328 ਪਾਵਨ ਸਰੂਪਾਂ ਦੇ ਮਾਮਲੇ ’ਚ ਸੰਸਥਾ ਤਰਫੋਂ ਸਥਿਤੀ ਸਪੱਸ਼ਟ ਕਰਦੇ ਹੋਏ ਸ਼੍ਰੋਮਣੀ ਕਮੇਟੀ ਅਧਿਕਾਰੀ / Courtesy Photo
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਮਾਮਲੇ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਪੱਸ਼ਟ ਕੀਤਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਪੁਲਿਸ ਪ੍ਰਸ਼ਾਸਨ ਨੂੰ ਕਿਸੇ ਤਰ੍ਹਾਂ ਦਾ ਸਹਿਯੋਗ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਕੋਈ ਰਿਕਾਰਡ ਮੁਹੱਈਆ ਕਰਵਾਇਆ ਜਾਵੇਗਾ। ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਦੀ ਅਗਵਾਈ ਵਿਚ ਹੋਈ ਅਧਿਕਾਰੀਆਂ ਦੀ ਮੀਟਿੰਗ ਮਗਰੋਂ ਜਾਰੀ ਬਿਆਨ ਵਿਚ ਸਮੁੱਚੇ ਮਾਮਲੇ ’ਤੇ ਸਿੱਖ ਸੰਸਥਾ ਦਾ ਪੱਖ ਸਪੱਸ਼ਟ ਕਰਦਿਆਂ ਕਿਹਾ ਗਿਆ ਕਿ ਜਿਹੜੇ ਇਸ ਮਾਮਲੇ ਵਿਚ ਦੋਸ਼ੀ ਮੁਲਾਜ਼ਮ ਸਨ, ਉਨ੍ਹਾਂ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜਾਂਚ ਰਿਪੋਰਟ ਅਨੁਸਾਰ ਸ਼੍ਰੋਮਣੀ ਕਮੇਟੀ ਵੱਲੋਂ ਕਾਰਵਾਈ ਮੁਕੰਮਲ ਕੀਤੀ ਜਾ ਚੁੱਕੀ ਹੈ। ਇਸ ਮਾਮਲੇ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਆਦੇਸ਼ ਸਿੱਖ ਸੰਸਥਾ ਲਈ ਅੰਤਮ ਹੈ, ਜਿਸ ਅਨੁਸਾਰ ਸਰਕਾਰ ਨੂੰ ਕੋਈ ਸਹਿਯੋਗ ਨਹੀਂ ਦਿੱਤਾ ਜਾ ਸਕਦਾ।
ਸ਼੍ਰੋਮਣੀ ਕਮੇਟੀ ਦੇ ਸਕੱਤਰ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਭੇਟਾ ਨਿੱਜੀ ਹਿੱਤਾਂ ਲਈ ਵਰਤਣ ਅਤੇ ਰਿਕਾਰਡ ਵਿਚ ਹੇਰ-ਫੇਰ ਕਰਨ ਵਾਲੇ ਸਿੱਧੇ ਤੌਰ ’ਤੇ ਤਿੰਨ ਮੁਲਾਜ਼ਮ ਸ. ਕੰਵਲਜੀਤ ਸਿੰਘ, ਸ. ਬਾਜ ਸਿੰਘ ਤੇ ਸ. ਦਲਬੀਰ ਸਿੰਘ ਸਨ। ਇਨ੍ਹਾਂ ਨੇ ਆਪਣੀ ਲਾਲਸਾ ਖ਼ਾਤਿਰ ਸ਼੍ਰੋਮਣੀ ਕਮੇਟੀ ਦੇ ਸਮੁੱਚੇ ਪ੍ਰਬੰਧ ਨੂੰ ਹੀ ਬਦਨਾਮ ਕੀਤਾ। ਸ਼੍ਰੋਮਣੀ ਕਮੇਟੀ ਦੇ ਵਿਧਾਨ ਅਨੁਸਾਰ ਜਦੋਂ ਸ਼ਰਧਾਲੂ ਜਾਂ ਗੁਰਦੁਆਰਾ ਕਮੇਟੀਆਂ ਪਾਵਨ ਸਰੂਪਾਂ ਦੀ ਮੰਗ ਕਰਦੇ ਹਨ ਤਾਂ ਨਿਯਮਾਂ ਅਨੁਸਾਰ ਪ੍ਰਚਾਰਕ ਦੀ ਪੜਤਾਲ ਰਿਪੋਰਟ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸਿਫਾਰਸ਼ ਬਾਅਦ ਸਕੱਤਰ ਪੱਧਰ ਦੇ ਅਧਿਕਾਰੀ ਵੱਲੋਂ ਪ੍ਰਵਾਨਗੀ ਦਿੱਤੀ ਜਾਂਦੀ ਹੈ। ਇਸ ਬਾਅਦ ਪਾਵਨ ਸਰੂਪ ਦੇਣ ਸਮੇਂ ਭੇਟਾ ਜਮ੍ਹਾਂ ਕਰਕੇ ਰਸੀਦ ਕੱਟੀ ਜਾਂਦੀ ਹੈ ਅਤੇ ਉਸ ਨੂੰ ਰਿਕਾਰਡ ਵਿਚ ਦਰਜ ਕੀਤਾ ਜਾਂਦਾ ਹੈ। ਇਸ ਪ੍ਰਕਿਰਿਆ ਨੂੰ ਨਜ਼ਰਅੰਦਾਜ਼ ਕਰਕੇ ਇਹ ਜ਼ੁੰਮੇਵਾਰੀ ਪਬਲੀਕੇਸ਼ਨ ਵਿਭਾਗ ਵਿਖੇ ਤਾਇਨਾਤ ਤਤਕਾਲੀ ਮੁਲਾਜ਼ਮਾਂ ਨੇ ਨਹੀਂ ਨਿਭਾਈ। ਇਸ ਤਰ੍ਹਾਂ ਉਹ ਸਿੱਧੇ ਤੌਰ ’ਤੇ ਦੋਸ਼ੀ ਹੋਣ ਕਰਕੇ ਹੀ ਉਨ੍ਹਾਂ ਉੱਪਰ ਸਖ਼ਤ ਕਾਰਵਾਈ ਕੀਤੀ ਗਈ ਅਤੇ ਇਸ ਦੇ ਨਾਲ ਹੀ ਕਈ ਵੱਡੇ ਅਧਿਕਾਰੀਆਂ ਨੂੰ ਪ੍ਰਬੰਧਕੀ ਤੌਰ ’ਤੇ ਕਾਰਵਾਈ ਦਾ ਸਾਹਮਣਾ ਕਰਨਾ ਪਿਆ।
ਉਨ੍ਹਾਂ ਕਿਹਾ ਕਿ ਸਿੱਖ ਸੰਸਥਾ ਸਿੱਖ ਗੁਰਦੁਆਰਾ ਐਕਟ ਦੀ ਭਾਵਨਾ ਅਨੁਸਾਰ ਕਾਰਜ ਕਰਦੀ ਹੈ ਅਤੇ ਇਸ ਦੌਰਾਨ ਕੰਮ ਕਰਨ ਵਾਲੇ ਹਰ ਮੁਲਾਜ਼ਮ ਦੀ ਆਪਣੀ ਨਿਰਧਾਰਤ ਜ਼ੁੰਮੇਵਾਰੀ ਹੈ। ਜੇਕਰ ਉਸ ਵਿਚ ਕੋਈ ਅਵੱਗਿਆ ਕਰਦਾ ਹੈ ਤਾਂ ਉਸ ਖਿਲਾਫ਼ ਸਰਵਿਸ ਨਿਯਮਾਂ ਅਨੁਸਾਰ ਵਿਭਾਗੀ ਕਾਰਵਾਈ ਕਰਨੀ ਸੰਸਥਾ ਦਾ ਆਪਣਾ ਅਧਿਕਾਰ ਹੈ।
ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਪੰਜਾਬ ਸਰਕਾਰ ਚਲਾ ਰਹੀ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਕੀਤੀ ਜਾ ਰਹੀ ਨਿਰਆਧਾਰ ਬਿਆਨਬਾਜ਼ੀ ਨੂੰ ਵੀ ਸਿੱਖ ਸੰਸਥਾ ਨੂੰ ਜਾਣਬੁਝ ਕੇ ਬਦਨਾਮ ਕਰਨ ਵਾਲੀ ਹਰਕਤ ਕਰਾਰ ਦਿੱਤਾ। ਸ. ਪ੍ਰਤਾਪ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪੂਰੀ ਸਿੱਖ ਕੌਮ ਦੀ ਆਪਣੀ ਹੈ, ਜਿਸ ਪ੍ਰਤੀ ਝੂਠਾ ਪ੍ਰਾਪੇਗੰਡਾ ਸਿੱਖਾਂ ਦੀ ਇਕ ਮਾਣਮਤੀ ਸੰਸਥਾ ਨੂੰ ਸੱਟ ਮਾਰਨ ਵਾਲਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸੰਗਤ ਨੂੰ ਨਿਰਧਾਰਤ ਨਿਯਮਾਂ ਅਨੁਸਾਰ ਦਿੱਤੇ ਜਾਂਦੇ ਹਨ।
ਵੱਖ-ਵੱਖ ਸਮੇਂ ’ਤੇ ਪਬਲੀਕੇਸ਼ਨ ਵਿਭਾਗ ਵਿਖੇ ਬਤੌਰ ਇੰਚਾਰਜ ਅਤੇ ਮੀਤ ਸਕੱਤਰ ਸੇਵਾ ਨਿਭਾਉਣ ਵਾਲੇ ਸ. ਗੁਰਿੰਦਰ ਸਿੰਘ, ਸ, ਗੁਰਨਾਮ ਸਿੰਘ ਅਤੇ ਸ. ਮਨਜੀਤ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਪਾਵਨ ਸਰੂਪ ਦੇਣ ਲਈ ਡਾਇਰੀ ਜਾਂ ਪਰਚੀ ਦੀ ਕੋਈ ਵੀ ਵਿਵਸਥਾ ਨਹੀਂ ਹੈ। ਪਾਵਨ ਸਰੂਪਾਂ ਦੀ ਲਿਖਾਪੜ੍ਹੀ ਵਿਭਾਗੀ ਲੈਜਰਾਂ ਵਿਚ ਹੀ ਕੀਤੀ ਜਾਂਦੀ ਹੈ ਅਤੇ ਭੇਟਾ ਦੀ ਰਸੀਦ ਕੱਟੀ ਜਾਂਦੀ ਹੈ।
ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਅਪੀਲ ਕੀਤੀ ਕਿ ਸ਼੍ਰੋਮਣੀ ਕਮੇਟੀ ਨੂੰ ਸਰਕਾਰ ਸਿੱਧੇ ਤੌਰ ’ਤੇ ਨਿਸ਼ਾਨੇ ’ਤੇ ਲੈਣ ਤੋਂ ਗੁਰੇਜ ਕਰੇ ਕਿਉਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕਰਵਾਈ ਗਈ ਜਾਂਚ ਅਨੁਸਾਰ ਇਸ ਸੰਜੀਦਾ ਮਾਮਲੇ ’ਤੇ ਸਿੱਖ ਸੰਸਥਾ ਵੱਲੋਂ ਆਪਣੀ ਕਾਰਵਾਈ ਕਰਨ ਮੌਕੇ ਕੋਈ ਢਿੱਲ ਨਹੀਂ ਵਰਤੀ ਗਈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login