ADVERTISEMENT

ADVERTISEMENT

ਰਾਣਾ ਬਲਾਚੌਰੀਆ ਕਤਲ ਮਾਮਲੇ ‘ਚ ਵੱਡੀ ਕਾਰਵਾਈ: ਇਕ ਸ਼ੱਕੀ ਦਾ ਐਨਕਾਊਂਟਰ ਤੇ ਦੋ ਗ੍ਰਿਫ਼ਤਾਰ

ਪੁਲਿਸ ਨੇ ਲਾਲੜੂ ਨੇੜੇ ਹੋਏ ਮੁਕਾਬਲੇ ਵਿੱਚ ਮੁਲਜ਼ਮ ਨੂੰ ਮਾਰ ਮੁਕਾਇਆ

ਕਬੱਡੀ ਖਿਡਾਰੀ ਅਤੇ ਪ੍ਰੋਮੋਟਰ ਰਾਣਾ ਬਲਾਚੌਰੀਆ / Instagram/@ranabalachaur777

ਕਬੱਡੀ ਖਿਡਾਰੀ ਅਤੇ ਪ੍ਰੋਮੋਟਰ ਕੁੰਵਰ ਦਿਗਵਿਜੈ ਸਿੰਘ ਉਰਫ਼ ਰਾਣਾ ਬਲਾਚੌਰੀਆ ਦਾ ਮੋਹਾਲੀ ਵਿਚ ਕਬੱਡੀ ਕੱਪ ਟੂਰਨਾਮੈਂਟ ਦੌਰਾਨ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ‘ਤੇ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਮੁਤਾਬਕ ਰਾਣਾ ਬਲਾਚੌਰੀਆ ਦੇ ਕਤਲ ਮਾਮਲੇ ਨਾਲ ਜੁੜੇ ਸ਼ੱਕੀ ਸ਼ਖ਼ਸ ਨੂੰ ਪੁਲਿਸ ਨੇ ਲਾਲੜੂ ਨੇੜੇ ਹੋਏ ਮੁਕਾਬਲੇ ਵਿੱਚ ਮਾਰ ਮੁਕਾਇਆ। ਗੋਲੀਬਾਰੀ ’ਚ ਦੋ ਪੁਲਿਸ ਕਰਮਚਾਰੀ ਵੀ ਗੰਭੀਰ ਜ਼ਖ਼ਮੀ ਹੋਏ ਹਨ।

ਮੁਹਾਲੀ ਦੇ ਐੱਸਐੱਸਪੀ ਹਰਮਨਦੀਪ ਹਾਂਸ ਨੇ ਦੱਸਿਆ ਕਿ ਮਾਰੇ ਗਏ ਮੁਲਜ਼ਮ ਦੀ ਪਛਾਣ ਹਰਪਿੰਦਰ ਉਰਫ਼ ਮਿੱਡੂ ਵਜੋਂ ਹੋਈ ਹੈ ਜੋ ਤਰਨ ਤਾਰਨ ਜ਼ਿਲ੍ਹੇ ਦੇ ਨੌਸ਼ਹਿਰਾ ਪੰਨੂਆ ਪਿੰਡ ਦਾ ਰਹਿਣ ਵਾਲਾ ਸੀ। ਮੁਕਾਬਲੇ ਦੌਰਾਨ ਗੋਲੀਆਂ ਲੱਗਣ ’ਤੇ ਉਹ ਜ਼ਖ਼ਮੀ ਹੋ ਗਿਆ ਸੀ ਅਤੇ ਜਦੋਂ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਤਾਂ ਉਥੇ ਉਸ ਨੇ ਦਮ ਤੋੜ ਦਿੱਤਾ। 

ਇਸ ਤੋਂ ਇਲਾਵਾ ਪੁਲਿਸ ਨੇ ਰਾਣਾ ਬਲਾਚੌਰੀਆ ਦੀ ਹੱਤਿਆ ਦੇ ਮਾਮਲੇ ’ਚ ਮਾਸਟਰਮਾਈਂਡ ਐਸ਼ਦੀਪ ਸਿੰਘ (ਮੂਲ ਨਿਵਾਸੀ ਤਰਨ ਤਾਰਨ), ਜੋ ਰੂਸ ਵਿੱਚ ਰਹਿ ਰਿਹਾ ਸੀ, ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਐਸ਼ਦੀਪ 25 ਨਵੰਬਰ ਨੂੰ ਭਾਰਤ ਆਇਆ ਸੀ ਅਤੇ ਕਤਲ ਦੀ ਸਾਜ਼ਿਸ਼ ਰਚਣ ਵਿੱਚ ਉਸ ਦੀ ਮੁੱਖ ਭੂਮਿਕਾ ਸਾਹਮਣੇ ਆਈ ਹੈ। ਇਸ ਮਾਮਲੇ ਵਿੱਚ ਇੱਕ ਹੋਰ ਮੁਲਜ਼ਮ ਜੁਗਰਾਜ ਸਿੰਘ ਨੂੰ ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਮਦਦ ਨਾਲ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ।

ਦਸ ਦਈਏ ਕਿ 15 ਦਸੰਬਰ ਨੂੰ ਮੋਹਾਲੀ ‘ਚ ਹੋ ਰਹੇ ਕਬੱਡੀ ਟੂਰਨਾਮੈਂਟ ‘ਚ ਰਾਣਾ ਬਲਾਚੌਰੀਆ ਨਾਲ ਸੈਲਫੀ ਲੈਣ ਦੇ ਬਹਾਨੇ ਆਏ ਕੁਝ ਅਣਪਛਾਤਿਆਂ ਨੇ ਬਲਾਚੌਰੀਆ ‘ਤੇ ਗੋਲੀਬਾਰੀ ਕੀਤੀ। ਇਸ ਘਟਨਾ ਵਿਚ ਉਨ੍ਹਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਤੋਂ ਦੱਸ ਦਿਨ ਪਹਿਲਾਂ ਹੀ ਰਾਣਾ ਬਲਾਚੌਰੀਆ ਦਾ ਵਿਆਹ ਹੋਇਆ ਸੀ।

Comments

Related