ADVERTISEMENT

ADVERTISEMENT

ਸ਼ਹੀਦੀ ਸਭਾ ਸ੍ਰੀ ਫਤਿਹਗੜ੍ਹ ਸਾਹਿਬ: ਲੱਖਾਂ ਦੀ ਗਿਣਤੀ 'ਚ ਸੰਗਤ ਸ਼ਹੀਦਾਂ ਨੂੰ ਕਰ ਰਹੀ ਹੈ ਨਮਨ

ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ / Staff Reporter

ਪੋਹ ਦੀ ਕੜਾਕੇਦਾਰ ਠੰਢ ਦੇ ਸਮੇਂ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਦਰਸ਼ਨ ਕਰਕੇ ਅਜਿਹਾ ਪ੍ਰਤੀਤ ਹੁੰਦਾ ਹੈ, ਜਿਵੇਂ ਸਦੀਆਂ ਪੁਰਾਣਾ ਇਤਿਹਾਸ ਅੱਜ ਵੀ ਸਾਡੇ ਸਾਹਮਣੇ ਉਸ ਸਮੇਂ ਦੇ ਕਹਿਰ ਨੂੰ ਬਿਆਨ ਕਰ ਰਿਹਾ ਹੋਵੇ ਕਿ ਜਰਾ ਮਹਿਸੂਸ ਕਰੋ ਉਹ ਸਮਾਂ, ਜਦੋਂ ਦਸ਼ਮੇਸ਼ ਦੇ ਛੋਟੇ ਸਾਹਿਬਜ਼ਾਦੇ ਅਤੇ ਬੁੱਢੜੀ ਮਾਂ, ਮਾਤਾ ਗੁਜਰੀ ਵਜੀਦੇ ਦੇ ਜੁਲਮ ਦਾ ਸ਼ਿਕਾਰ ਹੋਏ। ਅਤਿ ਦੀ ਠੰਡ ਵਿੱਚ ਢੰਡੇ ਬੁਰਜ 'ਚ ਕੱਟੀਆਂ ਰਾਤਾਂ ਦਾ ਅਹਿਸਾਸ ਲੱਖਾਂ ਸੰਗਤਾਂ ਦੇ ਅੰਦਰ ਸਾਹਿਬਜ਼ਾਦਿਆਂ ਪ੍ਰਤੀ ਸ਼ਰਧਾ ਅਤੇ ਸਤਿਕਾਰ ਜਗਾ  ਰਿਹਾ ਹੈ। 

25, 26 ਅਤੇ 27 ਦਸੰਬਰ ਦੇ ਇਹ ਸ਼ਹੀਦੀ ਸਭਾ ਦੇ ਦਿਨ ਖਾਲਸੇ ਦੀ ਚੜਦੀਕਲਾ ਦਾ ਪ੍ਰਤੀਕ ਹੋ ਨਿੱਭੜਦੇ ਨੇ। ਹਰ ਸਾਲ ਦੀ ਤਰਾਂ ਇਸ ਸਾਲ ਵੀ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ 'ਚ ਸੰਗਤ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਵਿਖੇ ਪਹੁੰਚ ਕੇ ਸ਼ਹੀਦਾਂ ਨੂੰ ਨਤਮਸਤਕ ਹੋ ਰਹੀ ਹੈ।ਸੰਗਤ ਦੀ ਗਿਣਤੀ ਕਰਨਾ ਤਾਂ ਮੁਸ਼ਕਿਲ ਹੈ ਹੀ, ਸੰਗਤ ਦੀ ਸਹੂਲਤ ਲਈ ਲਾਏ ਗਏ ਲੰਗਰਾਂ ਦੀ ਗਿਣਤੀ ਕਰਨੀ ਵੀ ਔਖੀ ਹੈ।ਏਨੀ ਵੱਡੀ ਗਿਣਤੀ 'ਚ ਪਹੁੰਚੀ ਸੰਗਤ ਲਈ ਪ੍ਰਬੰਧ ਸਦਾ ਹੀ ਥੋੜੇ ਰਹਿ ਜਾਂਦੇ ਹਨ, ਅਤੇ ਸੰਗਤ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੇ ਪਿਆਰ ਵਿੱਚ ਜਿਥੇ ਵੀ ਜਗਾ ਮਿਲੇ ਬੈਠ ਕੇ ਨਾਮ ਸਿਮਰਨ ਵਿੱਚ ਜੁਟ ਜਾਂਦੀ ਹੈ।

ਕੋਈ ਨੰਗੇ ਪੈਰ, ਕੋਈ ਅੱਖਾਂ ਵਿੱਚ ਹੰਝੂ ਅਤੇ ਕੋਈ ਮਨ ਵਿੱਚ ਅਡੋਲ ਵਿਸ਼ਵਾਸ ਲੈ ਕੇ ਆਇਆ ਹੋਇਆ ਹੈ। ਹਰ ਕਦਮ ਨਾਲ ਸੰਗਤ ਪਾਵਨ ਧਰਤੀ ਨੂੰ ਮੱਥਾ ਟੇਕਦੀ ਹੋਈ ਅੱਗੇ ਵਧਦੀ ਹੈ। ਕੀਰਤਨ ਦੀ ਹਰ ਤਾਨ ਸਾਹਿਬਜ਼ਾਦਿਆਂ ਦੀ ਅਟੱਲ ਆਸਥਾ ਅਤੇ ਅਡੋਲ ਹਿੰਮਤ ਨੂੰ ਬਿਆਨ ਬਿਆਨ ਕਰਦੀ ਪ੍ਰਤੀਤ ਹੁੰਦੀ ਹੈ।

ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ / Staff Reporter

ਰੋਜ਼ਾਨਾ ਦੀ ਕਥਾ ਵਿੱਚ ਹੈੱਡ ਗ੍ਰੰਥੀ ਗਿਆਨੀ ਹਰਪਾਲ ਸਿੰਘ ਨੇ ਉਸ ਦਿਲ ਕੰਬਾ ਦੇਣ ਵਾਲੇ ਇਤਿਹਾਸ ਨੂੰ ਯਾਦ ਕਰਵਾਇਆ, ਜਦੋਂ ਛੋਟੇ ਸਾਹਿਬਜ਼ਾਦਿਆਂ, ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਨੂੰ ਧਰਮ ਤੋਂ ਡਿਗਣ ਲਈ ਅਨੇਕ ਲਾਲਚ ਅਤੇ ਧਮਕੀਆਂ ਦਿੱਤੀਆਂ ਗਈਆਂ। ਪਰ ਛੋਟੀ ਉਮਰ ਦੇ ਬਾਵਜੂਦ ਉਨ੍ਹਾਂ ਦੀ ਸੋਚ ਗੁਰੂ ਗੋਬਿੰਦ ਸਿੰਘ ਜੀ ਦੀ ਉੱਚੀ ਸਿੱਖਿਆ ਨਾਲ ਪਰਿਪੱਕ ਸੀ। ਨੀਹਾਂ ਵਿੱਚ ਚਿਣੇ ਜਾਣ ਦਾ ਹੁਕਮ ਸੁਣ ਕੇ ਵੀ ਉਨ੍ਹਾਂ ਦੇ ਮੂੰਹੋਂ ਵਾਹਿਗੁਰੂ ਦਾ ਨਾਮ ਹੀ ਨਿਕਲਿਆ। ਇਹ ਸਿਰਫ਼ ਸਰੀਰਾਂ ਦੀ ਸ਼ਹਾਦਤ ਨਹੀਂ, ਸਗੋਂ ਅਡੋਲ ਆਤਮਾਵਾਂ ਦੀ ਜਿੱਤ ਸੀ।

ਨੌਜਵਾਨਾਂ ਲਈ ਵਿਸ਼ੇਸ਼ ਦੀਵਾਨ ਅਤੇ ਗੁਰਮਤਿ ਸਮਾਗਮ ਆਯੋਜਿਤ ਕੀਤੇ ਗਏ। ਉਨ੍ਹਾਂ ਨੂੰ ਸਿੱਖ ਇਤਿਹਾਸ, ਗੁਰਸਿੱਖ ਜੀਵਨ ਸ਼ੈਲੀ, ਨਸ਼ਿਆਂ ਤੋਂ ਦੂਰ ਰਹਿਣ ਅਤੇ ਸਮਾਜ ਦੀ ਸੇਵਾ ਕਰਨ ਬਾਰੇ ਪ੍ਰੇਰਿਤ ਕੀਤਾ ਗਿਆ। ਸੇਵਾ ਦੇ ਵੀ ਅਨੇਕ ਰੂਪ ਨਜ਼ਰ ਆ ਰਹੇ ਹਨ। ਕੋਈ ਬੁਜ਼ੁਰਗਾਂ ਨੂੰ ਸਹਾਰਾ ਦੇ ਰਿਹਾ, ਕੋਈ ਬੱਚਿਆਂ ਨੂੰ ਲੰਗਰ ਵੰਡ ਰਿਹਾ, ਤੇ ਕੋਈ ਠੰਢ ਤੋਂ ਬਚਾਅ ਲਈ ਕੰਬਲਾਂ ਦੀ ਸੇਵਾ ਕਰ ਰਿਹਾ ਹੈ।

ਸ਼ਹੀਦੀ ਸਭਾ ਸਿਰਫ਼ ਇੱਕ ਧਾਰਮਿਕ ਸਮਾਗਮ ਨਹੀਂ, ਬਲਕਿ ਇਹ ਇੱਕ ਆਤਮਿਕ ਜਾਗਰੂਕਤਾ ਹੈ। ਇੱਕ ਐਸਾ ਸੰਦੈਸ਼ ਹੈ, ਜੋ ਯਾਦ ਦਿਵਾਉਂਦਾ ਕਿ ਸ਼ਹਾਦਤਾਂ ਸਮੇਂ ਦੇ ਨਾਲ ਭੁੱਲਦੀਆਂ ਨਹੀਂ ਸਗੋਂ, ਸਦਾ ਲਈ ਕੌਮ ਦੀ ਰੂਹ ਨੂੰ ਜਗਾਉਂਦੀਆਂ ਰਹਿੰਦੀਆਂ ਹਨ।

Comments

Related