ਗੁਰੂ ਬੰਦੀ ਛੋੜ ਹੈ। ਗੁਰੂ ਜੀਵਾਂ ਨੂੰ ਜੀਵਨ ਮੁਕਤ ਕਰਨ ਵਾਲਾ ਹੈ। ਗੁਰੂ ਦਾ ਧਰਤੀ ਉੱਪਰ ਆਗਮਨ ਹੀ ਜੀਵਾਂ ਨੂੰ ਬੰਧਨਾਂ ਤੋਂ ਮੁਕਤ ਕਰਨ ਲਈ ਹੁੰਦਾ ਹੈ। ਗੁਰੂ ਨੂੰ ਕੌਣ ਬੰਦੀ ਬਣਾ ਸਕਦਾ ਹੈ? ਗੁਰੂ ਤਾਂ ਸਾਂਗ ਵਰਤਦਾ ਹੈ। ਗੁਰੂ ਦਾ ਵਿਆਖਿਆ ਕਰਨ ਦਾ ਢੰਗ ਨਿਰਾਲਾ ਹੈ। ਗੁਰੂ ਦਾ ਸਮੁੱਚਾ ਜੀਵਨ ਹੀ ਗੁਰਮਤਿ ਦੀ ਵਿਆਖਿਆ ਹੈ। ਗੁਰੂ ਅਪਨਾ ਬਿਗਾਰਿ ਬਿਰਾਂਨਾ ਸਾਂਢੈ ਦੇ ਅਰਥ ਸਮਝਾਉਣ ਲਈ ਮਜ਼ਲੂਮਾਂ ਲਈ ਹਾਅ ਦਾ ਨਾਅਰਾ ਬਣ ਕੇ ਬਾਬਰ ਦੇ ਕੈਦਖਾਨੇ ਵਿਚ ਕੈਦ ਹੋ ਜਾਂਦਾ ਹੈ। ਗੁਰੂ ਮਨੁੱਖਤਾ ਨੂੰ ਠਾਰਨ ਲਈ ਆਪ ਤੱਤੀਆਂ ਤਵੀਆਂ ਉੱਪਰ ਬੈਠ ਜਾਂਦਾ ਹੈ। ਗੁਰੂ ਦੂਸਰੇ ਦੇ ਧਰਮ ਦੀ ਰੱਖਿਆ ਲਈ ਚਾਂਦਨੀ ਚੌਂਕ ਵਿਚ ਜਾ ਕੇ ਆਪਣਾ ਸੀਸ ਭੇਂਟ ਕਰ ਦਿੰਦਾ ਹੈ। ਜਿਸ ਕਿਲ੍ਹੇ ਦੀ ਕੈਦ ਵਿੱਚੋਂ ਕਦੇ ਕੋਈ ਜਿਊਂਦਾ ਬਾਹਰ ਨਾ ਆਇਆ ਹੋਵੇ ਗੁਰੂ ਉਸ ਕਿਲ੍ਹੇ ਅੰਦਰ ਜੀਵਨ ਦੀ ਆਸ ਛੱਡ ਚੁੱਕੇ ਕੈਦੀਆਂ ਨੂੰ ਜੀਵਨ-ਦਾਨ ਦੇਣ ਲਈ ਬੰਦੀ ਬਣ ਕੇ ਕਿਲ੍ਹੇ ਅੰਦਰ ਕੈਦ ਹੋ ਜਾਂਦਾ ਹੈ। ਆਪਣੀ ਰਿਹਾਈ ਦਾ ਪਰਵਾਨਾ ਸੁਣ ਕੇ ਬੰਦੀ ਛੋੜ ਦਾਤਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਆਪਣਾ ਆਦੇਸ਼ ਸੁਣਾ ਦਿੰਦੇ ਹਨ:
ਇਹ ਸਬ ਛੂਟੈਂ ਤਬ ਹਮ ਜਾਵੈਂ।
ਨਾਹਿਤ ਇਨ ਢਿਗ ਸਦਾ ਰਹਾਵੈਂ।
(ਪੰਥ ਪ੍ਰਕਾਸ਼, ਗਿ. ਗਿਆਨ ਸਿੰਘ)
ਬਾਦਸ਼ਾਹ ਦੇ ਕਹਿਣ ’ਤੇ ਕੇ ਜਿੰਨੇ ਕੈਦੀ ਰਾਜੇ ਗੁਰੂ ਜੀ ਦੇ ਚੋਲੇ ਦੀਆਂ ਕਲੀਆਂ ਫੜ੍ਹ ਕੇ ਕਿਲ੍ਹੇ ’ਚੋਂ ਬਾਹਰ ਆ ਜਾਣ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਜਾਵੇਗਾ, ਤਾਂ ਗੁਰੂ ਜੀ ਬਵਿੰਜਾ ਕਲੀਆਂ ਵਾਲਾ ਚੋਲਾ ਪਹਿਨ ਕੇ ਕਿਲ੍ਹੇ ’ਚੋਂ ਬਾਹਰ ਆਉਂਦੇ ਹਨ ਅਤੇ ਅੰਧ ਕੂਪ ਤੇ ਕਾਢਿਅਨੁ ਲੜੁ ਆਪਿ ਫੜਾਏ ਵਾਲੀ ਬਖਸ਼ਿਸ਼ ਕਰ ਕੇ ਨਾਲ ਹੀ ਬਵਿੰਜਾ ਰਾਜਿਆਂ ਨੂੰ ਵੀ ਬਾਹਰ ਲੈ ਆਉਂਦੇ ਹਨ। ‘ਪੰਥ ਪ੍ਰਕਾਸ਼’ ਦਾ ਕਰਤਾ ਸਪੱਸ਼ਟ ਕਰਦਾ ਹੈ:
ਸਭ ਰਾਜੇ ਫੜ ਬਾਹਰ ਆਏ।
ਹੁਤੇ ਬਵੰਜਾ ਮਰੇ ਜੀਵਾਏ।
ਗੁਰੂ ਜੀ ਦਾ ਲੜ ਫੜ ਕੇ ਗਵਾਲੀਅਰ ਦੇ ਕਿਲ੍ਹੇ ’ਚੋਂ ਰਿਹਾਅ ਹੋਣਾ ਬਵਿੰਜਾ ਰਾਜਿਆਂ ਲਈ ਸੱਚਮੁਚ ਹੀ ਦੂਸਰੇ ਜਨਮ ਦੇ ਸਮਾਨ ਸੀ। ਉਨ੍ਹਾਂ ਨੂੰ ਇਹ ਜੀਵਨ ਦਾਨ ਗੁਰੂ ਦਾ ਲੜ ਫੜਿਆਂ ਹੀ ਪ੍ਰਾਪਤ ਹੋਇਆ ਸੀ।
ਗੁਰੂ ਸਾਹਿਬਾਨ ਨੇ ਸ਼ਬਦ ਦੀ ਟੇਕ ਤੋਂ ਬਿਨਾਂ ਬਿਨੁ ਸਬਦੈ ਮੁਆ ਹੈ ਸਭੁ ਕੋਇ ਅਨੁਸਾਰ ਆਤਮਕ ਤੌਰ ’ਤੇ ਮੋਈ ਹੋਈ ਮਨੁੱਖਤਾ ਨੂੰ ਗੁਰਬਾਣੀ ਦੇ ਲੜ ਲਾ ਕੇ ਆਤਮਕ ਜੀਵਨ ਦਾ ਦਾਨ ਬਖਸ਼ਿਆ ਹੈ। ਜੀਵਾਂ ਦੇ ਉੱਧਾਰ ਲਈ ‘ਨਾਨਕ ਨਿਰੰਕਾਰੀ ਜੋਤ’ ਜੁਗਤ ਵਰਤਾਉਣ ਲਈ ਦਸਾਂ ਜਾਮਿਆਂ ਵਿਚ ਪਰਿਵਰਤਿਤ ਹੁੰਦੀ ਰਹੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੰਤਿਮ ਸਮੇਂ ਤਖਤ, ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਨੰਦੇੜ ਵਿਖੇ ਸਮੁੱਚੀ ਮਨੁੱਖਤਾ ਉੱਪਰ ਵੱਡਾ ਪਰਉਪਕਾਰ ਕਰਦਿਆਂ ਲੜ ਪਕੜਾਇ ਸ਼ਬਦ ਕਾ ਰੂਪ ‘ਸ਼ਬਦ ਗੁਰੂ’ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਦਿੱਤਾ ਅਤੇ ਜੁਗਤ ਵਰਤਾਉਣ ਲਈ ਬਖ਼ਸ਼ ਕੀਉ ਖਾਲਸ ਕੋ ਜਾਮਾ ਗੁਰੂ ਪੰਥ ਨੂੰ ਰਹਿਨੁਮਾਈ ਬਖਸ਼ਿਸ਼ ਕੀਤੀ। ਹੁਣ ਅਸੀਂ ਗ੍ਰੰਥ ਪੰਥ ਗੁਰ ਮਾਨੀਐ ਦੇ ਆਦੇਸ਼ ਦੀ ਪਾਲਣਾ ਕਰਦੇ ਹੋਇ ‘ਗੁਰੂ ਗ੍ਰੰਥ’ ਅਤੇ ‘ਗੁਰੂ ਪੰਥ’ ਦੇ ਲੜ ਲੱਗ ਕੇ ਸੰਸਾਰਕ ਅਤੇ ਮਾਨਸਿਕ ਬੰਧਨਾਂ ਤੋਂ ਨਿਜਾਤ ਹਾਸਲ ਕਰਨੀ ਹੈ। ਪੰਥ ਪ੍ਰਵਾਨਿਤ ‘ਸਿੱਖ ਰਹਿਤ ਮਰਯਾਦਾ’ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ, “ਇਕ ਅਕਾਲ ਪੁਰਖ ਤੋਂ ਛੁੱਟ ਕਿਸੇ ਦੇਵੀ, ਦੇਵਤੇ, ਅਵਤਾਰ, ਪੈਗੰਬਰ ਦੀ ਉਪਾਸ਼ਨਾ ਨਹੀਂ ਕਰਨੀ। ਦਸਾਂ ਗੁਰੂ ਸਾਹਿਬਾਨ ਨੂੰ ਤੇ ਉਨ੍ਹਾਂ ਦੀ ਬਾਣੀ ਤੋਂ ਬਿਨ੍ਹਾਂ ਕਿਸੇ ਹੋਰ ਨੂੰ ਆਪਣਾ ਮੁਕਤੀ ਦਾਤਾ ਨਹੀਂ ਮੰਨਣਾ
ਬੰਦੀ ਛੋੜ ਦਿਵਸ ’ਤੇ ਜਿੱਥੇ ਅਸੀਂ ਘਰਾਂ ਵਿਚ ਦੀਪਮਾਲਾ ਕਰ ਕੇ ਇਸ ਪਰੰਪਰਾ ਨੂੰ ਨਿਭਾਉਣਾ ਹੈ, ਉੱਥੇ ਆਪਣੇ ਹਿਰਦੇ ਰੂਪੀ ਘਰਾਂ ਵਿਚ ਵੀ ਸ਼ਬਦ ਰੂਪੀ ਗਿਆਨ ਦਾ ਦੀਪਕ ਜਗਾ ਕੇ ਆਪਣੇ ਜੀਵਨ ਨੂੰ ਰੁਸ਼ਨਾਉਣਾ ਹੈ:
ਸਤਿਗੁਰ ਸਬਦਿ ਉਜਾਰੋ ਦੀਪਾ॥
ਬਿਨਸਿਓ ਅੰਧਕਾਰ ਤਿਹ ਮੰਦਰਿ ਰਤਨ ਕੋਠੜੀ ਖੂਲ੍ੀ ਅਨੂਪਾ॥
(ਸ੍ਰੀ ਗੁਰੂ ਗ੍ਰੰਥ ਸਾਹਿਬ, 821)
ਦੀਵਾਲੀ ਦੀ ਰਾਤ ਜੋ ਦੀਵੇ ਬਾਲੇ ਜਾਂਦੇ ਹਨ ਉਹ ਸਵੇਰ ਤਕ ਬੁੱਝ ਜਾਂਦੇ ਹਨ ਪਰ ਨਾਮ ਦਾ ਦੀਵਾ ਡੋਲੈ ਵਾਉ ਨ ਵਡਾ ਹੋਇ ਅਨੁਸਾਰ ਨਿਰੰਤਰ ਸਾਡੇ ਜੀਵਨ ਨੂੰ ਰੁਸ਼ਨਾਉਣ ਦੇ ਸਮਰੱਥ ਹੈ।
ਸੋ ਬੰਦੀ ਛੋੜ ਦਿਵਸ ਮਨਾਉਂਦਿਆਂ ਇਹ ਅਰਦਾਸ ਕਰੀਏ ਕਿ ਬਵਿੰਜਾ ਰਾਜਿਆਂ ਵਾਂਗ ਕਿਤੇ ਸਾਨੂੰ ਵੀ ‘ਸ਼ਬਦ ਗੁਰੂ’ ਦਾ ਲੜ ਫੜ੍ਹਨ ਦੀ ਜਾਚ ਆ ਜਾਏ ਅਤੇ ਅਸੀਂ ਗੁਰਮਤਿ ਰਹਿਣੀ ਦੇ ਧਾਰਨੀ ਹੋ ਕੇ ਵਿਸ਼ੇ-ਵਿਕਾਰਾਂ, ਵਹਿਮਾਂ-ਭਰਮਾਂ, ਮੜ੍ਹੀਆਂ-ਮਸਾਣਾਂ, ਵਰਤਾਂ, ਸਰਾਧਾਂ ਅਤੇ ਦੇਹ-ਧਾਰੀ ਗੁਰੂ-ਡੰਮ ਆਦਿ ਵਰਗੇ ਅਗਿਆਨੀ ਕਰਮਾਂ ਦੇ ਬੰਧਨ ਤੋਂ ਮੁਕਤ ਹੋ ਅੰਧਕਾਰਮਈ ਜੀਵਨ ਤੋਂ ਪ੍ਰਕਾਸ਼ਮਈ ਜੀਵਨ ਦੇ ਧਾਰਣੀ ਬਣੀਏ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login