ADVERTISEMENT

ADVERTISEMENT

ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਤਿੰਨ-ਰੋਜ਼ਾ ਪਹਿਲੀ ਵਿਸ਼ਵ ਪੰਜਾਬੀ ਕਾਨਫ਼ਰੰਸ ਸ਼ਾਨੋ ਸ਼ੌਕਤ ਨਾਲ ਸ਼ੁਰੂ

ਆਰਟੀਫੀਸ਼ੀਅਲ ਇੰਟੈਲੀਜੈਂਸ ਨਾ ਰੂਬਰੂ ਹੋਣ ਤੋਂ ਪਹਿਲਾਂ ਮਨੁੱਖਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਨਾਲ ਆਪਣੇ ਸਵੈ ਦੀ ਪਛਾਣ ਕਰੇ – ਵਿਦਵਾਨ

ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਤਿੰਨ-ਰੋਜ਼ਾ ਪਹਿਲੀ ਵਿਸ਼ਵ ਪੰਜਾਬੀ ਕਾਨਫ਼ਰੰਸ ਸ਼ਾਨੋ ਸ਼ੌਕਤ ਨਾਲ ਸ਼ੁਰੂ / Courtesy

ਪਹਿਲੀ ਵਿਸ਼ਵ ਪੰਜਾਬੀ ਕਾਨਫਰੰਸ ਦੇ ਪਹਿਲੇ ਦਿਨ ਜਿਥੇ ਵੱਖ ਵੱਖ ਖੇਤਰਾਂ ਵਿਚ ਮੱਲ੍ਹਾਂ ਮਾਰਨ ਵਾਲੀਆਂ ਅਹਿਮ ਸਖਸ਼ੀਅਤਾਂ ਸ. ਸੁਰਿੰਦਰਪਾਲ ਸਿੰਘ ਉਬਰਾਏ (ਪ੍ਰਸਿੱਧ ਸਮਾਜ-ਸੇਵੀ), ਸ. ਚਰਨਜੀਤ ਸਿੰਘ ਬਾਠ (ਪ੍ਰਸਿੱਧ ਕਾਰੋਬਾਰੀ ਅਤੇ ਸਮਾਜ-ਸੇਵੀ), ਸ. ਰਣਜੀਤ ਸਿੰਘ (ਪ੍ਰਸਿੱਧ ਕਾਰੋਬਾਰੀ ਅਤੇ ਸਮਾਜ-ਸੇਵੀ) ਅਤੇ ਸ.ਸਵਿੰਦਰਪਾਲ ਸਿੰਘ (ਗੁਰੂ ਘਰ ਦੇ ਟਹਿਲੀਏ) ਨੂੰ ਸਨਮਾਨਿਤ ਕੀਤਾ ਗਿਆ ਉਥੇ “ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਖੇਤਰ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਭੂਮਿਕਾ ਨੂੰ ਪਛਾਣਦਿਆਂ ਬੁਲਾਰਿਆਂ ਨੇ ਜਿਥੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਸਮੇਂ ਦੇ ਹਾਣੀ ਬਣਨ ਦਾ ਹੋਕਾ ਦਿੱਤਾ ਉਥੇ ਹੀ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਤਾਂ ਹੀ ਕੀਤਾ ਜਾ ਸਕਦਾ ਹੈ ਜੇ ਪੂਰੀ ਮਨੱੁਖਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਨਾਲ ਆਪਣੇ ਸਵੈ ਦੀ ਪਛਾਣ ਕਰੇ। 

 

ਇਸ ਮੌਕੇ ਮੈਂਬਰ ਪਾਰਲੀਮੈਂਟ ਸ. ਵਿਕਰਮਜੀਤ ਸਿੰਘ ਸਾਹਨੀ ਨੇ ਯੂਨੀਵਰਸਿਟੀ ਵਿਚ ਸਥਾਪਤ ਹੋਣ ਵਾਲੇ ਏ.ਆਈ. ਸੈਂਟਰ ਦੇ ਲਈ ਜਿਥੇ ਇਕ ਕਰੋੜ ਰੁਪਏ ਜਾਰੀ ਕਰਨ ਦਾ ਐਲਾਨ ਕੀਤਾ ਉਥੇ ਸਾਬਕਾ ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਇਸ ਕਾਰਜ ਲਈ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿਵਾਇਆ।


 

ਆਰਟੀਫੀਸ਼ੀਅਲ ਇੰਟੈਲੀਜੈਂਸ ਨਾ ਰੂਬਰੂ ਹੋਣ ਤੋਂ ਪਹਿਲਾਂ ਮਨੁੱਖਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਨਾਲ ਆਪਣੇ ਸਵੈ ਦੀ ਪਛਾਣ ਕਰੇ – ਵਿਦਵਾਨ / Courtesy

ਕਾਨਫਰੰਸ ਦੀ ਪ੍ਰਧਾਨਗੀ ਕਰਦਿਆਂ ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਨੇ ਵਿਸ਼ਵ ਭਰ ਤੋਂ ਆਏ ਵਿਦਵਾਨਾਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਯੂਨੀਵਰਸਿਟੀ ਦੀ ਇਹ ਪਹਿਲੀ ਵਿਸ਼ਵ ਕਾਨਫਰੰਸ ਆਉਣ ਵਾਲੇ ਸਮੇਂ ਦੀ ਅਗਵਾਈ ਦੇ ਤੌਰ ‘ਤੇ ਜਾਣੀ ਜਾਵੇਗੀ। ਮੌਜੂਦਾ ਸਮੇਂ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ ਗਿਆਨ ਦੇ ਖੇਤਰ ਵਿਚ ਸਭ ਤੋਂ ਮਹੱਤਵਪੂਰਨ ਵਿਸ਼ਾ ਦਸਦਿਆਂ ਉਨ੍ਹਾਂ ਕਿਹਾ ਕਿ ਜੇਕਰ ਅਸੀਂ ਮਸ਼ੀਨੀ ਬੁੱਧੀ ਨੂੰ ਇੱਕ ਸੰਦ ਵਜੋਂ ਵਰਤਦੇ ਹੋਏ ਆਪਣੀ ਨੈਤਿਕ ਚੇਤਨਾ ਨੂੰ ਜਗਾ ਕੇ ਰੱਖਾਂਗੇ ਤਾਂ ਇਹ ਤਕਨਾਲੋਜੀ ਪੰਜਾਬੀ ਭਾਸ਼ਾ ਅਤੇ ਪੰਜਾਬੀਅਤ ਦੇ ਗਿਆਨ-ਪ੍ਰਵਾਹ ਨੂੰ ਵਿਸ਼ਵ-ਵਿਆਪੀ ਪੱਧਰ 'ਤੇ ਹੋਰ ਮਜ਼ਬੂਤ ਕਰੇਗੀ। ਮਨੁੱਖ ਅਤੇ ਮਸ਼ੀਨ ਦੇ ਇਸ ਰਿਸ਼ਤੇ ਵਿੱਚ ਸਭ ਤੋਂ ਵੱਡੀ ਜਿੱਤ ਉਦੋਂ ਹੋਵੇਗੀ, ਜਦੋਂ ਤਕਨਾਲੋਜੀ ਮਾਨਵੀ ਸੰਵੇਦਨਾ ਦਾ ਬਦਲ ਬਣਨ ਦੀ ਬਜਾਏ, ਉਸਦੀ ਸੇਵਾਦਾਰ ਬਣ ਕੇ ਵਿਚਰੇਗੀ। ਉਹਨਾਂ ਆਸ ਪ੍ਰਗਟ ਕੀਤੀ ਕਿ ਸੂਚਨਾ ਅਤੇ ਤਕਨਾਲੋਜੀ ਦੇ ਯੁੱਗ ਵਿਚ ਪੰਜਾਬੀ ਲਾਜ਼ਮੀ ਤੌਰ ਉੱਤੇ ਭਵਿੱਖ ਨਾਲ ਗੱਲਾਂ ਕਰਨ ਵਾਲੀ ਭਾਸ਼ਾ ਬਣੇਗੀ। 

 

ਵਾਈਸ ਚਾਂਸਲਰ ਨੇ ਕਿਹਾ ਕਿ ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਪੰਜਾਬੀ ਭਾਸ਼ਾ ਲਈ ਕੋਈ ਖਤਰਾ ਨਹੀਂ, ਸਗੋਂ ਇੱਕ ਇਤਿਹਾਸਿਕ ਮੌਕਾ ਹੈ। ਉਨ੍ਹਾਂ ਕਿਹਾ ਕਿ ਏਆਈ ਜਾਣਕਾਰੀ ਦੇ ਸਕਦੀ ਹੈ, ਡਾਟਾ ਪ੍ਰਦਾਨ ਕਰ ਸਕਦੀ ਹੈ, ਗਿਣਤੀ ਕਰ ਸਕਦੀ ਹੈ, ਪਰ ਸਮਝ, ਦਿਸ਼ਾ ਅਤੇ ਕਦਰਾਂ-ਕੀਮਤਾਂ ਮਨੁੱਖ ਹੀ ਦੇ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬੀਅਤ ਇੱਕ ਜੀਵਨ ਦਰਸ਼ਨ ਹੈ ਜਿਸ ਦੀ ਪਛਾਣ ਕਰਨੀ ਬਹੁਤ ਜ਼ਰੂਰੀ ਹੈ। ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ, “ਤੁਸੀਂ ਡਾਟਾ ਨਹੀਂ, ਤੁਸੀਂ ਐਲਗੋਰਿਥਮ ਨਹੀਂ, ਤੁਸੀਂ ਸੰਭਾਵਨਾ ਹੋ। 

 

ਉਦਘਾਟਨੀ ਸਮਾਰੋਹ ਦੇ ਅਹਿਮ ਹਿਸੇ ਵਜੋਂ ਇਸ ਮੌਕੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਵਿਸ਼ਵ ਪੱਧਰ ‘ਤੇ ਨਾਮ ਰੌਸ਼ਨ ਕਰਨ ਵਾਲੀਆਂ ਮਹਾਨ ਸ਼ਖ਼ਸੀਅਤਾਂ ਸ. ਸੁਰਿੰਦਰਪਾਲ ਸਿੰਘ ਉਬਰਾਏ (ਪ੍ਰਸਿੱਧ ਸਮਾਜ-ਸੇਵੀ), ਸ. ਚਰਨਜੀਤ ਸਿੰਘ ਬਾਠ (ਪ੍ਰਸਿੱਧ ਕਾਰੋਬਾਰੀ ਅਤੇ ਸਮਾਜ-ਸੇਵੀ), ਸ. ਰਣਜੀਤ ਸਿੰਘ (ਪ੍ਰਸਿੱਧ ਕਾਰੋਬਾਰੀ ਅਤੇ ਸਮਾਜ-ਸੇਵੀ) ਅਤੇ ਸ.ਸਵਿੰਦਰਪਾਲ ਸਿੰਘ (ਗੁਰੂ ਘਰ ਦੇ ਟਹਿਲੀਏ) ਨੂੰ ਸਨਮਾਨਿਤ ਕਰਨ ਵਾਲਿਆਂ ਵਿਚ ਪ੍ਰਧਾਨਗੀ ਮੰਡਲ ਤੋਂ ਇਲਾਵਾ ਡੀਨ ਅਕਾਦਮਿਕ ਮਾਮਲੇ, ਪ੍ਰੋ. ਐਚ.ਐਸ. ਸੈਣੀ, ਰਜਿਸਟਰਾਰ, ਪ੍ਰੋ. ਕੇ.ਐਸ. ਚਾਹਲ ਅਤੇ ਹੋਰ ਸ਼ਖਸੀਅਤਾਂ ਸ਼ਾਮਿਲ ਸਨ। 

 

ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਇਹਨਾਂ ਸ਼ਖ਼ਸੀਅਤਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸ. ਸੁਰਿੰਦਰ ਪਾਲ ਸਿੰਘ ਓਬਰਾਏ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਨਾਮ ਅੰਤਰ-ਰਾਸ਼ਟਰੀ ਪੱਧਰ ਉੱਤੇ ਰੌਸ਼ਨ ਕਰਨ ਵਾਲੀ ਨਾਮਵਰ ਸ਼ਖ਼ਸੀਅਤ ਹਨ। ਆਪ ਜੀ ਨੂੰ ਸੰਸਾਰ ਭਰ ਵਿਚ “ਸੇਵੀਅਰ ਸਿੰਘ” ਦੇ ਨਾਮ ਨਾਲ ਜਾਣਿਆ ਜਾਂਦਾ ਹੈ। 

 

ਚਰਨਜੀਤ ਸਿੰਘ ਬਾਠ ਸੰਸਾਰ ਪ੍ਰਸਿੱਧ ਕਾਰੋਬਾਰੀ ਅਤੇ ਸਮਾਜ-ਸੇਵੀ, ਬਾਠ ਫਾਰਮਜ਼ (ਯੂ.ਐਸ.ਏ.) ਦੇ ਸੰਸਥਾਪਕ ਹਨ। ਉਹ ਦੁਨੀਆ ਦੇ ਸਭ ਤੋਂ ਵੱਡੇ ਕਿਸ਼ਮਿਸ਼ ਉਤਪਾਦਕਾਂ ਵਿੱਚੋਂ ਇੱਕ ਹਨ ਅਤੇ “ਕਿੰਗ ਆਫ਼ ਰੇਜ਼ਿਨਜ਼” ਵਜੋਂ ਜਾਣੇ ਜਾਂਦੇ ਹਨ। ਰਣਜੀਤ ਸਿੰਘ ਟੁਟ ਗਲੋਬਲ ਉਦਯੋਗਪਤੀ ਅਤੇ ਪੰਜਾਬੀ ਖੇਡ ਜਗਤ ਦੇ ਸਭ ਤੋਂ ਵੱਡੇ ਸਰਪ੍ਰਸਤਾਂ ਵਿੱਚੋਂ ਇੱਕ ਹਨ। ਸ੍ਰੀ ਹਰਿਮੰਦਰ ਸਾਹਿਬ ਵਿੱਚ ਆਧੁਨਿਕ ਪਾਣੀ ਟ੍ਰੀਟਮੈਂਟ ਪਲਾਂਟ ਦੀ ਇਤਿਹਾਸਕ ਕਾਰ-ਸੇਵਾ, ਲੰਗਰ ਲਈ ਨਿਰੰਤਰ ਸਹਾਇਤਾ ਅਤੇ ਸਿੱਖ ਵਿਰਾਸਤ ਦੀ ਸੰਭਾਲ ਉਨ੍ਹਾਂ ਦੀ ਨਿਸ਼ਕਾਮ ਸੇਵਾ ਦੇ ਪ੍ਰਮੁੱਖ ਉਦਾਹਰਨ ਹਨ। ਹਾਕੀ ਅਤੇ ਕਬੱਡੀ ਰਾਹੀਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡਾਂ ਵੱਲ ਮੋੜਨ ਵਿੱਚ ਵੀ ਉਨ੍ਹਾਂ ਦਾ ਅਮੁੱਲ ਯੋਗਦਾਨ ਹੈ।

 

ਸ. ਸਵਿੰਦਰਪਾਲ ਸਿੰਘ “ਗੁਰੂ ਘਰ ਦੇ ਟਹਿਲੀਏ” ਵਜੋਂ ਜਾਣੇ ਜਾਂਦੇ ਹਨ ਅਤੇ ਪਿਛਲੇ ਤਿੰਨ ਦਹਾਕਿਆਂ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਿਸ਼ਕਾਮ ਸੇਵਾ ਨਿਭਾ ਰਹੇ ਹਨ। ਪਾਲਕੀ ਸਾਹਿਬ ਦੀ ਸਜਾਵਟ, ਰੁਮਾਲਾ ਸਾਹਿਬ ਦੀ ਸੇਵਾ, ਗੁਰਪੁਰਬਾਂ ਦੀ ਸਜਾਵਟ ਅਤੇ ਗੁਰੂ ਘਰ ਦੀ ਸੁੰਦਰੀਕਰਨ ਸੇਵਾ ਵਿੱਚ ਉਨ੍ਹਾਂ ਦੀ ਭੂਮਿਕਾ ਸਿੱਖ ਸੇਵਾ ਪਰੰਪਰਾ ਦੀ ਜੀਵੰਤ ਮਿਸਾਲ ਹੈ।

 

ਇਸ ਕਾਨਫਰੰਸ ਦੇ ਕੁੰਜੀਵਤ ਭਾਸ਼ਣ ਦੌਰਾਨ ਸ. ਕੇ.ਬੀ.ਐੱਸ ਸਿੱਧੂ (ਸਾਬਕਾ ਮੁੱਖ ਸਕੱਤਰ,ਪੰਜਾਬ) ਨੇ ਕਿਹਾ ਕਿ ਇਸ ਕਾਨਫਰੰਸ ਦੇ ਵਿਚਾਰ-ਵਟਾਂਦਰੇ ਤੋਂ ਇੱਕ ਰੋਡ ਮੈਪ ਤਿਆਰ ਕੀਤਾ ਜਾ ਸਕਦਾ ਹੈ ਜੋ ਕਿ ਪੰਜਾਬੀ ਭਾਸ਼ਾ ਨੂੰ ਗਲੋਬਲ ਤਕਨੀਕ ਨਾਲ ਜੋੜੇਗਾ। ਇਸ ਕਾਨਫਰੰਸ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਏ.ਆਈ ਨੂੰ ਸਿਰਫ਼ ਤਕਨੀਕੀ ਖੇਤਰ ਤੱਕ ਸੀਮਤ ਨਹੀਂ ਰੱਖਣਾ ਚਾਹੁੰਦੀ ਬਲਕਿ ਇਸਨੂੰ ਭਾਸ਼ਾ, ਸਾਹਿਤ ਅਤੇ ਸੰਸਕ੍ਰਿਤੀ ਨਾਲ ਵੀ ਜੋੜਨਾ ਚਾਹੁੰਦੀ ਹੈ।

 

ਇਸ ਕਾਨਫ਼ਰੰਸ ਦੇ ਮੁੱਖ ਮਹਿਮਾਨ ਸ. ਤਰਲੋਚਨ ਸਿੰਘ (ਸਾਬਕਾ ਮੈਂਬਰ ਪਾਰਲੀਮੈਂਟ) ਸਨ। ਉਹਨਾਂ ਕਿਹਾ ਕਿ ਪੰਜਾਬੀ ਸਾਹਿਤ, ਲੋਕਧਾਰਾ ਅਤੇ ਇਤਿਹਾਸਕ ਵਿਰਾਸਤ ਨੂੰ ਏ.ਆਈ ਨਾਲ ਜੋੜ ਕੇ ਸੰਭਾਲਿਆ ਅਤੇ ਵਿਕਸਿਤ ਕੀਤਾ ਜਾ ਸਕੇਗਾ।ਅੱਜ ਦੇ ਯੁੱਗ ਵਿੱਚ ਏ.ਆਈ ਸਿਰਫ਼ ਰੋਬੋਟ ਜਾਂ ਐਪ ਨਹੀਂ ਰਿਹਾ। ਇਹ ਸਿੱਖਿਆ, ਸਿਹਤ, ਖੇਤੀਬਾੜੀ, ਅਨੁਵਾਦ ਅਤੇ ਡਾਟਾ ਵਿਸ਼ਲੇਸ਼ਣ ਵਿੱਚ ਇੱਕ ਅਜਿਹਾ ਸਾਧਨ ਬਣ ਚੁੱਕਾ ਹੈ ਜੋ ਭਾਸ਼ਾਵਾਂ ਵਿਚ ਨਵੀਨ ਸ਼ਕਤੀ ਦਾ ਸੰਚਾਰ ਕਰ ਸਕਦਾ ਹੈ।

 

ਇਸਦੇ ਨਾਲ ਹੀ ਸ. ਵਿਕਰਮਜੀਤ ਸਿੰਘ ਸਾਹਨੀ (ਮੈਂਬਰ ਰਾਜ ਸਭਾ) ਅਤੇ ਡਾ. ਦੀਪਕ ਮਨਮੋਹਨ ਸਿੰਘ ਇਸ ਪ੍ਰੋਗਰਾਮ ਵਿਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ । ਸ. ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਕਿ ਪੰਜਾਬੀਅਤ ਇਕ ਅਜਿਹੀ ਤਰਜ਼-ਏ-ਜ਼ਿੰਦਗੀ ਹੈ ਜੋ ਸਦੀਆਂ ਦੇ ਸੰਘਰਸ਼ ਵਿਚੋਂ ਉਪਜੀ ਹੈ। ਉਹਨਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਬਣਨ ਵਾਲੇ ਏ.ਆਈ ਸੈਂਟਰ ਲਈ ਇਕ ਕਰੋੜ ਰੁਪਏ ਦੇਣ ਦਾ ਵੀ ਐਲਾਨ ਕੀਤਾ।

 

ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ.ਕਰਮਜੀਤ ਸਿੰਘ ਦੀ ਅਗਵਾਈ ਹੇਠ ਇਸ ਸਮਾਗਮ ਵਿੱਚ ਦੇਸ਼-ਵਿਦੇਸ਼ ਤੋਂ ਵਿਦਵਾਨ, ਤਕਨੀਕੀ ਮਾਹਿਰ ਅਤੇ ਸਾਹਿਤਕਾਰ ਸ਼ਾਮਲ ਹੋ ਰਹੇ ਹਨ। 'ਵਿਸ਼ਵ ਪੰਜਾਬੀ ਕਾਨਫਰੰਸ' ਪੰਜਾਬੀਅਤ ਦੇ ਡਿਜੀਟਲ ਸਫ਼ਰ ਵਿੱਚ ਇੱਕ ਮੀਲ ਦਾ ਪੱਥਰ ਸਾਬਤ ਹੋਵੇਗੀ।

 

Comments

Related