ਵਿਸ਼ਵ ਗੱਤਕਾ ਫੈਡਰੇਸ਼ਨ ਤੇ ਏਸ਼ੀਅਨ ਗੱਤਕਾ ਫੈਡਰੇਸ਼ਨ ਨਾਲ ਸੰਬੰਧਿਤ ਦੇਸ਼ ਦੀ ਸਭ ਤੋਂ ਪੁਰਾਣੀ ਰਜਿਸਟਰਡ ਗੱਤਕਾ ਸੰਸਥਾ, ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ (ਐਨ.ਜੀ.ਏ.ਆਈ.) ਵਲੋਂ 10 ਤੋਂ 12 ਅਕਤੂਬਰ, 2025 ਤੱਕ ਛੱਤੀਸਗੜ੍ਹ ਦੇ ਦੁਰਗ ਜ਼ਿਲ੍ਹੇ ਦੇ ਭਿਲਾਈ ਸ਼ਹਿਰ ਵਿੱਚ ਸਥਿਤ ਗੁਰੂ ਨਾਨਕ ਇੰਗਲਿਸ਼ ਸੀਨੀਅਰ ਸੈਕੰਡਰੀ ਸਕੂਲ ਵਿਖੇ 13ਵੀਂ ਨੈਸ਼ਨਲ ਗੱਤਕਾ (ਪੁਰਸ਼ ਤੇ ਮਹਿਲਾ) ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ।
ਕੌਮੀ ਪੱਧਰ ਦਾ ਇਹ ਟੂਰਨਾਮੈਂਟ ਨਿਊ ਗੱਤਕਾ ਸਪੋਰਟਸ ਐਸੋਸੀਏਸ਼ਨ ਛੱਤੀਸਗੜ੍ਹ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਵੱਖ-ਵੱਖ ਰਾਜਾਂ ਦੀਆਂ ਗੱਤਕਾ ਟੀਮਾਂ ਤਿੰਨ ਦਿਨਾਂ ਤੱਕ ਗੱਤਕਾ-ਸੋਟੀ ਅਤੇ ਫੱਰੀ-ਸੋਟੀ ਵਿੱਚ ਗਹਿ-ਗੱਚਵੇਂ ਵਿਅਕਤੀਗਤ ਅਤੇ ਟੀਮ ਮੁਕਾਬਲਿਆਂ ਦੀ ਲੜੀ ਵਿੱਚ ਹਿੱਸਾ ਲੈਣਗੀਆਂ।
ਇਸ ਸਮਾਗਮ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਤੇ ਰਾਜ ਪੁਰਸਕਾਰ ਜੇਤੂ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਅਜਿਹੇ ਸਲਾਨਾ ਮੁਕਾਬਲੇ ਰਵਾਇਤੀ ਸਿੱਖ ਮਾਰਸ਼ਲ ਆਰਟ ਗੱਤਕੇ ਨੂੰ ਸੰਭਾਲਣ, ਉਤਸ਼ਾਹਿਤ ਕਰਨ ਅਤੇ ਪੇਸ਼ੇਵਰ ਖੇਡ ਬਣਾਉਣ ਤੋਂ ਇਲਾਵਾ ਉੱਭਰਦੇ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਇੱਕ ਰਾਸ਼ਟਰੀ ਪਲੇਟਫਾਰਮ ਪ੍ਰਦਾਨ ਕਰਨ ਦੇ ਉਦੇਸ਼ ਨਾਲ ਕਰਵਾਏ ਜਾਂਦੇ ਹਨ।
ਉਨ੍ਹਾਂ ਕਿਹਾ, “ਇਹ ਚੈਂਪੀਅਨਸ਼ਿਪਾਂ ਵਿਸ਼ਵ ਗੱਤਕਾ ਫੈਡਰੇਸ਼ਨ ਵੱਲੋਂ ਤਿਆਰ ਕੀਤੇ ਲੰਬੇ ਸਮੇਂ ਦੇ ‘ਵਿਜ਼ਨ ਦਸਤਾਵੇਜ਼-2030’ ਦਾ ਹਿੱਸਾ ਹਨ ਤਾਂ ਜੋ ਗੱਤਕਾ ਖੇਡ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਪ੍ਰਾਪਤ ਖੇਡ ਬਣਾਇਆ ਜਾ ਸਕੇ। ਸਾਡਾ ਉਦੇਸ਼ ਬਿਹਤਰ ਤਕਨੀਕੀ ਮਿਆਰਾਂ ਨੂੰ ਲਾਗੂ ਕਰਨ, ਮਿਸ਼ਰਤ ਮੁਕਾਬਲਿਆਂ ਰਾਹੀਂ ਲਿੰਗ ਸਮਾਨਤਾ ਨੂੰ ਯਕੀਨੀ ਬਣਾਉਣਾ ਅਤੇ ਸੂਚਨਾ ਤਕਨੀਕ ਅਧਾਰਤ ਟੂਰਨਾਮੈਂਟ ਪ੍ਰਬੰਧਨ ਪ੍ਰਣਾਲੀਆਂ ਨੂੰ ਅਪਣਾ ਕੇ ਇਸਨੂੰ ਓਲੰਪਿਕ ਪੱਧਰ ਲਈ ਤਿਆਰ ਕਰਨਾ ਹੈ।”
ਐਨ.ਜੀ.ਏ.ਆਈ. ਦੇ ਕਾਰਜਕਾਰੀ ਪ੍ਰਧਾਨ ਸੁਖਚੈਨ ਸਿੰਘ ਕਲਸਾਨੀ, ਜਨਰਲ ਸਕੱਤਰ ਹਰਜਿੰਦਰ ਕੁਮਾਰ ਅਤੇ ਵਿੱਤ ਸਕੱਤਰ ਬਲਜੀਤ ਸਿੰਘ ਸੈਣੀ ਨੇ ਅੱਗੇ ਕਿਹਾ, “ਅਸੀਂ ਆਪਣੇ ਨੌਜਵਾਨਾਂ ਨੂੰ ਆਪਣੀ ਵਿਰਾਸਤੀ ਖੇਡ ਦੇ ਮੁਕਾਬਲੇ ਕਰਵਾਉਣ ਲਈ ਸੁਰੱਖਿਅਤ ਅਤੇ ਪ੍ਰਤੀਯੋਗੀ ਪਲੇਟਫਾਰਮ ਪ੍ਰਦਾਨ ਕਰਨ ਲਈ ਵਚਨਬੱਧ ਹਾਂ। ਇਹ ਚੈਂਪੀਅਨਸ਼ਿਪ ਗੱਤਕੇ ਦੀ ਦਿਨੋ-ਦਿਨ ਵਧਦੀ ਪ੍ਰਸਿੱਧੀ ਸਮੇਤ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਇਸਨੂੰ ਪ੍ਰਫੁੱਲਿਤ ਕਰਨ ਲਈ ਐਨ.ਜੀ.ਏ.ਆਈ. ਦੇ ਯਤਨਾਂ ਦਾ ਪ੍ਰਮਾਣ ਹੈ।”
ਇਸ ਚੈਂਪੀਅਨਸ਼ਿਪ ਦਾ ਉਦਘਾਟਨੀ ਸਮਾਰੋਹ 10 ਅਕਤੂਬਰ ਨੂੰ ਹੋਵੇਗਾ ਜਦੋਂ ਕਿ ਸਮਾਪਤੀ ਸਮਾਰੋਹ ਦੌਰਾਨ 12 ਅਕਤੂਬਰ ਨੂੰ ਚੋਟੀ ਦਾ ਪ੍ਰਦਰਸ਼ਨ ਕਰਨ ਵਾਲੇ ਐਥਲੀਟਾਂ ਨੂੰ ਮੈਡਲ, ਟਰਾਫੀਆਂ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਜਾਵੇਗਾ। ਐਨ.ਜੀ.ਏ.ਆਈ. ਨੇ ਖੇਡ ਪ੍ਰੇਮੀਆਂ, ਸਮਾਜਿਕ ਸੰਸਥਾਵਾਂ ਅਤੇ ਆਮ ਜਨਤਾ ਨੂੰ ਇਸ ਇਤਿਹਾਸਕ ਸਮਾਗਮ ਮੌਕੇ ਜੰਗਜੂ ਕਲਾ ਗੱਤਕਾ ਦੇ ਯੋਧਿਆਂ ਦੇ ਫਸਵੇਂ ਮੁਕਾਬਲੇ ਦੇਖਣ ਅਤੇ ਹੌਸਲਾ ਵਧਾਉਣ ਲਈ ਖੁੱਲ੍ਹਾ ਸੱਦਾ ਦਿੱਤਾ ਹੈ।
Comments
Start the conversation
Become a member of New India Abroad to start commenting.
Sign Up Now
Already have an account? Login