ADVERTISEMENT

ADVERTISEMENT

ਗਿੱਲ ਦੇ ਸੈਂਕੜੇ ਨਾਲ ਗੁਜਰਾਤ ਫਾਈਨਲ ’ਚ, ਰਾਜਸਥਾਨ ਰੌਇਲਜ਼ ਬਾਹਰ

215 ਦੌੜਾਂ ਦਾ ਟੀਚਾ 8 ਗੇਂਦਾਂ ਬਾਕੀ ਰਹਿੰਦਿਆਂ ਕੀਤਾ ਹਾਸਲ; ਹੁਣ ਫਾਈਨਲ ਵਿੱਚ ਰਾਇਲ ਚੈਲੇਂਜਰਜ਼ ਬੈਂਗਲੁਰੂ ਨਾਲ ਹੋਵੇਗੀ ਟੱਕਰ

 ਗੁਜਰਾਤ ਟਾਈਟਨਜ਼ ਦੇ ਕਪਤਾਨ ਸ਼ੁਭਮਨ ਗਿੱਲ ਗੁਜਰਾਤ ਟਾਈਟਨਜ਼ ਦੇ ਕਪਤਾਨ ਸ਼ੁਭਮਨ ਗਿੱਲ / ਆਈ.ਏ.ਐਨ.ਐਸ

ਸ਼ੁਭਮਨ ਗਿੱਲ ਦੇ ਸ਼ਾਨਦਾਰ ਸੈਂਕੜੇ ਅਤੇ ਬੀ ਸਾਈ ਸੁਦਰਸ਼ਨ ਨਾਲ ਰਿਕਾਰਡ ਸਾਂਝੇਦਾਰੀ ਦੀ ਬਦੌਲਤ ਗੁਜਰਾਤ ਟਾਈਟਨਜ਼ ਨੇ ਆਈਪੀਐਲ 2026 ਦੇ ਕੁਆਲੀਫਾਇਰ-2 ਵਿੱਚ ਰਾਜਸਥਾਨ ਰੌਇਲਜ਼ ਨੂੰ 7 ਵਿਕਟਾਂ ਨਾਲ ਹਰਾਕੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਹੁਣ ਐਤਵਾਰ ਨੂੰ ਖੇਡੇ ਜਾਣ ਵਾਲੇ ਖਿਤਾਬੀ ਮੁਕਾਬਲੇ ਵਿੱਚ ਗੁਜਰਾਤ ਦਾ ਸਾਹਮਣਾ ਮੌਜੂਦਾ ਚੈਂਪੀਅਨ ਰਾਇਲ ਚੈਲੇਂਜਰਜ਼ ਬੈਂਗਲੁਰੂ ਨਾਲ ਹੋਵੇਗਾ।

 

ਪਹਿਲਾਂ ਬੱਲੇਬਾਜ਼ੀ ਕਰਦਿਆਂ ਰਾਜਸਥਾਨ ਰੌਇਲਜ਼ ਨੇ 20 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ’ਤੇ 214 ਦੌੜਾਂ ਬਣਾਈਆਂ। ਟੀਮ ਲਈ ਨੌਜਵਾਨ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਨੇ 47 ਗੇਂਦਾਂ ’ਤੇ 96 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਿਸ ਵਿੱਚ 8 ਚੌਕੇ ਅਤੇ 7 ਛੱਕੇ ਸ਼ਾਮਲ ਸਨ। ਰਵਿੰਦਰ ਜਡੇਜਾ ਨੇ 45 ਦੌੜਾਂ ਦਾ ਯੋਗਦਾਨ ਪਾਇਆ, ਜਦਕਿ ਡੋਨੋਵਨ ਫਰੇਰਾ ਨੇ ਸਿਰਫ਼ 11 ਗੇਂਦਾਂ ’ਤੇ ਨਾਬਾਦ 38 ਦੌੜਾਂ ਬਣਾ ਕੇ ਟੀਮ ਦਾ ਸਕੋਰ 200 ਤੋਂ ਪਾਰ ਪਹੁੰਚਾਇਆ।

 

ਗੁਜਰਾਤ ਲਈ ਜੇਸਨ ਹੋਲਡਰ ਅਤੇ ਕਾਗਿਸੋ ਰਬਾਡਾ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ।

 

215 ਦੌੜਾਂ ਦੇ ਮੁਸ਼ਕਲ ਟੀਚੇ ਦਾ ਪਿੱਛਾ ਕਰਦਿਆਂ ਗੁਜਰਾਤ ਟਾਈਟਨਜ਼ ਨੂੰ ਸ਼ੁਭਮਨ ਗਿੱਲ ਅਤੇ ਸਾਈ ਸੁਦਰਸ਼ਨ ਨੇ ਧਮਾਕੇਦਾਰ ਸ਼ੁਰੂਆਤ ਦਿੱਤੀ। ਦੋਵਾਂ ਨੇ ਪਹਿਲੀ ਵਿਕਟ ਲਈ 167 ਦੌੜਾਂ ਦੀ ਰਿਕਾਰਡ ਸਾਂਝੇਦਾਰੀ ਕੀਤੀ, ਜਿਸ ਨੇ ਮੈਚ ਦਾ ਰੁਖ ਗੁਜਰਾਤ ਵੱਲ ਮੋੜ ਦਿੱਤਾ।

 

ਕਪਤਾਨ ਸ਼ੁਭਮਨ ਗਿੱਲ ਨੇ 53 ਗੇਂਦਾਂ ’ਤੇ 104 ਦੌੜਾਂ ਦੀ ਲਾਜਵਾਬ ਪਾਰੀ ਖੇਡੀ। ਉਨ੍ਹਾਂ ਦੀ ਪਾਰੀ ਵਿੱਚ 15 ਚੌਕੇ ਅਤੇ 3 ਛੱਕੇ ਸ਼ਾਮਲ ਸਨ। ਇਹ ਉਨ੍ਹਾਂ ਦੇ ਆਈਪੀਐਲ ਕਰੀਅਰ ਦਾ ਪੰਜਵਾਂ ਸੈਂਕੜਾ ਸੀ। ਦੂਜੇ ਪਾਸੇ ਸਾਈ ਸੁਦਰਸ਼ਨ ਨੇ 32 ਗੇਂਦਾਂ ’ਤੇ 58 ਦੌੜਾਂ ਬਣਾਈਆਂ।

 

ਗਿੱਲ ਦੇ ਆਊਟ ਹੋਣ ਤੋਂ ਬਾਅਦ ਜੋਸ ਬਟਲਰ, ਵਾਸ਼ਿੰਗਟਨ ਸੁੰਦਰ ਅਤੇ ਰਾਹੁਲ ਤੇਵਾਤੀਆ ਨੇ ਬਾਕੀ ਕੰਮ ਆਸਾਨੀ ਨਾਲ ਪੂਰਾ ਕਰ ਦਿੱਤਾ। ਤੇਵਾਤੀਆ ਨੇ ਜੇਤੂ ਛੱਕਾ ਲਗਾ ਕੇ ਟੀਮ ਨੂੰ 18.4 ਓਵਰਾਂ ਵਿੱਚ 219/3 ਦੇ ਸਕੋਰ ਤੱਕ ਪਹੁੰਚਾਇਆ।

 

ਰਾਜਸਥਾਨ ਲਈ ਨਾਂਦਰੇ ਬਰਗਰ ਅਤੇ ਬ੍ਰਿਜੇਸ਼ ਸ਼ਰਮਾ ਨੂੰ ਇੱਕ-ਇੱਕ ਵਿਕਟ ਮਿਲੀ, ਪਰ ਉਹ ਗੁਜਰਾਤ ਦੇ ਬੱਲੇਬਾਜ਼ਾਂ ਨੂੰ ਰੋਕਣ ਵਿੱਚ ਨਾਕਾਮ ਰਹੇ।

 

ਇਸ ਜਿੱਤ ਨਾਲ ਗੁਜਰਾਤ ਟਾਈਟਨਜ਼ ਨੇ ਤੀਜੀ ਵਾਰ ਆਈਪੀਐਲ ਫਾਈਨਲ ਵਿੱਚ ਪ੍ਰਵੇਸ਼ ਕੀਤਾ ਹੈ। ਹੁਣ ਨਰਿੰਦਰ ਮੋਦੀ ਸਟੇਡੀਅਮ ਵਿੱਚ ਹੋਣ ਵਾਲੇ ਫਾਈਨਲ ਵਿੱਚ ਉਸ ਦੀ ਟੱਕਰ ਰਾਇਲ ਚੈਲੇਂਜਰਜ਼ ਬੈਂਗਲੁਰੂ ਨਾਲ ਹੋਵੇਗੀ। ਕ੍ਰਿਕਟ ਪ੍ਰੇਮੀਆਂ ਨੂੰ ਦੋ ਮਜ਼ਬੂਤ ਟੀਮਾਂ ਵਿਚਾਲੇ ਰੋਮਾਂਚਕ ਖਿਤਾਬੀ ਮੁਕਾਬਲੇ ਦੀ ਉਮੀਦ ਹੈ।

Comments

Related