ADVERTISEMENT

ADVERTISEMENT

ਗਮਾਡਾ ਨੇ ਕੁਰਾਲੀ ਲਈ ਮਾਸਟਰ ਪਲਾਨ ਪ੍ਰਕਿਰਿਆ ਸ਼ੁਰੂ ਕੀਤੀ

ਕੁਰਾਲੀ ਸਮੇਤ 78 ਪਿੰਡਾਂ ਨੂੰ ਯੋਜਨਾਬੱਧ ਵਿਕਾਸ ਅਧੀਨ ਲਿਆਉਣ ਦੀ ਤਿਆਰੀ; ਲੋਕਾਂ ਤੋਂ 30 ਦਿਨਾਂ ਅੰਦਰ ਇਤਰਾਜ਼ ਅਤੇ ਸੁਝਾਅ ਮੰਗੇ

 ਕੁਰਾਲੀ ਲਈ ਮਾਸਟਰ ਪਲਾਨ ਕੁਰਾਲੀ ਲਈ ਮਾਸਟਰ ਪਲਾਨ / Photo Courtesy

ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਨੇ ਕੁਰਾਲੀ ਸ਼ਹਿਰ ਅਤੇ ਇਸ ਨਾਲ ਲੱਗਦੇ 78 ਪਿੰਡਾਂ ਨੂੰ ਮਾਸਟਰ ਪਲਾਨ ਵਿੱਚ ਸ਼ਾਮਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਖਰੜਾ ਤਿਆਰ ਕਰਕੇ ਜਨਤਕ ਸੂਚਨਾ ਜਾਰੀ ਕੀਤੀ ਗਈ ਹੈ ਅਤੇ ਆਮ ਲੋਕਾਂ ਤੋਂ 30 ਦਿਨਾਂ ਦੇ ਅੰਦਰ ਇਤਰਾਜ਼ ਅਤੇ ਸੁਝਾਅ ਮੰਗੇ ਗਏ ਹਨ।

 

ਗੌਰਤਲਬ ਹੈ ਕਿ ਗਮਾਡਾ ਨੇ ਸਾਲ 2009 ਵਿੱਚ ਐੱਸ.ਏ.ਐੱਸ. ਨਗਰ (ਮੁਹਾਲੀ), ਬਨੂੜ, ਜ਼ੀਰਕਪੁਰ, ਡੇਰਾਬੱਸੀ ਅਤੇ ਖਰੜ ਨੂੰ ਪਹਿਲਾਂ ਹੀ ਮਾਸਟਰ ਪਲਾਨ ਤਹਿਤ ਸ਼ਾਮਲ ਕਰ ਲਿਆ ਸੀ। ਹਾਲਾਂਕਿ ਕੁਰਾਲੀ ਅਤੇ ਇਸ ਨਾਲ ਲੱਗਦੇ 78 ਪਿੰਡ ਹੁਣ ਤੱਕ ਇਸ ਯੋਜਨਾ ਤੋਂ ਬਾਹਰ ਸਨ ਅਤੇ ਇਨ੍ਹਾਂ ਨੂੰ ਪੇਂਡੂ ਤੇ ਖੇਤੀਬਾੜੀ ਖੇਤਰ ਵਜੋਂ ਮੰਨਿਆ ਜਾਂਦਾ ਸੀ, ਜਿੱਥੇ ਮੁੱਖ ਤੌਰ 'ਤੇ ਖੇਤੀਬਾੜੀ ਅਤੇ ਸੀਮਤ ਗਤੀਵਿਧੀਆਂ ਦੀ ਹੀ ਇਜਾਜ਼ਤ ਸੀ।

 

ਗਮਾਡਾ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਖਰੜ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਤੇਜ਼ੀ ਨਾਲ ਹੋ ਰਹੇ ਸ਼ਹਿਰੀ ਵਿਕਾਸ ਦੇ ਦਬਾਅ ਨੂੰ ਘੱਟ ਕਰਨ ਲਈ ਕੁਰਾਲੀ ਅਤੇ ਇਸ ਨਾਲ ਲੱਗਦੇ ਪਿੰਡਾਂ ਨੂੰ ਵੀ ਮਾਸਟਰ ਪਲਾਨ ਅਧੀਨ ਲਿਆਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਤਹਿਤ ਨਗਰ ਕੌਂਸਲ ਕੁਰਾਲੀ ਅਤੇ 78 ਪਿੰਡਾਂ ਦਾ ਯੋਜਨਾਬੱਧ ਵਿਕਾਸ ਕੀਤਾ ਜਾਵੇਗਾ।

 

ਪੰਜਾਬ ਰੀਜਨਲ ਐਂਡ ਟਾਊਨ ਪਲਾਨਿੰਗ ਐਂਡ ਡਿਵੈਲਪਮੈਂਟ ਐਕਟ, 1995 ਦੀ ਧਾਰਾ 66 ਤਹਿਤ ਇਸ ਖੇਤਰ ਦੇ ਵਿਕਾਸ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਧਾਰਾ 57 ਅਧੀਨ ਗਮਾਡਾ ਨੂੰ ਯੋਜਨਾ ਏਜੰਸੀ ਐਲਾਨੇ ਜਾਣ ਤੋਂ ਬਾਅਦ ਕੁਰਾਲੀ ਅਤੇ ਆਸ-ਪਾਸ ਦੇ ਪਿੰਡਾਂ ਲਈ ਭੂਮੀ ਵਰਤੋਂ ਯੋਜਨਾ ਤਿਆਰ ਕਰਨ ਵਾਸਤੇ ਮਾਹਿਰ ਸਲਾਹਕਾਰਾਂ ਦੀਆਂ ਸੇਵਾਵਾਂ ਲਈਆਂ ਗਈਆਂ ਹਨ। ਹੁਣ ਧਾਰਾ 63(1) ਅਧੀਨ ਲੋਕਾਂ ਤੋਂ ਇਤਰਾਜ਼ ਅਤੇ ਸੁਝਾਅ ਮੰਗੇ ਗਏ ਹਨ।

 

ਮਾਸਟਰ ਪਲਾਨ ਲਾਗੂ ਹੋਣ ਨਾਲ ਇਸ ਖੇਤਰ ਵਿੱਚ ਰਿਹਾਇਸ਼ੀ, ਵਪਾਰਕ ਅਤੇ ਹੋਰ ਸ਼ਹਿਰੀ ਵਿਕਾਸ ਦੇ ਰਾਹ ਖੁੱਲ੍ਹ ਸਕਦੇ ਹਨ। ਇਸ ਨਾਲ ਜਿੱਥੇ ਜ਼ਮੀਨਾਂ ਦੀਆਂ ਕੀਮਤਾਂ ਵਿੱਚ ਵਾਧੇ ਦੀ ਸੰਭਾਵਨਾ ਹੈ, ਉੱਥੇ ਹੀ ਖੇਤੀਬਾੜੀ ਵਾਲੀ ਜ਼ਮੀਨ ਅਤੇ ਹਰਿਆਲੀ 'ਤੇ ਪ੍ਰਭਾਵ ਪੈਣ ਦੀ ਚਿੰਤਾ ਵੀ ਜਤਾਈ ਜਾ ਰਹੀ ਹੈ। ਕਈ ਲੋਕਾਂ ਦਾ ਮੰਨਣਾ ਹੈ ਕਿ ਵਿਕਾਸ ਦੇ ਨਾਲ-ਨਾਲ ਵਾਤਾਵਰਨ ਸੰਭਾਲ ਅਤੇ ਖੇਤੀਬਾੜੀ ਜ਼ਮੀਨ ਦੀ ਰੱਖਿਆ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ।

Comments

Leave A Comment

Required fields are marked (*).

Related

Talk to us?