ADVERTISEMENT

ADVERTISEMENT

ਬਿਨਾਂ ਨਾਮ ਲਏ CM ਮਾਨ ਦਾ ਡੇਰਾ ਬਿਆਸ ਮੁਖੀ ‘ਤੇ ਨਿਸ਼ਾਨਾ, ਵਿਰੋਧੀਆਂ ਨੇ ਕੀਤੇ ਪਲਟਵਾਰ

ਮਾਨ ਨੇ ਐਕਸ 'ਤੇ ਲਿਖਿਆ ਕਿ ਜਦੋਂ ਇੱਕ ਹਵਾਲਾਤੀ ਨੂੰ ਮਿਲਣ ਆਉਣ ਵਾਲੇ ਲੋਕ ਖੁਦ 'ਜੱਜ' ਬਣ ਜਾਣ, ਤਾਂ ਅਦਾਲਤਾਂ ਨੂੰ ਸਿਰਫ਼ ਰੱਬ ਹੀ ਬਚਾ ਸਕਦਾ ਹੈ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ / Staff Reporter

ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਵਿਰੁੱਧ ਲੱਗੇ ਦੋਸ਼ਾਂ ਨੂੰ "ਝੂਠੇ ਅਤੇ ਬੇਬੁਨਿਆਦ" ਦੱਸਣ ਤੋਂ ਬਾਅਦ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਡੇਰਾ ਮੁਖੀ ‘ਤੇ ਸ਼ਬਦੀ ਹਮਲਾ ਕੀਤਾ।

ਬਾਬਾ ਢਿੱਲੋਂ ਦਾ ਨਾਮ ਲਏ ਬਿਨਾਂ, ਮਾਨ ਨੇ ਐਕਸ 'ਤੇ ਲਿਖਿਆ ਕਿ ਜਦੋਂ ਇੱਕ ਹਵਾਲਾਤੀ ਨੂੰ ਮਿਲਣ ਆਉਣ ਵਾਲੇ ਲੋਕ ਖੁਦ 'ਜੱਜ' ਬਣ ਜਾਣ, ਤਾਂ ਅਦਾਲਤਾਂ ਨੂੰ ਸਿਰਫ਼ ਰੱਬ ਹੀ ਬਚਾ ਸਕਦਾ ਹੈ। ਉਨ੍ਹਾਂ ਨੇ ਡੇਰਾ ਮੁਖੀ ਨੂੰ ਇੱਕ ਅਜਿਹਾ "ਮੁਲਾਕਾਤੀ" ਦੱਸਿਆ ਜੋ "ਜੱਜ ਵਾਂਗ ਵਿਵਹਾਰ" ਕਰ ਰਿਹਾ ਹੈ।



ਮਜੀਠੀਆ ਨਾਲ ਨਾਭਾ ਜੇਲ੍ਹ ਵਿੱਚ ਮੁਲਾਕਾਤ ਕਰਨ ਤੋਂ ਬਾਅਦ, ਜੋ ਕਿ ਪਿਛਲੇ ਚਾਰ ਮਹੀਨਿਆਂ ਵਿੱਚ ਉਨ੍ਹਾਂ ਦੀ ਦੂਜੀ ਮੁਲਾਕਾਤ ਸੀ, ਢਿੱਲੋਂ ਨੇ ਕਿਹਾ, "ਮੈਂ ਉਨ੍ਹਾਂ ਨਾਲ ਕੁਝ ਮਾਮਲਿਆਂ 'ਤੇ ਦੋਸਤਾਂ ਵਾਂਗ ਚਰਚਾ ਕੀਤੀ ਹੈ। ਮੈਂ ਜਨਤਕ ਤੌਰ 'ਤੇ ਸਭ ਕੁਝ ਨਹੀਂ ਦੱਸ ਸਕਦਾ, ਪਰ ਉਨ੍ਹਾਂ ਵਿਰੁੱਧ ਲੱਗੇ ਦੋਸ਼ ਝੂਠੇ ਹਨ।"

ਜ਼ਿਕਰਯੋਗ ਹੈ ਕਿ ਇਸ ਮੁਲਾਕਾਤ ਦੇ ਇੱਕ ਘੰਟੇ ਬਾਅਦ ਹੀ ਸੁਪਰੀਮ ਕੋਰਟ ਨੇ ਮਜੀਠੀਆ ਨੂੰ ਜ਼ਮਾਨਤ ਦੇ ਦਿੱਤੀ ਸੀ। ਮਜੀਠੀਆ ਨੂੰ ਪਿਛਲੇ ਸਾਲ ਜੂਨ ਵਿੱਚ ਵਿਜੀਲੈਂਸ ਬਿਊਰੋ ਨੇ ਨਸ਼ਿਆਂ ਦੀ ਕਮਾਈ ਨਾਲ ਸਬੰਧਤ 540 ਕਰੋੜ ਰੁਪਏ ਦੀ ਮਨੀ ਲਾਂਡਰਿੰਗ ਅਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ।

ਜਾਣਕਾਰੀ ਲਈ ਦਸ ਦਈਏ ਕਿ ਬਿਕਰਮ ਮਜੀਠੀਆ ਡੇਰਾ ਮੁਖੀ ਦੇ ਕਰੀਬੀ ਰਿਸ਼ਤੇਦਾਰ ਹਨ। ਡੇਰਾ ਬਿਆਸ ਦੇ ਲੱਖਾਂ ਪੈਰੋਕਾਰ ਹਨ, ਜਿਸ ਕਾਰਨ ਸੂਬੇ ਦੀ ਰਾਜਨੀਤੀ ਵਿੱਚ ਡੇਰਾ ਮੁਖੀ ਦੇ ਬਿਆਨਾਂ ਦਾ ਵੱਡਾ ਪ੍ਰਭਾਵ ਹੁੰਦਾ ਹੈ। 

ਭਾਜਪਾ ਅਤੇ ਅਕਾਲੀ ਦਲ ਨੇ ਮੁੱਖ ਮੰਤਰੀ ਦੀ ਪੋਸਟ ਨੂੰ ਮੰਦਭਾਗਾ ਦੱਸਿਆ ਹੈ। ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਮਾਨ ਦੀ ਪੋਸਟ ਭਾਰਤੀ ਸੰਵਿਧਾਨ ਅਤੇ ਪਵਿੱਤਰ ਸੰਸਥਾਵਾਂ ਨੂੰ ਸਿੱਧੀ ਚੁਣੌਤੀ ਹੈ। ਕਲੇਰ ਨੇ ਕਿਹਾ ਕਿ ਹੈ ਕਿ ਮੁੱਖ ਮੰਤਰੀ ਨੇ ਨਾ ਸਿਰਫ਼ ਦੇਸ਼ ਦੇ ਸੁਪਰੀਮ ਕੋਰਟ 'ਤੇ ਸਵਾਲ ਖੜ੍ਹੇ ਕਰ ਕੇ ਅਦਾਲਤ ਦੀ ਤੌਹੀਨ ਕੀਤੀ ਹੈ, ਸਗੋਂ ਸਤ-ਪੁਰਸ਼ਾਂ ਦੇ ਖ਼ਿਲਾਫ਼ ਵੀ ਟਿੱਪਣੀ ਕੀਤੀ ਹੈ। ਕਲੇਰ ਨੇ ਕਿਹਾ ਕਿ ਇਹੀ ਸੁਪਰੀਮ ਕੋਰਟ ਜਦੋਂ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਜਾਂ ਸਤਿੰਦਰ ਜੈਨ ਨੂੰ ਜ਼ਮਾਨਤ ਦਿੰਦੀ ਹੈ ਤਾਂ ਇਹ ਕਹਿੰਦੇ ਹਨ ਕਿ 'ਸੱਚਾਈ ਦੀ ਜਿੱਤ ਹੋਈ ਹੈ', 'ਸੰਵਿਧਾਨ ਬਚ ਗਿਆ' ਤੇ ਜਦੋਂ ਉਹੀ ਸੁਪਰੀਮ ਕੋਰਟ ਪੰਜਾਬ ਸਰਕਾਰ ਵੱਲੋਂ ਸਿਆਸੀ ਰੰਜਿਸ਼ ਤਹਿਤ ਵਿਰੋਧੀਆਂ 'ਤੇ ਦਰਜ ਕੀਤੇ ਝੂਠੇ ਮੁਕੱਦਮਿਆਂ 'ਤੇ ਟਿੱਪਣੀ ਕਰ ਦੇਵੇ ਤਾਂ ਕਹਿੰਦੇ ਹਨ ਕਿ 'ਅਦਾਲਤਾਂ ਦਾ ਰੱਬ ਹੀ ਰਾਖਾ ਹੈ'। 



ਜਿੱਥੇ ਪਹਿਲਾਂ ਅਕਾਲੀ ਦਲ ਵਲੋਂ ਮੁੱਖ ਮੰਤਰੀ ਦੇ ਬਿਆਨ 'ਤੇ ਪਲਟਵਾਰ ਕੀਤਾ ਗਿਆ ਸੀ, ਉੱਥੇ ਹੀ ਹੁਣ ਭਾਜਪਾ ਵੀ ਮੁੱਖ ਮੰਤਰੀ ਦੇ ਬਿਆਨ ਖ਼ਿਲਾਫ਼ ਉਤਰ ਆਈ ਹੈ। ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ 'ਤੇ ਤੰਜ ਕੱਸਣ ਨੂੰ ਲੈ ਕੇ ਮੁੱਖ ਮੰਤਰੀ ਮਾਨ 'ਤੇ ਵੱਡਾ ਹਮਲਾ ਕੀਤਾ ਹੈ। ਸੁਨੀਲ ਜਾਖੜ ਨੇ ਐਕਸ 'ਤੇ ਲਿਖਿਆ-'ਸਾਧੂ ਬੋਲੇ ਸਹਿਜ ਸੁਭਾਅ, ਸਾਧ ਕਾ ਕਿਹਾ ਬਿਰਥਾ ਨਾਂ ਜਾਏ।' ਇਨ੍ਹਾਂ ਲਾਈਨਾਂ ਦਾ ਮਤਲਬ ਹੈ ਕਿ ਜਿਹੜੇ ਸਾਧੂ ਹੁੰਦੇ ਹਨ, ਉਹ ਸਹਿਜ ਸੁਭਾਅ ਬੋਲਦੇ ਹਨ ਅਤੇ ਉਨ੍ਹਾਂ ਦਾ ਵਚਨ ਖ਼ਾਲੀ ਨਹੀਂ ਜਾਂਦਾ। ਇਨ੍ਹਾਂ ਧਾਰਮਿਕ ਲਾਈਨਾਂ ਰਾਹੀਂ ਸੁਨੀਲ ਜਾਖੜ ਨੇ ਮੁੱਖ ਮੰਤਰੀ ਦੇ ਬਿਆਨ 'ਤੇ ਪਲਟਵਾਰ ਕੀਤਾ ਹੈ।

ਪੰਜਾਬ ਭਾਜਪਾ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਕਸ ’ਤੇ ਲਿਖਿਆ ਗਿਆ ਕਿ “ਕੱਲ੍ਹ ਬਣ ਜਾਣ ਭਾਵੇਂ ਅੱਜ ਬਣ ਜਾਣ, ਅਦਾਲਤਾਂ ਦਾ ਓਥੇ ਰੱਬ ਰਾਖਾ, ਜਿੱਥੇ ਮੁਲਾਕਾਤੀ ਹੀ ਜੱਜ ਬਣ ਜਾਣ।“ ਉਨ੍ਹਾਂ ਕਿਹਾ ਕਿ ਇਨ੍ਹਾਂ ਦੀਆਂ ਟਿੱਪਣੀਆਂ ਨਾਲ ਕਰੋੜਾਂ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ  ਹੈ। ਮਨੋਰੰਜਨ ਕਾਲੀਆ ਨੇ ਕਿਹਾ ਕਿ ਉਹ ਮੁੱਖ ਮੰਤਰੀ ਦੇ ਬਿਆਨਾਂ ਦੀ ਸਖ਼ਤ ਨਿਖੇਧੀ ਕਰਦੇ ਹਨ ਅਤੇ ਮੰਗ ਕੀਤੀ ਕਿ ਉਨ੍ਹਾਂ ਨੂੰ ਸ਼ਰਧਾਲੂਆਂ ਕੋਲੋਂ ਮੁਆਫ਼ੀ ਮੰਗਣੀ ਚਾਹੀਦੀ ਹੈ। 



ਮੁੱਖ ਮੰਤਰੀ ਦੇ ਇਸ ਟਵੀਟ ਦੀ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵਲੋਂ ਸਖ਼ਤ ਸ਼ਬਦਾਂ 'ਚ ਨਿਖ਼ੇਧੀ ਕੀਤੀ ਗਈ ਹੈ। ਰਵਨੀਤ ਬਿੱਟੂ ਨੇ ਐਕਸ 'ਤੇ ਪੋਸਟ ਪਾ ਕੇ ਕਿਹਾ ਹੈ ਕਿ ਮੁੱਖ ਮੰਤਰੀ ਵਲੋਂ ਸਤਿਕਾਰ ਦੀ ਹੱਦ ਪਾਰ ਕਰਨਾ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਲੋਕ ਮੁੱਖ ਮੰਤਰੀ ਦੇ ਬਿਆਨ ਦਾ ਬੁਰਾ ਮੰਨ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ, ਭਾਜਪਾ ਅਤੇ ਕਾਂਗਰਸ ਦੇ ਵੀ ਬਹੁਤ ਸਾਰੇ ਆਗੂ ਅਤੇ ਵਰਕਰ ਬਾਬਾ ਜੀ ਦਾ ਆਸ਼ੀਰਵਾਦ ਲੈਣ ਜਾਂਦੇ ਹਨ।

ਬਿੱਟੂ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਵਲੋਂ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਪ੍ਰਤੀ ਦਿੱਤੀ ਗਈ ਟਿੱਪਣੀ ਬੇਹੱਦ ਨਿੰਦਣਯੋਗ ਹੈ। ਅਜਿਹੀ ਬਿਆਨਬਾਜ਼ੀ ਨੇ ਨਾ ਸਿਰਫ ਸੰਗਤ ਦੀਆਂ ਭਾਵਨਾਵਾਂ ਨੂੰ ਵਲੂੰਧਰਿਆਂ ਹੈ, ਸਗੋਂ ਮੁੱਖ ਮੰਤਰੀ ਨੇ ਆਪਣੇ ਉੱਚੇ ਅਹੁਦੇ ਦੀ ਮਰਿਆਦਾ ਨੂੰ ਵੀ ਠੇਸ ਪਹੁੰਚਾਈ ਹੈ।



Comments

Related