ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਦਸਵੇਂ ਸਿੱਖ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜ਼ਰ ਕੌਰ ਅਤੇ ਬੇਅੰਤ ਸ਼ਹੀਦਾਂ ਦੀ ਯਾਦ ਵਿਚ 6 ਪੋਹ (21 ਦਸੰਬਰ) ਤੋਂ ਸ਼ੁਰੂ ਹੋਣ ਵਾਲੇ ਸ਼ਹੀਦੀ ਹਫਤੇ ਦੌਰਾਨ 13 ਪੋਹ (28 ਦਸੰਬਰ) ਤੱਕ ਸਮੁੱਚੀ ਸਿੱਖ ਕੌਮ ਅਤੇ ਸੰਗਤ ਨੂੰ ਵੱਧ ਤੋਂ ਵੱਧ ਗੁਰਬਾਣੀ ਜਾਪ ਕਰਨ, ਸਾਦਾ ਖਾਣ, ਸਾਦਾ ਪਹਿਰਾਵਾ ਰੱਖਣ ਅਤੇ ਘਰਾਂ ਵਿਚ ਰਹਿੰਦਿਆਂ ਸਾਦਗੀ ਧਾਰਨ ਕਰਨ ਦੀ ਅਪੀਲ ਕਰਦਿਆਂ ਮਨੁੱਖਤਾ ਦੀ ਸੰਸਾਰੀ ਤੇ ਆਤਮਿਕ ਬੰਦ-ਖਲਾਸੀ ਲਈ ਹੋਈਆਂ ਮਹਾਨ ਸ਼ਹਾਦਤਾਂ ਨੂੰ ਆਪਣੇ ਅਹਿਸਾਸ ਦਾ ਹਿੱਸਾ ਬਣਾਉਣ ਲਈ ਕਿਹਾ ਹੈ।
ਗਿਆਨੀ ਰਘਬੀਰ ਸਿੰਘ ਨੇ ਆਖਿਆ ਹੈ ਕਿ ਜਿਵੇਂ ਕਿ ਦੁਨੀਆ ਦੇ ਹਰੇਕ ਧਰਮ, ਕੌਮ ਲਈ ਕੁਝ ਦਿਨ ਮਹੱਤਵਪੂਰਨ ਹੁੰਦੇ ਹਨ, ਉਸੇ ਤਰ੍ਹਾਂ ਸਿੱਖ ਧਰਮ ਲਈ ਦੇਸੀ ਪੋਹ ਮਹੀਨੇ ਦੌਰਾਨ 21 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਦਾ ਹਫਤਾ ‘ਸ਼ਹੀਦੀ ਹਫਤੇ’ ਵਜੋਂ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਇਸ ਹਫਤੇ ਦੌਰਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਜਬਰ-ਜ਼ੁਲਮ ਦੇ ਖ਼ਿਲਾਫ ਧਰਮ ਯੁੱਧ ਤਹਿਤ ਸ੍ਰੀ ਗੁਰੂ ਤੇਗ ਬਹਾਦਰ ਦਾ ਵਸਾਇਆ ਹੋਇਆ ਨਗਰ ਸ੍ਰੀ ਅਨੰਦਪੁਰ ਸਾਹਿਬ ਛੱਡਣ, ਸਰਸਾ ਨਦੀ ’ਤੇ ਪਰਿਵਾਰ ਵਿਛੋੜਾ, ਚਮਕੌਰ ਸਾਹਿਬ ਦੀ ਜੰਗ ਵਿਚ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਹੋਰ ਬੇਅੰਤ ਸ਼ਹੀਦਾਂ ਅਤੇ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਦੀਆਂ ਲਾਸਾਨੀ ਸ਼ਹੀਦੀਆਂ ਹੋਈਆਂ, ਜਿਸ ਦੀ ਮਿਸਾਲ ਦੁਨੀਆ ਦੇ ਇਤਿਹਾਸ ਵਿਚ ਹੋਰ ਕਿਧਰੇ ਵੀ ਨਹੀਂ ਮਿਲਦੀ।
ਉਨ੍ਹਾਂ ਕਿਹਾ ਕਿ ਇਹ ਸ਼ਹਾਦਤਾਂ ਜ਼ਮੀਰ ਦੀ ਅਜ਼ਾਦੀ, ਮਨੁੱਖੀ ਅਧਿਕਾਰਾਂ, ਸਿੱਖੀ ਦੀ ਰੂਹਾਨੀ ਸੱਤਾ ਤੇ ਗੁਰਮਤਿ ਸਿਧਾਂਤਾਂ ਦੀ ਧੁਜਾ ਨੂੰ ਉੱਚਾ ਰੱਖਣ ਲਈ ਹੋਈਆਂ ਸਨ, ਜਿਸ ਕਰਕੇ ‘ਸ਼ਹੀਦੀ ਹਫ਼ਤੇ’ ਦੌਰਾਨ ਹਰੇਕ ਸਿੱਖ ਨੂੰ ਮਹਾਨ ਸ਼ਹੀਦਾਂ ਨੂੰ ਸ਼ਰਧਾ ਤੇ ਸਤਿਕਾਰ ਅਰਪਣ ਕਰਨ ਲਈ ਵੱਧ ਤੋਂ ਵੱਧ ਗੁਰਬਾਣੀ ਤੇ ਨਾਮ-ਸਿਮਰਨ ਦਾ ਅਭਿਆਸ ਕਰਨਾ ਚਾਹੀਦਾ ਹੈ। ਕਿਸੇ ਵੀ ਪ੍ਰਕਾਰ ਦੇ ਖੁਸ਼ੀ ਦੇ ਸਮਾਗਮ ਨਾ ਕੀਤੇ ਜਾਣ, ਗੁਰਦੁਆਰਿਆਂ ਦੇ ਲੰਗਰਾਂ ਅਤੇ ਘਰਾਂ ਵਿਚ ਮਿੱਠੇ ਪਕਵਾਨਾਂ ਤੋਂ ਗੁਰੇਜ਼ ਕਰਕੇ ਸਾਦਾ ਖਾਣਾ ਅਤੇ ਸਾਦਾ ਪਹਿਰਾਵਾ ਧਾਰਨ ਕੀਤਾ ਜਾਵੇ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਚਮਕੌਰ ਸਾਹਿਬ ਦੇ ਸ਼ਹੀਦੀ ਜੋੜ-ਮੇਲ ਅਤੇ ਫ਼ਤਿਹਗੜ੍ਹ ਸਾਹਿਬ ਦੀ ਸ਼ਹੀਦੀ ਸਭਾ ਵਿਚ ਜਾਣ ਵਾਲੇ ਨੌਜਵਾਨਾਂ ਨੂੰ ਹੁੱਲੜਬਾਜ਼ੀ ਅਤੇ ਟਰੈਕਟਰਾਂ-ਟਰਾਲੀਆਂ ਉੱਪਰ ਉੱਚੀ ਆਵਾਜ਼ ਵਿਚ ਸਪੀਕਰ ਲਾਉਣ ਤੋਂ ਗੁਰੇਜ਼ ਕਰਦਿਆਂ ਪੂਰਨ ਸ਼ਰਧਾ ਭਾਵਨਾ ਨਾਲ ਸ਼ਹੀਦਾਂ ਦੇ ਅਸਥਾਨਾਂ ’ਤੇ ਨਤਮਸਤਕ ਹੋਣ ਦੀ ਤਾਕੀਦ ਵੀ ਕੀਤੀ ਹੈ।
ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦੀ ਯਾਦ ’ਚ 28 ਦਸੰਬਰ ਨੂੰ ਹਰੇਕ ਗੁਰੂ ਨਾਨਕ ਨਾਮ ਲੇਵਾ ਨੂੰ ਦਸ ਮਿੰਟ ਮੂਲ-ਮੰਤਰ ਤੇ ਗੁਰ-ਮੰਤਰ ਦਾ ਜਾਪ ਕਰਨ ਦਾ ਸੰਦੇਸ਼
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਅਤੇ ਮਾਤਾ ਗੁਜਰ ਕੌਰ ਦੀ ਲਾਸਾਨੀ ਅਤੇ ਮਹਾਨ ਸ਼ਹਾਦਤ ਨੂੰ ਸੱਚੀ-ਸੁੱਚੀ ਸ਼ਰਧਾਂਜਲੀ ਭੇਟ ਕਰਨ ਲਈ ਹਰੇਕ ਗੁਰੂ ਨਾਨਕ ਨਾਮ ਲੇਵਾ ਸਿੱਖ ਨੂੰ 28 ਦਸੰਬਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਦਸ ਮਿੰਟ ਲਈ ਮੂਲ-ਮੰਤਰ ਅਤੇ ਗੁਰ-ਮੰਤਰ ਦਾ ਜਾਪ ਕਰਨ ਦਾ ਸੰਦੇਸ਼ ਦਿੱਤਾ ਹੈ।
ਅੱਜ ਜਾਰੀ ਬਿਆਨ ਵਿੱਚ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਦੀ ਲਾਸਾਨੀ ਸ਼ਹਾਦਤ ਸੰਸਾਰ ਭਰ ਉੱਤੇ ਸੱਚ ਅਤੇ ਧਰਮ ਦਾ ਪਰਚਮ ਉੱਚਾ ਰੱਖਣ ਅਤੇ ਹਰੇਕ ਪ੍ਰਾਣੀ ਨੂੰ ਆਪਣੀ ਜ਼ਮੀਰ ਦੀ ਅਜ਼ਾਦੀ ਮੁਤਾਬਕ ਜੀਣ ਦਾ ਅਧਿਕਾਰ ਦੇਣ ਲਈ ਹੋਈ ਸੀ। ਉਨ੍ਹਾਂ ਕਿਹਾ ਕਿ ਰਹਿੰਦੀ ਦੁਨੀਆ ਤੱਕ ਮਨੁੱਖੀ ਆਜ਼ਾਦੀ ਲਈ ਇਹ ਮਹਾਨ ਸ਼ਹਾਦਤਾਂ ਚਾਨਣ ਮੁਨਾਰਾ ਰਹਿਣਗੀਆਂ ਅਤੇ ਜਬਰ-ਜ਼ੁਲਮ ਦੇ ਖ਼ਿਲਾਫ਼ ਜੂਝਣ ਲਈ ਦੱਬੀ-ਕੁਚਲੀ ਹੋਈ ਮਾਨਵਤਾ ਦੇ ਅੰਦਰ ਵੀ ਬੀਰ-ਰਸ, ਜੋਸ਼ ਅਤੇ ਚੜ੍ਹਦੀਕਲਾ ਦਾ ਜਜ਼ਬਾ ਪੈਦਾ ਕਰਦੀਆਂ ਰਹਿਣਗੀਆਂ। ਦਿਨ 13 ਪੋਹ ਸੰਮਤ ਨਾਨਕਸ਼ਾਹੀ 555,ਮੁਤਾਬਕ 28 ਦਸੰਬਰ 2023 ਨੂੰ ਸੰਸਾਰ ਭਰ ਵਿਚ ਵੱਸਦੀਆਂ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਕੁਰਬਾਨੀ ਨੂੰ ਸ਼ਰਧਾ-ਸਤਿਕਾਰ ਭੇਟ ਕਰਨ ਲਈ ਸਵੇਰੇ 10 ਵਜੇ ਤੋਂ ਲੈ ਕੇ ਦਸ ਮਿੰਟ ਮੂਲ-ਮੰਤਰ ਅਤੇ ਗੁਰ-ਮੰਤਰ ਦਾ ਜਾਪ ਕਰਨ।
Comments
Start the conversation
Become a member of New India Abroad to start commenting.
Sign Up Now
Already have an account? Login