ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ / Facebook /Sukhbir Singh Badal
ਪੰਜਾਬ ਦੇ ਤਾਜ਼ਾ ਮਾਹੌਲ ਨੂੰ ਵੇਖਦਿਆਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਪੰਜਾਬ ਬਚਾਓ ਰੈਲੀ ਕੀਤੀ ਜਾ ਰਹੀ ਹੈ। ਇਸੇ ਸਦਕਾ ਪਾਰਟੀ ਨੇ ਜਲੰਧਰ ਵਿਖੇ ਸ਼ਾਹਕੋਟ ਵਿਚ ਅੱਜ ਇਹ ਰੈਲੀ ਕੀਤੀ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਤੰਜ ਕੱਸੇ, ਉਥੇ ਹੀ ਉਨ੍ਹਾਂ ਅਕਾਲੀ ਦਲ ਦੀ ਸਰਕਾਰ ਵੇਲੇ ਕੀਤੇ ਗਏ ਕੰਮਾਂ ਨੂੰ ਵੀ ਯਾਦ ਕਰਵਾਇਆ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਿਵੇਂ ਵੱਡੇ ਬਾਦਲ ਸਾਬ੍ਹ ਪੰਜਾਬ 'ਚ ਮੁੱਖ ਮੰਤਰੀ ਰਹੇ ਹਨ, ਉਸ ਤਰ੍ਹਾਂ ਦਾ ਹੀ ਮੁੱਖ ਮੰਤਰੀ ਅੱਜ ਪੰਜਾਬ ਨੂੰ ਚਾਹੀਦਾ ਹੈ। ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਤਿੱਖੇ ਸ਼ਬਦੀ ਹਮਲੇ ਬੋਲਦੇ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਵਰਗੇ ਤਾਂ ਪੰਜਾਬ ਨੂੰ ਲੁੱਟਣ ਆਏ ਹਨ। ਦਿੱਲੀ ਵਾਲਿਆਂ ਨੇ ਪੰਜਾਬ ਨੂੰ ਤਬਾਹ ਕਰਕੇ ਰੱਖ ਦੇਣਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਾਂ ਸਿਰਫ਼ ਅੰਗੂਠਾ ਲਗਾਉਣ ਹੀ ਰੱਖਿਆ ਹੈ, ਸਰਕਾਰ ਤਾਂ ਦਿੱਲੀ ਵਾਲੇ ਚਲਾ ਰਹੇ ਹਨ।
ਅਕਾਲੀ ਦਲ ਵੇਲੇ ਕੀਤੇ ਗਏ ਕੰਮਾਂ ਦਾ ਜ਼ਿਕਰ ਕਰਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਨੇ ਅੱਜ ਤੱਕ ਜੋ ਕਿਹਾ ਹੈ, ਉਹ ਕਰਕੇ ਵਿਖਾਇਆ ਹੈ। ਜਿੰਨੇ ਵੀ ਥਰਮਲ ਪਲਾਂਟ ਪੰਜਾਬ 'ਚ ਬਣੇ ਹਨ, ਸਾਰੇ ਅਕਾਲੀ ਦਲ ਨੇ ਬਣਾਏ ਹਨ। ਜਿੰਨੇ ਵੀ ਏਅਰਪੋਰਟ ਪੰਜਾਬ ਵਿਚ ਬਣੇ ਹਨ, ਉਹ ਅਕਾਲੀ ਦਲ ਦੀ ਸਰਕਾਰ ਵੇਲੇ ਹੀ ਬਣੇ ਹਨ। ਅੱਜ ਜੇਕਰ ਪੰਜਾਬ ਨੂੰ ਤਗੜਾ ਕਰਨਾ ਹੈ ਤਾਂ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਤਗੜਾ ਕਰਨਾ ਪਵੇਗਾ ਤਾਂਹੀ ਪੰਜਾਬ ਬਚ ਸਕਦਾ ਹੈ।
ਉਥੇ ਹੀ ਸੁਖਬੀਰ ਸਿੰਘ ਬਾਦਲ ਨੇ ਵੱਡੇ ਐਲਾਨ ਕਰਦਿਆਂ ਪੰਜਾਬੀ ਸੱਭਿਆਚਾਰ ਅਤੇ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਵਰਲਡ ਕੱਪ ਕਬੱਡੀ, ਪਸ਼ੂ ਮੇਲੇ ਅਤੇ ਪਿੰਡਾਂ ਵਿੱਚ ‘ਸੀਪ’ ਵਰਗੀਆਂ ਖੇਡਾਂ ਦੇ ਮੁਕਾਬਲੇ ਕਰਵਾਉਣ ਦਾ ਵੀ ਭਰੋਸਾ ਦਿੱਤਾ। ਸੁਖਬੀਰ ਬਾਦਲ ਨੇ ਵਾਅਦਾ ਕੀਤਾ ਕਿ ਜੇਕਰ 2027 ਵਿੱਚ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਤਾਂ ਪੰਜਾਬ ਵਿੱਚ 75 ਫ਼ੀਸਦੀ ਨੌਕਰੀਆਂ ਪੰਜਾਬੀ ਨੌਜਵਾਨਾਂ ਲਈ ਰਾਖਵੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਨੌਜਵਾਨਾਂ ਨੂੰ ਆਪਣਾ ਕੰਮ ਸ਼ੁਰੂ ਕਰਨ ਲਈ 10 ਲੱਖ ਰੁਪਏ ਤੱਕ ਦਾ ਵਿਆਜ ਮੁਕਤ ਲੋਨ ਦੇਣ ਦਾ ਵੀ ਐਲਾਨ ਕੀਤਾ। ਸਿੱਖਿਆ ਦੇ ਖੇਤਰ ਵਿੱਚ ਉਨ੍ਹਾਂ ਕਿਹਾ ਕਿ ਮੈਡੀਕਲ ਅਤੇ ਇੰਜੀਨੀਅਰਿੰਗ ਕਾਲਜਾਂ ਵਿੱਚ ਗਰੀਬ ਬੱਚਿਆਂ ਲਈ 50 ਫ਼ੀਸਦੀ ਸੀਟਾਂ ਰਾਖਵੀਆਂ ਹੋਣਗੀਆਂ ਅਤੇ ਉਨ੍ਹਾਂ ਦਾ ਖ਼ਰਚਾ ਸਰਕਾਰ ਚੁੱਕੇਗੀ।
ਪਾਰਟੀ ਪ੍ਰਧਾਨ ਨੇ ਐਲਾਨ ਕੀਤਾ ਕਿ ਸਰਕਾਰ ਆਉਣ ਦੇ ਪਹਿਲੇ ਹਫ਼ਤੇ ਹੀ ਆਟਾ-ਦਾਲ ਸਕੀਮ ਮੁੜ ਸ਼ੁਰੂ ਕੀਤੀ ਜਾਵੇਗੀ, ਜਿਸ ਤਹਿਤ 4 ਰੁਪਏ ਕਿਲੋ ਆਟਾ ਅਤੇ 20 ਰੁਪਏ ਕਿਲੋ ਦਾਲ ਮਿਲੇਗੀ। ਇਸ ਤੋਂ ਇਲਾਵਾ ਗ਼ਰੀਬ ਬੱਚੀਆਂ ਦੇ ਵਿਆਹ ਲਈ 1 ਲੱਖ ਰੁਪਏ ਦੀ ਸ਼ਗਨ ਰਾਸ਼ੀ ਦਿੱਤੀ ਜਾਵੇਗੀ। ਬੁਢਾਪਾ ਪੈਨਸ਼ਨ ਵਧਾ ਕੇ 3100 ਰੁਪਏ ਮਹੀਨਾ ਕੀਤੀ ਜਾਵੇਗੀ। ਹਰ ਕਿਸਾਨ ਨੂੰ ਇਕ ਟਿਊਬਲ ਕੁਨੈਕਸ਼ਨ ਦੇਣ ਦੀ ਗਾਰੰਟੀ ਵੀ ਦਿੱਤੀ ਗਈ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login