ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੁੰਦੇ ਹੋਏ ਦਿੱਲੀ ਦੇ ਲੈਫਟੀਨੈਂਟ ਗਵਰਨਰ ਤਰਨਜੀਤ ਸਿੰਘ ਸੰਧੂ / Courtesy Photo
ਦਿੱਲੀ ਦੇ ਲੈਫਟੀਨੈਂਟ ਗਵਰਨਰ ਤਰਨਜੀਤ ਸਿੰਘ ਸੰਧੂ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਗੁਰੂ ਘਰ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਆਪਣੀ ਨਵੀਂ ਜਿੰਮੇਵਾਰੀ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਨੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਉਨ੍ਹਾਂ ਨੂੰ ਉਹੀ ਹਿੰਮਤ ਅਤੇ ਤਾਕਤ ਮਿਲੇ ਜੋ ਪਹਿਲਾਂ ਪਰਿਵਾਰ ਨੂੰ ਮਿਲਦੀ ਰਹੀ ਹੈ, ਤਾਂ ਜੋ ਉਹ ਆਪਣੀਆਂ ਜਿੰਮੇਵਾਰੀਆਂ ਨੂੰ ਇਮਾਨਦਾਰੀ ਨਾਲ ਨਿਭਾ ਸਕਣ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਰਨਜੀਤ ਸਿੰਘ ਸੰਧੂ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੂੰ ਸਿਰੋਪਾਓ ਭੇਟ ਕਰਕੇ ਸਤਿਕਾਰ ਦਿੱਤਾ ਗਿਆ।
ਮੀਡੀਆ ਨਾਲ ਗੱਲਬਾਤ ਕਰਦਿਆਂ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਉਹ ਗੁਰੂ ਘਰ ਤੋਂ ਆਸ਼ੀਰਵਾਦ ਲੈ ਕੇ ਹੀ ਹਰ ਵੱਡੀ ਜਿੰਮੇਵਾਰੀ ਦੀ ਸ਼ੁਰੂਆਤ ਕਰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦਾ ਦਰਬਾਰ ਸਾਹਿਬ ਨਾਲ ਡੂੰਘਾ ਨਾਤਾ ਰਿਹਾ ਹੈ। ਉਨ੍ਹਾਂ ਦੇ ਦਾਦਾ ਸ. ਤੇਜਾ ਸਿੰਘ ਸਮੁੰਦਰੀ ਨੇ ਗੁਰਦੁਆਰਾ ਸੁਧਾਰ ਲਹਿਰ ਵਿੱਚ ਅਹਿਮ ਯੋਗਦਾਨ ਪਾਇਆ ਸੀ। ਚਾਬੀਆਂ ਦਾ ਮੋਰਚਾ, ਗੁਰੂ ਕਾ ਬਾਗ ਮੋਰਚਾ ਅਤੇ ਹੋਰ ਸੰਘਰਸ਼ਾਂ ਰਾਹੀਂ ਸਿੱਖ ਕੌਮ ਨੇ ਅਹਿੰਸਕ ਅੰਦੋਲਨ ਦੀ ਮਿਸਾਲ ਕਾਇਮ ਕੀਤੀ ਸੀ, ਜਿਸ ਨਾਲ ਪੂਰੇ ਦੇਸ਼ ਵਿੱਚ ਇੱਕ ਸਫਲ ਮੂਵਮੈਂਟ ਦੀ ਸ਼ੁਰੂਆਤ ਹੋਈ।

ਸ. ਤੇਜਾ ਸਿੰਘ ਸਮੁੰਦਰੀ ਦਾ ਨਾਂ ਅੰਮ੍ਰਿਤਸਰ ਦੇ ਇਤਿਹਾਸ ਵਿੱਚ ਬਹੁਤ ਆਦਰ ਨਾਲ ਲਿਆ ਜਾਂਦਾ ਹੈ ਅਤੇ ਉਨ੍ਹਾਂ ਦੀ ਕੁਰਬਾਨੀ ਅਤੇ ਸੰਘਰਸ਼ ਸਿੱਖ ਇਤਿਹਾਸ ਦਾ ਮਹੱਤਵਪੂਰਨ ਹਿੱਸਾ ਹਨ। ਇਸੇ ਤਰ੍ਹਾਂ ਸ. ਬਿਸ਼ਨ ਸਿੰਘ ਸਮੁੰਦਰੀ ਦਾ ਸਿੱਖਿਆ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਹੈ। ਉਹ ਵੀ ਹਰ ਰੋਜ਼ ਦਰਬਾਰ ਸਾਹਿਬ ਮੱਥਾ ਟੇਕਣ ਆਉਂਦੇ ਸਨ ਅਤੇ ਗੁਰੂ ਘਰ ਤੋਂ ਉਨ੍ਹਾਂ ਨੂੰ ਬਹੁਤ ਆਸ਼ੀਰਵਾਦ ਮਿਲਦਾ ਸੀ।
ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਦਿੱਲੀ ਵਿੱਚ ਲੈਫਟੀਨੈਂਟ ਗਵਰਨਰ ਦੀ ਨਵੀਂ ਜਿੰਮੇਵਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਉਹਨਾਂ ਦੇ ਰਸਤੇ ਵਿੱਚ ਭਾਵੇਂ ਅਨੇਕਾਂ ਚੁਣੌਤੀਆਂ ਹਨ, ਪਰ ਗੁਰੂ ਘਰ ਦੀ ਕਿਰਪਾ ਨਾਲ ਮਿਲੇ ਮਾਣ-ਸਨਮਾਨ ਨੂੰ ਨਿਮਰਤਾ ਨਾਲ ਸਵੀਕਾਰ ਕਰਦਿਆਂ ਹਰ ਚੁਣੌਤੀ ਨੂੰ ਸੇਵਾ ਅਤੇ ਇਮਾਨਦਾਰੀ ਨਾਲ ਸਰ ਕਰਨ ਦੀ ਕੋਸ਼ਿਸ਼ ਕਰਾਂਗਾ।
ਸ. ਤਰਨਜੀਤ ਸਿੰਘ ਸੰਧੂ ਨੂੰ ਗਾਰਡ ਆਫ ਆਨਰ ਦੇ ਕੇ ਸਨਮਾਨਿਤ ਕੀਤਾ ਗਿਆ / Courtesy Photo
ਉਨ੍ਹਾਂ ਅੱਗੇ ਕਿਹਾ, “ਮੇਰੇ ਸਿਰ ’ਤੇ ਦਸਤਾਰ ਸਿਰਫ਼ ਮੇਰੀ ਪਹਿਚਾਣ ਨਹੀਂ, ਸਿੱਖ ਕੌਮ ਦੀ ਸ਼ਾਨ ਹੈ। ਇਸ ਦੀ ਇੱਜ਼ਤ, ਸ਼ਾਨ ਤੇ ਮਾਣ ਨੂੰ ਹੋਰ ਉੱਚਾ ਕਰਨ ਲਈ ਮੈਂ ਹਮੇਸ਼ਾ ਅਣਥੱਕ ਕੋਸ਼ਿਸ਼ ਕਰਦਾ ਰਹਾਂਗਾ।”ਉਨ੍ਹਾਂ ਕਿਹਾ ਕਿ ਇਹ ਸਿਰਫ਼ ਤਰਨਜੀਤ ਸਿੰਘ ਸੰਧੂ ਦਾ ਨਹੀਂ, ਸਗੋਂ ਅੰਮ੍ਰਿਤਸਰ ਸ਼ਹਿਰ ਦਾ ਨਾਮ ਰੌਸ਼ਨ ਕਰਨ ਦਾ ਮੌਕਾ ਹੈ। ਉਨ੍ਹਾਂ ਦਿੱਲੀ ਦੇ ਲੋਕਾਂ ਨਾਲ ਮਿਲ ਕੇ ਵਿਕਾਸ ਦੇ ਕੰਮ ਕਰਨ ਦੀ ਗੱਲ ਕਹੀ ਅਤੇ ਸਾਰਿਆਂ ਤੋਂ ਸਹਿਯੋਗ ਅਤੇ ਆਸ਼ੀਰਵਾਦ ਦੀ ਅਪੀਲ ਕੀਤੀ।
ਤਰਨਜੀਤ ਸਿੰਘ ਸੰਧੂ ਨੇ ਸ੍ਰੀ ਦਰਬਾਰ ਸਾਹਿਬ ਅਤੇ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਟਾਹਲਾ ਸਾਹਿਬ, ਚੱਬਾ ਵਿਖੇ ਮੱਥਾ ਟੇਕ ਕੇ ਗੁਰੂ ਦਾ ਸ਼ੁਕਰਾਨਾ ਅਦਾ ਕੀਤਾ, ਜਿੱਥੇ ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ ਵੱਲੋਂ ਉਹਨਾਂ ਦਾ ਸਿਰੋਪਾਓ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ।
ਅੰਮ੍ਰਿਤਸਰ ਏਅਰਪੋਰਟ ਵਿਖੇ ਫੁੱਲਾਂ ਦੀ ਵਰਖਾ ਨਾਲ ਕੀਤਾ ਗਿਆ ਸਵਾਗਤ / courtesy photoਇਸ ਤੋਂ ਪਹਿਲਾਂ ਅੰਮ੍ਰਿਤਸਰ ਹਵਾਈ ਅੱਡੇ ‘ਤੇ ਭਾਜਪਾ ਆਗੂਆਂ ਸਮੇਤ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਅਤੇ ਸੰਗਠਨਾਂ ਦੇ ਨੁਮਾਇੰਦਿਆਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਗਾਰਡ ਆਫ ਆਨਰ ਦੇ ਕੇ ਸਨਮਾਨਿਤ ਕੀਤਾ ਗਿਆ। ਬਾਅਦ ਵਿੱਚ ਸ਼ਹਿਰ ਵਿੱਚ ਉਨ੍ਹਾਂ ਦੇ ਸਨੇਹੀਆਂ ਅਤੇ ਦੋਸਤਾਂ ਵੱਲੋਂ ਰਾਤ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ, ਜਿੱਥੇ ਸੁਆਦਿਸ਼ਟ ਭੋਜਨ ਦੇ ਨਾਲ-ਨਾਲ ਦਿਲਚਸਪ ਗੱਲਬਾਤ, ਪੁਰਾਣੀਆਂ ਯਾਦਾਂ ਅਤੇ ਅੰਮ੍ਰਿਤਸਰ ਦੀ ਮਹਿਮਾਨ ਨਿਵਾਜੀ ਨੇ ਸ਼ਾਮ ਨੂੰ ਯਾਦਗਾਰੀ ਬਣਾ ਦਿੱਤਾ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login