ADVERTISEMENT

ADVERTISEMENT

ਗੁਰਦੁਆਰਾ ਸ੍ਰੀ ਅੰਬ ਸਾਹਿਬ ਮੋਹਾਲੀ ਨਾਲ ਸਬੰਧਤ ਜ਼ਮੀਨ ਦੀ ਵਿਕਰੀ ਧੋਖਾਧੜੀ ਨਾਲ ਕਰਨ ਦੇ ਮਾਮਲੇ ’ਚ ਮੈਨੇਜਰ ਮੁਅੱਤਲ, ਹੋਵੇਗੀ ਕਾਨੂੰਨੀ ਕਾਰਵਾਈ

ਐਡਵੋਕਟ ਧਾਮੀ ਵੱਲੋਂ ਸਮੂਹ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਡਿਊਟੀ ਇਮਾਨਦਾਰੀ ਨਾਲ ਕਰਨ ਦੀ ਤਾੜਨਾ

ਐਡਵੋਕਟ ਧਾਮੀ ਵੱਲੋਂ ਸਮੂਹ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਡਿਊਟੀ ਇਮਾਨਦਾਰੀ ਨਾਲ ਕਰਨ ਦੀ ਤਾੜਨਾ / Courtesy

ਗੁਰਦੁਆਰਾ ਸ੍ਰੀ ਅੰਬ ਸਾਹਿਬ ਪਾਤਸ਼ਾਹੀ ਸੱਤਵੀਂ ਲੰਬੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੀ ਪਿੰਡ ਸੈਣੀਮਾਜਰਾ (ਪ੍ਰੇਮਗੜ੍ਹ) ਵਿਖੇ ਪੈਂਦੀ 1 ਵਿਘਾ, 6 ਵਿਸਬੇ, 10 ਵਿਸਬਾਸੀਆਂ ਜ਼ਮੀਨ ਅਮਾਨਤ ਵਿੱਚ ਖਿਆਨਤ ਤੇ ਧੋਖਾਧੜੀ ਕਰਕੇ ਫ਼ਰਜ਼ੀ ਢੰਗ ਨਾਲ ਵੇਚਣ ਦੇ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਕਾਰਵਾਈ ਕਰਦਿਆਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਰਜਿੰਦਰ ਸਿੰਘ ਨੂੰ ਮੁਅੱਤਲ ਕਰਨ ਦੇ ਨਾਲ-ਨਾਲ ਮੈਨੇਜਰ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦਾ ਆਦੇਸ਼ ਕੀਤਾ ਹੈ। ਜੇਕਰ ਮੈਨੇਜਰ ਤੋਂ ਇਲਾਵਾ ਕਿਸੇ ਹੋਰ ਵਿਅਕਤੀ ਦੀ ਵੀ ਇਸ ਮਾਮਲੇ ਵਿੱਚ ਸ਼ਮੂਲੀਅਤ ਪਾਈ ਜਾਂਦੀ ਹੈ ਤਾਂ ਉਨ੍ਹਾਂ ਵਿਰੁੱਧ ਵੀ ਵਿਭਾਗੀ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਵਿੱਚ ਵਧੇਰੀ ਜਾਂਚ ਲਈ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ’ਤੇ ਅਧਾਰਤ ਇੱਕ ਕਮੇਟੀ ਬਣਾਈ ਗਈ ਹੈ ਅਤੇ ਮੈਨੇਜਰ ਵੱਲੋਂ ਕਰਵਾਈ ਗਈ ਰਜਿਸਟਰੀ ਨੂੰ ਰੱਦ ਕਰਨ ਦੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ।

ਇਸ ਮਾਮਲੇ ਸਬੰਧੀ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਚੰਡੀਗੜ੍ਹ ਉਪ-ਦਫ਼ਤਰ ਵਿਖੇ ਪ੍ਰੈਸ ਵਾਰਤਾ ਦੌਰਾਨ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਕਿਸੇ ਵੀ ਅਧਿਕਾਰੀ ਜਾਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਨੂੰ ਇਹ ਅਧਿਕਾਰ ਨਹੀਂ ਹੈ ਕਿ ਉਹ ਆਪਣੇ ਪੱਧਰ ਉੱਤੇ ਗੁਰੂ ਘਰ ਨਾਲ ਸਬੰਧਤ ਕਿਸੇ ਜਾਇਦਾਦ ਨੂੰ ਵੇਚ ਸਕੇ। ਉਨ੍ਹਾਂ ਕਿਹਾ ਕਿ ਜੇਕਰ ਸਿੱਖ ਸੰਸਥਾ ਨੇ ਕੋਈ ਜ਼ਮੀਨ ਵੇਚਣੀ ਜਾਂ ਖਰੀਦਣੀ ਹੋਵੇ ਤਾਂ ਇਹ ਕਾਰਵਾਈ ਬਾਕਾਇਦਾ ਨਿਯਮਾਂ ਅਨੁਸਾਰ ਅੰਤ੍ਰਿੰਗ ਕਮੇਟੀ ਦੀ ਪ੍ਰਵਾਨਗੀ ਤੋਂ ਬਾਅਦ ਸਬੰਧਤ ਗੁਰਦੁਆਰਾ ਸਾਹਿਬ ਦੀ ਜਾਇਦਾਦ ਸਬ-ਕਮੇਟੀ ਰਾਹੀਂ ਹੀ ਕੀਤੀ ਜਾ ਸਕਦੀ ਹੈ। 

ਐਡਵੋਕਟ ਧਾਮੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਵਧੇਰੀ ਵਿਭਾਗੀ ਜਾਂਚ ਪੜਤਾਲ ਲਈ ਇੱਕ ਪੰਜ-ਮੈਂਬਰੀ ਕਮੇਟੀ ਬਣਾਈ ਗਈ ਹੈ ਜਿਸ ਵਿੱਚ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਬੀਬੀ ਹਰਜਿੰਦਰ ਕੌਰ, ਮੁੱਖ ਸਕੱਤਰ. ਕੁਲਵੰਤ ਸਿੰਘ ਮੰਨਣ, ਮੈਂਬਰ ਚਰਨਜੀਤ ਸਿੰਘ ਕਾਲੇਵਾਲ, ਸੁਰਜੀਤ ਸਿੰਘ ਭਿੱਟੇਵੱਡ ਅਤੇ ਪਰਮਜੀਤ ਸਿੰਘ ਲੱਖੇਵਾਲ ਨੂੰ ਸ਼ਾਮਲ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਗੁਰਦੁਆਰਾ ਸ੍ਰੀ ਅੰਬ ਸਾਹਿਬ ਮੋਹਾਲੀ ਦੇ ਮੈਨੇਜਰ ਸ. ਰਜਿੰਦਰ ਸਿੰਘ ਨੇ ਬਿਨਾਂ ਕਿਸੇ ਦਫ਼ਤਰੀ ਪ੍ਰਵਾਨਗੀ ਦੇ ਗੁਰਦੁਆਰਾ ਸ੍ਰੀ ਅੰਬ ਸਾਹਿਬ ਦੀ ਪਿੰਡ ਸੈਣੀਮਾਜਰਾ ਵਿੱਚ ਇਹ ਜ਼ਮੀਨ 4 ਖਰੀਦਦਾਰਾਂ ਨੂੰ ਵਿਕਰੀ ਕੀਤੀ ਹੈ, ਜਿਸ ਦੀ ਰਜਿਸਟਰੀ 02 ਦਸੰਬਰ 2025 ਨੂੰ ਵੱਖ-ਵੱਖ ਲੋਕਾਂ ਦੇ ਨਾਮ ਧੋਖੇ ਨਾਲ ਕਰ ਦਿੱਤੀ ਗਈ।

ਇਹ ਮਾਮਲਾ ਦਫ਼ਤਰ ਦੇ ਧਿਆਨ ਵਿੱਚ ਆਉਣ ’ਤੇ ਇਸ ਦੀ ਤੁਰੰਤ ਪੜਤਾਲ ਕਰਵਾਈ ਗਈ ਹੈ। ਮੁੱਢਲੀ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਗੁਰਦੁਆਰਾ ਸਾਹਿਬ ਦੇ ਮੈਨੇਜਰ ਸ. ਰਜਿੰਦਰ ਸਿੰਘ ਵੱਲੋਂ ਅਧਿਕਾਰ ਪ੍ਰਾਪਤ ਕਰਨ ਲਈ ਦਫ਼ਤਰ ਦੇ ਲੈਟਰਪੈਡ ਤੇ ਖੁਦ ਇੱਕ ਜਾਅਲੀ ਚਿੱਠੀ ਤਿਆਰ ਕੀਤੀ ਗਈ ਹੈ, ਜੋ ਇਹ ਖੁਦ ਲਿਖਤੀ ਤੌਰ ਉੱਤੇ ਮੰਨਿਆ ਵੀ ਹੈ। ਮੈਨੇਜਰ ਰਜਿੰਦਰ ਸਿੰਘ ਵੱਲੋਂ 4 ਖਰੀਦਦਾਰਾਂ ਨੂੰ ਵਿਕਰੀ ਕਰਕੇ ਇਸ ਬਦਲੇ 1 ਕਰੋੜ 32 ਲੱਖ ਰੁਪਏ ਦੇ ਚਾਰ ਚੈੱਕ ਲਏ ਗਏ, ਜੋ ਆਪਣੇ ਨਿੱਜੀ ਖਾਤੇ ਵਿਚ ਕੈਸ਼ ਕਰਵਾਏ ਗਏ। ਉਨ੍ਹਾਂ ਕਿਹਾ ਕਿ ਇਹ ਵੀ ਪਤਾ ਲਗਾ ਹੈ ਕਿ ਰਜਿੰਦਰ ਸਿੰਘ ਨੇ ਇਸ ਤੋਂ ਇਲਾਵਾ ਵੀ ਕਰੋੜਾਂ ਰੁਪਏ ਵਸੂਲ ਕੀਤੇ ਹਨ, ਜਿਸ ਬਾਰੇ ਪੜਤਾਲੀਆ ਟੀਮ ਨੂੰ ਕੋਈ ਵੇਰਵਾ ਨਹੀਂ ਦਿੱਤਾ ਗਿਆ, ਜਿਸ ਦੀ ਜਾਂਚ ਜਾਰੀ ਹੈ।

ਉਨ੍ਹਾਂ ਕਿਹਾ ਕਿ ਗੁਰੂ ਘਰਾਂ ਦੀਆਂ ਅਮਾਨਤਾਂ ਵਿਚ ਖਿਆਨਤ ਕਰਨ ਵਾਲੇ ਕਿਸੇ ਵੀ ਕਰਮਚਾਰੀ ਤੇ ਅਧਿਕਾਰੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

Comments

Related

To continue...

Already have an account? Log in

Create your free account or log in