ਭ੍ਰਿਸ਼ਟਾਚਾਰ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਪੰਜਾਬ ਪੁਲਿਸ ਦੇ ਡਿਪਟੀ ਇੰਸਪੈਕਟਰ ਜਨਰਲ (ਡੀਆਈਜੀ) ਹਰਚਰਨ ਸਿੰਘ ਭੁੱਲਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਡੀਆਈਜੀ ਭੁੱਲਰ ਨੂੰ ਰਿਸ਼ਵਤਖੋਰੀ ਦੇ ਇਲਜ਼ਾਮਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ। ਸੀਬੀਆਈ ਅਦਾਲਤ ਨੇ ਡੀਆਈਜੀ ਭੁੱਲਰ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ ਅਤੇ ਅਗਲੀ ਸੁਣਵਾਈ 31 ਅਕਤੂਬਰ ਨੂੰ ਹੋਵੇਗੀ। ਅਧਿਕਾਰੀਆਂ ਅਨੁਸਾਰ, ਭੁੱਲਰ ਸਣੇ ਇੱਕ ਹੋਰ ਸ਼ਖ਼ਸ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਸੀਬੀਆਈ ਨੇ ਦਾਅਵਾ ਕੀਤਾ ਹੈ ਕਿ ਮੁਲਜ਼ਮ ਅਫਸਰ ਦੇ ਪੰਜਾਬ ਅਤੇ ਚੰਡੀਗੜ੍ਹ ਸਥਿਤ ਕਈ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ ਜਿੱਥੋਂ ਸਾਢੇ ਸੱਤ ਕਰੋੜ ਨਕਦੀ, 2.5 ਕਿੱਲੋ ਸੋਨੇ ਦੇ ਗਹਿਣੇ, ਜਾਇਦਾਦ ਦੇ ਕਾਗਜ਼, ਲਗਜ਼ਰੀ ਵਾਹਨਾਂ ਦੀਆਂ ਚਾਬੀਆਂ, 26 ਲਗਜ਼ਰੀ ਘੜੀਆਂ, ਚਾਰ ਹਥਿਆਰ ਤੇ ਹੋਰ ਸਮਾਨ ਬਰਮਾਦ ਕੀਤਾ ਗਿਆ ਹੈ।
ਇਸ 8 ਲੱਖ ਰੁਪਏ ਦੇ ਰਿਸ਼ਵਤਖੋਰੀ ਮਾਮਲੇ ਵਿੱਚ ਮੁੱਖ ਸ਼ਿਕਾਇਤਕਰਤਾ ਫਤਿਹਗੜ੍ਹ ਦੇ ਇੱਕ ਸਕ੍ਰੈਪ ਡੀਲਰ ਆਕਾਸ਼ ਬੱਤਾ ਹਨ। ਸੀਬੀਆਈ ਮੁਤਾਬਕ ਮੁਲਜ਼ਮ ਅਫਸਰ ਵੱਲੋਂ ਕਥਿਤ ਤੌਰ ਉੱਤੇ ਸ਼ਿਕਾਇਤਕਰਤਾ ਤੋਂ ਮਹੀਨਾਵਾਰ ਗੈਰ-ਕਾਨੂੰਨੀ ਢੰਗ ਨਾਲ ਪੇਮੈਂਟਸ ਦੀ ਮੰਗ ਕੀਤੀ ਜਾ ਰਹੀ ਸੀ। ਸ਼ਿਕਾਇਤਕਰਤਾ ਵੱਲੋਂ ਸ਼ਿਕਾਇਤ ਵਿੱਚ ਇਲਜ਼ਾਮ ਲਗਾਏ ਗਏ ਹਨ ਕਿ ਇੱਕ ਐੱਫਆਈਆਰ ਦਾ ਨਿਪਟਾਰਾ ਕਰਨ ਦੇ ਬਦਲੇ ਉਸ ਤੋਂ ਰਿਸ਼ਵਤ ਮੰਗੀ ਜਾ ਰਹੀ ਸੀ।
ਖ਼ਬਰਾਂ ਮੁਤਾਬਕ ਆਕਾਸ਼ ਬੱਤਾ ਖ਼ਿਲਾਫ਼ ਸਰਹਿੰਦ ਥਾਣੇ ਵਿੱਚ ਦਰਜ ਹੋਏ ਮਾਮਲੇ ਦੀ ਐੱਫਆਈਆਰ ਮੁਤਾਬਕ ਉਨ੍ਹਾਂ ਖ਼ਿਲਾਫ਼ ਇਹ ਕੇਸ 2023 ਵਿੱਚ ਦਰਜ ਕੀਤਾ ਗਿਆ ਸੀ, ਜਿਸ ਵਿੱਚ 420, 465, 467,468, 471 ਅਤੇ 120-ਬੀ ਦੀ ਧਾਰਾ ਲਗਾਈ ਗਈ। ਉਨ੍ਹਾਂ ਉੱਪਰ ਇਲਜ਼ਾਮ ਲਗਾਇਆ ਗਿਆ ਕਿ ਉਹ ਜਾਅਲੀ ਬਿੱਲ ਬਣਾਉਂਦੇ ਹਨ ਅਤੇ ਦਿੱਲੀ ਤੋਂ ਟਰੱਕਾਂ ਰਾਹੀਂ ਸਕਰੈਪ ਸਰਹੰਦ ਤੇ ਮੰਡੀ ਗੋਬਿੰਦਗੜ੍ਹ ਦੀਆਂ ਫਰਮਾਂ ਨੂੰ ਵੇਚਦੇ ਹਨ।
ਆਕਾਸ਼ ਬੱਤਾ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਇਸੇ ਮਾਮਲੇ ਸਬੰਧੀ ਉਸ ਕੋਲੋਂ ਰਿਸ਼ਵਤ ਮੰਗੀ ਗਈ। ਸੀਬੀਆਈ ਵੱਲੋਂ 16 ਅਕਤੂਬਰ 2025 ਨੂੰ ਇਸ ਸ਼ਿਕਾਇਤ ਉੱਤੇ ਮਾਮਲਾ ਦਰਜ ਕੀਤਾ ਗਿਆ ਕਿ ਸ਼ਿਕਾਇਤਕਰਤਾ ਤੋਂ 8 ਲੱਖ ਦੀ ਰਿਸ਼ਵਤ ਅਤੇ ਮਹੀਨਾਵਾਰ ਪੇਮੈਂਟ ਦੀ ਇੱਕ ਸ਼ਖ਼ਸ ਦੇ ਜ਼ਰੀਏ ਮੰਗ ਕੀਤੀ ਜਾ ਰਹੀ ਸੀ। ਸ਼ਿਕਾਇਤ ਮਿਲਣ ਤੋਂ ਬਾਅਦ, ਸੀਬੀਆਈ ਨੇ ਇੱਕ ਗੁਪਤ ਟੀਮ ਬਣਾਈ ਅਤੇ ਜਾਲ ਵਿਛਾਇਆ। ਜਦੋਂ ਸਕ੍ਰੈਪ ਡੀਲਰ ਮੋਹਾਲੀ ਸਥਿਤ ਦਫ਼ਤਰ ’ਚ ਪੈਸੇ ਲੈ ਕੇ ਪਹੁੰਚਿਆ, ਤਾਂ ਸੀਬੀਆਈ ਟੀਮ ਨੇ ਉਸ ਸਮੇਂ ਭੁੱਲਰ ਨੂੰ ਪੈਸੇ ਫੜਦੇ ਹੋਏ ਰੰਗੇ ਹੱਥ ਫੜ ਲਿਆ।
ਹਾਲਾਂਕਿ ਪੇਸ਼ੀ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਚਰਨ ਸਿੰਘ ਭੁੱਲਰ ਨੇ ਕਿਹਾ ਕਿ ਉਹ ਅਦਾਲਤ ਵਿੱਚ ਆਪਣਾ ਪੱਖ ਰੱਖਣਗੇ ਅਤੇ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਫਸਾਇਆ ਜਾ ਰਿਹਾ ਹੈ।
ਦਸ ਦਈਏ ਕਿ ਹਰਚਰਨ ਸਿੰਘ ਭੁੱਲਰ ਇਸ ਵੇਲੇ ਰੋਪੜ ਰੇਂਜ ਦੇ ਡੀਆਈਜੀ ਵਜੋਂ ਤਾਇਨਾਤ ਹਨ। ਡੀਆਈਜੀ ਭੁੱਲਰ ਨੇ ਸ਼ੁਰੂਆਤ ਪੰਜਾਬ ਪੁਲਿਸ ਸਰਵਿਸ ਅਫਸਰ (ਪੀਪੀਐੱਸ) ਵਜੋਂ ਕੀਤੀ ਸੀ, ਬਾਅਦ ਵਿੱਚ ਉਨ੍ਹਾਂ ਨੂੰ ਆਈਪੀਐੱਸ ਬਣਾਇਆ ਗਿਆ। ਉਨ੍ਹਾਂ ਨੇ ਕਈ ਜ਼ਿਲ੍ਹਿਆਂ ਵਿੱਚ ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐੱਸਐੱਸਪੀ) ਸਮੇਤ ਹੋਰ ਸੀਨੀਅਰ ਅਹੁਦਿਆਂ 'ਤੇ ਵੀ ਕੰਮ ਕੀਤਾ ਹੈ।
2023 ਵਿੱਚ ਉਨ੍ਹਾਂ ਨੂੰ ਡੀਆਈਜੀ ਵਜੋਂ ਪ੍ਰੋਮੋਟ ਕੀਤਾ ਗਿਆ ਅਤੇ ਪਟਿਆਲਾ ਰੇਂਜ ਦੇ ਡੀਆਈਜੀ ਵਜੋਂ ਤਾਇਨਾਤ ਕੀਤਾ ਗਿਆ। ਬਾਅਦ ਵਿੱਚ ਉਨ੍ਹਾਂ ਨੇ ਰੋਪੜ ਰੇਂਜ 'ਚ ਡੀਆਈਜੀ ਵਜੋਂ ਅਹੁਦਾ ਸੰਭਾਲਿਆ। ਉਹ ਪੰਜਾਬ ਦੇ ਸਾਬਕਾ ਡੀਜੀਪੀ ਮਹਿਲ ਸਿੰਘ ਭੁੱਲਰ ਦੇ ਪੁੱਤਰ ਹਨ। ਹਰਚਰਨ ਸਿੰਘ ਭੁੱਲਰ ਨੇ ਉਸ ਵਿਸ਼ੇਸ਼ ਜਾਂਚ ਟੀਮ ਦੀ ਵੀ ਅਗਵਾਈ ਕੀਤੀ ਜਿਸਨੇ ਨਸ਼ਾ ਤਸਕਰੀ ਦੇ ਇਲਜ਼ਾਮਾਂ ਵਿੱਚ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਤੋਂ ਪੁੱਛਗਿੱਛ ਕੀਤੀ ਸੀ।
ਪਰ ਹੁਣ ਉਹ ਖ਼ੁਦ ਰਿਸ਼ਵਤਖੋਰੀ ਦੇ ਮਾਮਲੇ 'ਚ ਬੁਰੀ ਤਰ੍ਹਾਂ ਫਸ ਗਏ ਹਨ। ਸੀਬੀਆਈ ਨੂੰ ਡੀਆਈਜੀ ਹਰਚਰਨ ਭੁੱਲਰ ਵਿਰੁੱਧ ਭ੍ਰਿਸ਼ਟਾਚਾਰ ਨਾਲ ਜੁੜੀਆਂ ਸ਼ਿਕਾਇਤਾਂ ਮਿਲੀਆਂ ਸਨ — ਜਿਸ ਵਿੱਚ ਅਹੁਦੇ ਦੀ ਦੁਰਵਰਤੋਂ ਅਤੇ ਗਲਤ ਲੈਣ-ਦੇਣ ਦੇ ਦੋਸ਼ ਲੱਗੇ ਸੀ। ਇਨ੍ਹਾਂ ਸ਼ਿਕਾਇਤਾਂ ਦੇ ਆਧਾਰ ’ਤੇ ਹੀ ਸੀਬੀਆਈ ਚੰਡੀਗੜ੍ਹ ਨੇ ਜਾਂਚ ਸ਼ੁਰੂ ਕੀਤੀ ਅਤੇ ਉਹਨਾਂ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਫੜਿਆ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login