ਅਯੁੱਧਿਆ ਵਿੱਚ ਸ੍ਰੀ ਰਾਮ ਜਨਮਭੂਮੀ ਵਿਖੇ ਭਗਵਾਨ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦੇ ਸਮਾਗਮ ਦਾ ਸੱਦਾ ਪੱਤਰ ਮਿਲਣ ਦੇ ਬਾਵਜੂਦ ਸਿੱਖ ਆਗੂਆਂ ਜਥੇਦਾਰ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਉੱਥੇ ਨਹੀਂ ਗਏ। ਦੋਵੇਂ ਆਗੂਆਂ ਨੇ ਇੱਕ ਸਾਂਝਾ ਬਿਆਨ ਜਾਰੀ ਕਰਕੇ ਹਿੰਦੂ ਭਾਈਚਾਰੇ ਨੂੰ ਇਸ ਕਾਰਜ ਲਈ ਮੁਬਾਰਕ ਦਿੰਦਿਆਂ ਗੁਰਮਤਿ ਫਲਸਫੇ ਦੀ ਗੱਲ ਕੀਤੀ।
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਤੋਂ ਇੱਕ ਦਿਨ ਪਹਿਲਾਂ 21 ਜਨਵਰੀ ਨੂੰ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਭੇਜੇ ਗਏ ਸੱਦੇ ਪੱਤਰ ਲਈ ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟ੍ਰੱਸਟ ਦਾ ਧੰਨਵਾਦ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਦਸ ਗੁਰੂ ਸਾਹਿਬਾਨ ਦੁਆਰਾ ਬਖਸ਼ਿਸ਼ ਕੀਤੀ ਇਲਾਹੀ ਗੁਰਬਾਣੀ ਦੇ ਨਿਆਰੇ ਅਤੇ ਨਿਰਾਲੇ ਗੁਰਮਤਿ ਫਲਸਫੇ ਦੇ ਪੈਰੋਕਾਰ ਹੋਣ ਦੇ ਨਾਤੇ, ਸਰਬ-ਸਾਂਝੀਵਾਲਤਾ ਅਤੇ ਅੰਤਰ-ਧਰਮ ਸਦਭਾਵਨਾ ਦੇ ਮੁੱਦਈ ਬਣਦਿਆਂ, ਹਰੇਕ ਧਰਮ ਦੀਆਂ ਮਾਨਤਾਵਾਂ ਦਾ ਸਤਿਕਾਰ ਕਰਦੇ ਹਾਂ।
ਉਨ੍ਹਾਂ ਆਖਿਆ ਹੈ ਕਿ ਹਰੇਕ ਧਰਮ ਦੇ ਲੋਕਾਂ ਦੇ ਹਿਰਦਿਆਂ ਵਿਚ ਆਪਣੇ ਪੈਗੰਬਰ/ਅਵਤਾਰਾਂ ਦੇ ਪਾਵਨ ਚਰਨਛੋਹ ਪ੍ਰਾਪਤ ਅਸਥਾਨਾਂ ਦੀ ਵਿਸ਼ੇਸ਼ ਮਹਾਨਤਾ, ਅਜ਼ਮਤ ਅਤੇ ਆਸਥਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਹਰੇਕ ਨੂੰ ਆਪਣੀ ਆਸਥਾ ਅਤੇ ਪਵਿੱਤਰ ਵਿਸ਼ਵਾਸ ਮੁਬਾਰਕ ਹਨ ਅਤੇ ਅਸੀਂ ਕਾਮਨਾ ਕਰਦੇ ਹਾਂ ਕਿ ਵਿਸ਼ਵ ਵਿਚ ਧਾਰਮਿਕ ਸੁਤੰਤਰਤਾ, ਭਾਈਚਾਰਕ ਸਦਭਾਵਨਾ, ਅਮਨ-ਸ਼ਾਂਤੀ ਅਤੇ ਸਰਬ-ਸਾਂਝੀਵਾਲਤਾ ਕਾਇਮ ਹੋਵੇ, ਜਿਸ ਦੇ ਨਾਲ ਹਰੇਕ ਮਨੁੱਖ ਸੁਤੰਤਰ, ਸੁਰੱਖਿਅਤ ਅਤੇ ਨਿਰਭੈਅ ਹੋ ਕੇ ਆਪਣੇ ਧਾਰਮਿਕ ਰਹਿਬਰਾਂ ਦੀ ਸਿਮਰਤੀ ਵਿਚ ਇਕ-ਮਿਕ ਹੁੰਦਿਆਂ ਪਵਿੱਤਰ ਵਿਸ਼ਵਾਸਾਂ ਦੀ ਪਾਲਣਾ ਕਰ ਸਕੇ।
Comments
Start the conversation
Become a member of New India Abroad to start commenting.
Sign Up Now
Already have an account? Login