ਸਿਰਫ਼ 4 ਫ਼ੀਸਦੀ ਵਿਦਿਆਰਥੀਆਂ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਨ

Representative Image / Courtesy: Pexels

ਅਮਰੀਕਾ ਦੀਆਂ ਯੂਨੀਵਰਸਿਟੀਆਂ ਵਿੱਚ ਪੜ੍ਹ ਰਹੇ ਜ਼ਿਆਦਾਤਰ ਅੰਤਰਰਾਸ਼ਟਰੀ ਵਿਦਿਆਰਥੀ ਆਪਣੀ ਵੀਜ਼ਾ ਸਥਿਤੀ ਨੂੰ ਲੈ ਕੇ ਡਰ ਮਹਿਸੂਸ ਕਰ ਰਹੇ ਹਨ। Stop AAPI Hate ਵੱਲੋਂ 10 ਦਸੰਬਰ ਨੂੰ ਜਾਰੀ ਕੀਤੀ ਇੱਕ ਨਵੀਂ ਰਿਪੋਰਟ ਵਿੱਚ ਇਹ ਖੁਲਾਸਾ ਹੋਇਆ ਹੈ। ਅਧਿਐਨ ਮੁਤਾਬਕ, 90 ਫ਼ੀਸਦੀ ਵਿਦਿਆਰਥੀਆਂ ਨੇ ਆਪਣੀ ਵੀਜ਼ਾ ਸਥਿਤੀ ਬਾਰੇ ਡਰ ਜਾਂ ਅਨਿਸ਼ਚਿਤਤਾ ਜ਼ਾਹਰ ਕੀਤੀ, ਜਿਸ ਵਿੱਚ ਗ੍ਰਿਫ਼ਤਾਰੀ, ਡਿਪੋਰਟੇਸ਼ਨ ਜਾਂ ਉਨ੍ਹਾਂ ਦੀ ਅਕਾਦਮਿਕ ਤਰੱਕੀ ਵਿੱਚ ਰੁਕਾਵਟ ਆਉਣ ਦੇ ਖਤਰੇ ਸ਼ਾਮਲ ਹਨ।

ਰਿਪੋਰਟ ਦੇ ਅਨੁਸਾਰ, ਅਮਰੀਕਾ ਵਿੱਚ 72 ਫ਼ੀਸਦੀ ਅੰਤਰਰਾਸ਼ਟਰੀ ਵਿਦਿਆਰਥੀ ਏਸ਼ੀਆ ਤੋਂ ਹਨ, ਜਿਨ੍ਹਾਂ ਵਿੱਚ ਸਭ ਤੋਂ ਵੱਡੀ ਗਿਣਤੀ ਭਾਰਤ ਅਤੇ ਚੀਨ ਤੋਂ ਆਏ ਵਿਦਿਆਰਥੀਆਂ ਦੀ ਹੈ। 36 ਯੂਨੀਵਰਸਿਟੀਆਂ ਤੋਂ ਇਕੱਠੇ ਕੀਤੇ ਗਏ ਸਰਵੇਖਣ ਜਵਾਬਾਂ ਤੋਂ ਪਤਾ ਲੱਗਦਾ ਹੈ ਕਿ ਵਿਦਿਆਰਥੀਆਂ ਵਿੱਚ ਡਰ ਦਾ ਮਾਹੌਲ, ਅਪਣਾਪਨ ਘਟਣ ਦੀ ਭਾਵਨਾ ਅਤੇ ਨਿਗਰਾਨੀ ਸੰਬੰਧੀ ਚਿੰਤਾਵਾਂ ਜ਼ਿਆਦਾ ਹਨ, ਜੋ ਦੇਸ਼ ਭਰ ਵਿੱਚ ਵਿਦਿਆਰਥੀਆਂ ਉੱਤੇ ਪੈਂਦੇ ਭਾਵਨਾਤਮਕ ਅਤੇ ਅਕਾਦਮਿਕ ਦਬਾਅ ਨੂੰ ਦਰਸਾਉਂਦੀਆਂ ਹਨ। ਸਿਰਫ਼ 4 ਫ਼ੀਸਦੀ ਵਿਦਿਆਰਥੀਆਂ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਨ।

ਉਹਨਾਂ ਵਿਦਿਆਰਥੀਆਂ ਦੀ ਸੰਖਿਆ ਜਿਨ੍ਹਾਂ ਨੇ ਕਿਹਾ ਕਿ ਉਹ ਅਮਰੀਕਾ ਵਿੱਚ ਵੀਜ਼ਾ ਸਥਿਤੀ ਤੋਂ ਪ੍ਰਭਾਵਿਤ ਹੋਏ ਹਨ / Courtesy: Stop AAPI Hate

ਵਿਦਿਆਰਥੀਆਂ ਨੇ ਆਪਣੇ ਤਜਰਬਿਆਂ ਨੂੰ ਤਿੱਖੇ ਸ਼ਬਦਾਂ ਵਿੱਚ ਬਿਆਨ ਕੀਤਾ। ਇੱਕ ਵਿਦਿਆਰਥੀ ਨੇ ਕਿਹਾ ਕਿ ਉਨ੍ਹਾਂ ਨੂੰ "ਬਿਨਾਂ ਕਿਸੇ ਕਾਨੂੰਨੀ ਪ੍ਰਕਿਰਿਆ ਦੇ ICE ਦੁਆਰਾ ਅਗਵਾ ਕੀਤੇ ਜਾਣ, ਨਜ਼ਰਬੰਦੀ ਪ੍ਰਣਾਲੀ ਵਿੱਚ ਗਾਇਬ ਹੋਣ, ਜੇਕਰ ਨਜ਼ਰਬੰਦ ਕੀਤੇ ਗਏ ਤਾਂ ਸਿਹਤ ਦੇਖਭਾਲ ਤੋਂ ਇਨਕਾਰ ਕੀਤੇ ਜਾਣ" ਦਾ ਡਰ ਹੈ। ਦੂਜੇ ਨੇ ਕਿਹਾ, “ਮੈਂ ਨਫ਼ਰਤ ਕਰਦਾ ਹਾਂ ਜਦੋਂ ਮੈਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਨੂੰ ਡਿਲੀਟ ਕਰਨਾ ਪੈਂਦਾ ਹੈ ਜਦਕਿ ਮੈਂ ਸਿਰਫ਼ ਉਨ੍ਹਾਂ ਚੀਜ਼ਾਂ ਨੂੰ ਪੋਸਟ ਕਰਦਾ ਹਾਂ ਜਿਨ੍ਹਾਂ ਵਿੱਚ ਮੈਂ ਵਿਸ਼ਵਾਸ ਕਰਦਾ ਹਾਂ। ਮੈਂ ਸੋਚਿਆ ਸੀ ਕਿ ਅਮਰੀਕਾ ਵਿੱਚ ਰਹਿਕੇ ਮੈਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ।”

ਕਈ ਵਿਦਿਆਰਥੀਆਂ ਨੇ ਅਮਰੀਕਾ ਵਿੱਚ ਪੜ੍ਹਾਈ ਕਰਨ ਬਾਰੇ ਨਿਰਾਸ਼ਾ ਵੀ ਜ਼ਾਹਰ ਕੀਤੀ। ਇੱਕ ਨੇ ਕਿਹਾ, “ਅਸੀਂ ਇੱਥੇ ਦੇ ਨਹੀਂ ਹਾਂ […ਅਮਰੀਕਾ ਹੁਣ ਸੁਪਨਿਆਂ ਦੀ ਧਰਤੀ ਨਹੀਂ ਰਹੀ।” ਦੂਜੇ ਨੇ ਭਵਿੱਖ ਦੇ ਬਿਨੈਕਾਰਾਂ ਨੂੰ ਸਲਾਹ ਦਿੱਤੀ, “ਭੱਜ ਜਾਓ, ਇੱਥੇ ਨਾ ਆਓ!” ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਡਰ ਨੇ ਵਿਦਿਆਰਥੀਆਂ ਦੀ ਰੋਜ਼ਾਨਾ ਜ਼ਿੰਦਗੀ ਨੂੰ ਬਦਲ ਦਿੱਤਾ ਹੈ। 86 ਫ਼ੀਸਦੀ ਵਿਦਿਆਰਥੀਆਂ ਨੇ ਆਪਣੀ ਸੋਸ਼ਲ ਮੀਡੀਆ ਵਰਤੋਂ ਨੂੰ ਸੀਮਤ ਕਰ ਦਿੱਤਾ ਹੈ, 88 ਫ਼ੀਸਦੀ ਨੇ ਅਪਣਾਪਨ ਘਟਣ ਦੀ ਭਾਵਨਾ ਦੱਸੀ ਅਤੇ 81 ਫ਼ੀਸਦੀ ਨੇ ਸਰੀਰਕ ਜਾਂ ਮਾਨਸਿਕ ਸਿਹਤ ਉੱਤੇ ਨਕਾਰਾਤਮਕ ਅਸਰ ਮਹਿਸੂਸ ਕੀਤਾ। ਜ਼ਿਆਦਾਤਰ ਵਿਦਿਆਰਥੀਆਂ ਨੇ ਕਿਹਾ ਕਿ ਉਨ੍ਹਾਂ ਦੀਆਂ ਯੂਨੀਵਰਸਿਟੀਆਂ ਮਾਨਸਿਕ ਸਿਹਤ ਸੇਵਾਵਾਂ (78 ਫ਼ੀਸਦੀ), ਵੀਜ਼ਾ ਮਾਰਗਦਰਸ਼ਨ (77 ਫ਼ੀਸਦੀ) ਅਤੇ ਸੰਸਥਾਗਤ ਸੰਚਾਰ (67 ਫ਼ੀਸਦੀ) ਦੀ ਪੇਸ਼ਕਸ਼ ਕਰਦੀਆਂ ਹਨ, ਪਰ ਫੇਰ ਵੀ ਕਈ ਮਹੱਤਵਪੂਰਨ ਖੇਤਰਾਂ ਵਿੱਚ ਖਾਮੀਆਂ ਬਰਕਰਾਰ ਹਨ।

ਕੇਵਲ 38 ਫ਼ੀਸਦੀ ਵਿਦਿਆਰਥੀਆਂ ਨੇ ਕਾਨੂੰਨੀ ਮਦਦ ਤੱਕ ਪਹੁੰਚ ਹੋਣ ਦੀ ਗੱਲ ਕੀਤੀ ਅਤੇ ਅੱਧੇ ਤੋਂ ਵੀ ਘੱਟ ਨੇ ਕਿਹਾ ਕਿ ਉਨ੍ਹਾਂ ਨੂੰ ਅਕਾਦਮਿਕ ਲੋੜਾਂ ਪੂਰੀਆਂ ਕਰਨ ਬਾਰੇ ਮਾਰਗਦਰਸ਼ਨ ਮਿਲਿਆ। 14 ਤੋਂ 37 ਫ਼ੀਸਦੀ ਵਿਦਿਆਰਥੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਕੁਝ ਮਹੱਤਵਪੂਰਨ ਸੇਵਾਵਾਂ ਮੌਜੂਦ ਹਨ ਜਾਂ ਨਹੀਂ, ਜੋ ਸੰਚਾਰ ਚੁਣੌਤੀਆਂ ਵੱਲ ਇਸ਼ਾਰਾ ਕਰਦਾ ਹੈ। ਸੰਸਥਾ ਦਾ ਕਹਿਣਾ ਹੈ ਕਿ ਇਹ ਨਤੀਜੇ ਹਾਲੀਆ ਫੈਡਰਲ ਕਾਰਵਾਈਆਂ ਦੇ ਮਾਹੌਲ ਨੂੰ ਦਰਸਾਉਂਦੇ ਹਨ, ਜਿਨ੍ਹਾਂ ਵਿੱਚ ਅਸਹਿਮਤੀ ਕਾਰਨ ਵੀਜ਼ਾ ਰੱਦ ਕਰਨ, ਅਚਾਨਕ ਇਮੀਗ੍ਰੇਸ਼ਨ ਨੀਤੀਆਂ ਵਿੱਚ ਬਦਲਾਅ ਅਤੇ ਪ੍ਰਵਾਸੀਆਂ ਉੱਤੇ ਵਧੇਰੇ ਨਿਗਰਾਨੀ ਸ਼ਾਮਲ ਹੈ।

ਸਟਾਪ ਏਏਪੀਆਈ ਹੇਟ ਦੀ ਸਹਿ-ਸੰਸਥਾਪਕ ਅਤੇ ਏਏਪੀਆਈ ਇਕੁਇਟੀ ਅਲਾਇੰਸ ਦੀ ਕਾਰਜਕਾਰੀ ਨਿਰਦੇਸ਼ਕ ਮੰਜੂਸ਼ਾ ਕੁਲਕਰਨੀ ਨੇ ਕਿਹਾ, “ਅਧਿਐਨ ਦੇ ਨਤੀਜੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਇੱਕ ਸਪਸ਼ਟ ਤਸਵੀਰ ਪੇਸ਼ ਕਰਦੇ ਹਨ, ਜੋ ਲਗਾਤਾਰ ਡਰ ਵਿੱਚ ਜੀਅ ਰਹੇ ਹਨ ਅਤੇ ਜਿਨ੍ਹਾਂ ਦੀ ਜ਼ਿੰਦਗੀ ਦੇ ਲਗਭਗ ਹਰ ਪੱਖ ਵਿੱਚ ਅਨਿਸ਼ਚਿਤਤਾ ਝਲਕਦੀ ਹੈ।”ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਦਾ ਰਵੱਈਆ “ਇੱਕ ਵੱਡੇ ਐਂਟੀ-ਇਮੀਗ੍ਰੈਂਟ ਏਜੰਡੇ” ਨਾਲ ਮੇਲ ਖਾਂਦਾ ਹੈ, ਜਿਸਦਾ ਹਵਾਲਾ 19 ਗੈਰ-ਯੂਰਪੀ ਦੇਸ਼ਾਂ ਦੇ ਲੋਕਾਂ ਲਈ ਇਮੀਗ੍ਰੇਸ਼ਨ ਅਰਜ਼ੀਆਂ ਰੋਕੇ ਜਾਣ ਨਾਲ ਦਿੱਤਾ ਗਿਆ।

ਸਟਾਪ ਏਏਪੀਆਈ ਹੇਟ ਦੀ ਡਾਟਾ ਅਤੇ ਖੋਜ ਨਿਰਦੇਸ਼ਕ ਸਟੈਫਨੀ ਚੈਨ ਨੇ ਕਿਹਾ, “ਸਾਡੇ ਸਰਵੇਖਣ ਤੋਂ ਸਾਫ਼ ਪਤਾ ਲੱਗਦਾ ਹੈ ਕਿ ਕਈ ਯੂਨੀਵਰਸਿਟੀਆਂ ਅਤੇ ਕਾਲਜ ਆਪਣੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਰੱਖਿਆ ਅਤੇ ਸਹਾਇਤਾ ਲਈ ਜ਼ਿਆਦਾ ਕੁਝ ਨਹੀਂ ਕਰ ਰਹੇ।”

ਉਨ੍ਹਾਂ ਨੇ ਹੋਰ ਕਿਹਾ ਕਿ ਇਹ ਰਿਪੋਰਟ ਸੰਸਥਾਵਾਂ ਨੂੰ ਪ੍ਰੇਰਿਤ ਕਰਨ ਲਈ ਤਿਆਰ ਕੀਤੀ ਗਈ ਹੈ ਤਾਂ ਜੋ ਉਹ ਮਾਨਸਿਕ ਸਿਹਤ ਸੇਵਾਵਾਂ, ਕਾਨੂੰਨੀ ਮਦਦ ਅਤੇ ਹੋਰ ਵਿਸ਼ੇਸ਼ ਸਹਾਇਤਾ ਨੂੰ ਵਧਾ ਸਕਣ ਅਤੇ ਅਧਿਐਨ ਵਿੱਚ ਦਰਜ ਕੀਤੀਆਂ ਲੋੜਾਂ ਨੂੰ ਪੂਰਾ ਕਰ ਸਕਣ।

Comments

Related