ADVERTISEMENTs

ਏਅਰ ਇੰਡੀਆ ਦੀ ਹਾਦਸਾਗ੍ਰਸਤ ਉਡਾਣ ਦੇ 242 ਯਾਤਰੀਆਂ ਵਿੱਚੋਂ 1 ਦੀ ਬਚੀ ਜਾਨ

ਇਸ ਹਾਦਸੇ ਨੂੰ ਭਾਰਤ ਵਿੱਚ ਹਾਲ ਹੀ ਦੇ ਸਾਲਾਂ ਵਿੱਚ ਸਭ ਤੋਂ ਭਿਆਨਕ ਜਹਾਜ਼ ਹਾਦਸਾ ਮੰਨਿਆ ਜਾਂਦਾ ਹੈ

ਏਅਰ ਇੰਡੀਆ ਦਾ ਇੱਕ ਜਹਾਜ਼, ਜਿਸ ਵਿੱਚ 242 ਯਾਤਰੀ ਸਵਾਰ ਸਨ, ਅਹਿਮਦਾਬਾਦ ਤੋਂ ਉਡਾਣ ਭਰਨ ਤੋਂ ਕੁਝ ਮਿੰਟਾਂ ਬਾਅਦ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ 241 ਲੋਕਾਂ ਦੀ ਮੌਤ ਹੋ ਗਈ ਹੈ।

ਇੱਕ ਵਿਅਕਤੀ ਵਿਸ਼ਵਾਸ ਕੁਮਾਰ ਰਮੇਸ਼ ਜੋ ਇਸ ਹਾਦਸੇ ਵਿੱਚ ਬਚ ਗਿਆ, ਹਸਪਤਾਲ ਵਿੱਚ ਭਰਤੀ ਹੈ। ਏਅਰ ਇੰਡੀਆ ਨੇ ਇੱਕ ਬਿਆਨ ਵਿੱਚ ਕਿਹਾ ਕਿ ਹਾਦਸੇ ਵਿੱਚ ਕੇਵਲ "ਇਕ ਬਚਿਆ ਹੋਇਆ ਵਿਅਕਤੀ" ਹੈ, ਜਿਸਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
"ਜਹਾਜ਼ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਹਾਦਸਾਗ੍ਰਸਤ ਹੋ ਗਿਆ। ਅਫ਼ਸੋਸ ਨਾਲ ਦੱਸਣਾ ਪੈਂਦਾ ਹੈ ਕਿ 242 ਯਾਤਰੀਆਂ ਵਿੱਚੋਂ 241 ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਕੇਵਲ ਇੱਕ ਵਿਅਕਤੀ ਬਚਿਆ ਹੈ ਜਿਸਦਾ ਇਲਾਜ ਹਸਪਤਾਲ ਵਿੱਚ ਚੱਲ ਰਿਹਾ ਹੈ," ਏਅਰਲਾਈਨ ਨੇ ਵੀਰਵਾਰ ਨੂੰ ਸੋਸ਼ਲ ਮੀਡੀਆ 'ਤੇ ਜਾਰੀ ਬਿਆਨ ਵਿੱਚ ਕਿਹਾ।

ਅਹਿਮਦਾਬਾਦ ਪੁਲਿਸ ਕਮਿਸ਼ਨਰ ਜੀਐਸ ਮਲਿਕ ਨੇ ਕਿਹਾ, "ਪੁਲਿਸ ਨੂੰ ਸੀਟ 11ਏ ਤੋਂ ਇੱਕ ਬਚਿਆ ਹੋਇਆ ਵਿਅਕਤੀ ਮਿਲਿਆ। ਉਹ ਹਸਪਤਾਲ ਵਿੱਚ ਹੈ ਅਤੇ ਇਲਾਜ ਅਧੀਨ ਹੈ।"

ਭਾਰਤੀ ਮੀਡੀਆ ਆਊਟਲੇਟਾਂ ਨੇ ਇੱਕ ਸਥਾਨਕ ਹਸਪਤਾਲ ਵਿੱਚ ਇਕ ਵਿਅਕਤੀ ਨਾਲ ਗੱਲ ਕੀਤੀ ਜਿਸਨੇ ਦੱਸਿਆ ਕਿ ਉਹ ਵਿਅਕਤੀ ਯੂਕੇ ਦਾ ਨਾਗਰਿਕ ਵਿਸ਼ਵਾਸ ਕੁਮਾਰ ਰਮੇਸ਼ ਹੈ, ਜਿਸਦਾ ਨਾਮ ਫਲਾਈਟ AI171 ਦੇ ਮੈਨੀਫੈਸਟ ਵਿੱਚ ਸੀਟ 11ਏ 'ਤੇ ਦਰਜ ਸੀ। ਏਅਰ ਇੰਡੀਆ ਅਨੁਸਾਰ, ਇਹ ਵਿਅਕਤੀ ਭਾਰਤੀ ਮੂਲ ਦਾ ਇੱਕ ਬ੍ਰਿਟਿਸ਼ ਨਾਗਰਿਕ ਹੈ।
ਅਹਿਮਦਾਬਾਦ ਦੇ ਸਿਵਲ ਹਸਪਤਾਲ ਦੇ ਡਾ. ਧਵਲ ਗਾਮੇਟੀ ਨੇ ਦੱਸਿਆ ਕਿ ਉਨ੍ਹਾਂ ਨੇ ਰਮੇਸ਼ ਦੀ ਜਾਂਚ ਕੀਤੀ ਹੈ। ਉਨ੍ਹਾਂ ਕਿਹਾ, "ਜਦੋਂ ਉਹ ਹਸਪਤਾਲ ਲਿਆਂਦਾ ਗਿਆ ਤਾਂ ਉਹ ਸਰੀਰ 'ਤੇ ਕਈ ਸੱਟਾਂ ਦੇ ਨਾਲ ਬੇਹੋਸ਼ ਸੀ, ਪਰ ਹੁਣ ਉਹ ਖਤਰੇ ਤੋਂ ਬਾਹਰ ਹੈ।"

ਇਸ ਮਾਮਲੇ ਵਿੱਚ ਬਚੇ ਵਿਅਕਤੀ ਦੇ ਬ੍ਰਿਟਿਸ਼ ਨਾਗਰਿਕ ਹੋਣ ਦੀਆਂ ਰਿਪੋਰਟਾਂ 'ਤੇ ਜਵਾਬ ਦਿੰਦਿਆਂ, ਯੂਕੇ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਵੀਰਵਾਰ ਨੂੰ ਕਿਹਾ, "ਅਸੀਂ ਤੱਥਾਂ ਦੀ ਪੁਸ਼ਟੀ ਕਰ ਰਹੇ ਹਾਂ ਅਤੇ ਜਾਂਚ ਜਾਰੀ ਹੈ।"

ਉਨ੍ਹਾਂ ਕਿਹਾ, "ਅਸੀਂ ਭਾਰਤੀ ਅਧਿਕਾਰੀਆਂ ਨਾਲ ਨਿਰੰਤਰ ਸੰਪਰਕ ਵਿੱਚ ਹਾਂ ਅਤੇ ਆਪਣੀ ਟੀਮ ਭੇਜੀ ਹੈ, ਜਿਸਨੂੰ ਉਨ੍ਹਾਂ ਵੱਲੋਂ ਸਹਿਯੋਗ ਮਿਲ ਰਿਹਾ ਹੈ। ਮੈਂ ਲੋਕਾਂ ਨੂੰ ਵਿਦੇਸ਼ ਦਫ਼ਤਰ ਨਾਲ ਸੰਪਰਕ ਕਰਨ ਦੀ ਸਲਾਹ ਦਿੰਦਾ ਹਾਂ।"

Comments

Related

ADVERTISEMENT

 

 

 

ADVERTISEMENT

 

 

E Paper

 

 

 

Video