ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਅਤੇ ਸੰਯੁਕਤ ਅਰਬ ਅਮੀਰਾਤ ਦੇ ਮੁੱਖ ਸ਼ਹਿਰਾਂ ਵਿਚਕਾਰ ਸਿੱਧੀਆਂ ਹਵਾਈ ਉਡਾਣਾਂ ਦੇ ਦੁਬਾਰਾ ਬਹਾਲ ਹੋਣ ਦਾ ਸਵਾਗਤ ਕੀਤਾ ਹੈ। ਜ਼ਿਕਰਯੋਗ ਹੈ ਕਿ ਮਾਰਚ ਮਹੀਨੇ ਮੱਧ ਪੂਰਬ ਦੇ ਵੱਖ-ਵੱਖ ਮੁਲਕਾਂ ਵਿੱਚ ਵਧੇ ਤਣਾਅ ਅਤੇ ਹਵਾਈ ਖੇਤਰ ਦੇ ਬੰਦ ਹੋਣ ਕਾਰਨ ਇਹ ਉਡਾਣਾਂ ਪ੍ਰਭਾਵਿਤ ਹੋਈਆਂ ਸਨ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਫਲਾਈਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਹਵਾਈ ਖੇਤਰ ਵਿੱਚ ਸਥਿਰਤਾ ਆਉਣ ਤੋਂ ਬਾਅਦ ਅੰਤਰਰਾਸ਼ਟਰੀ ਹਵਾਈ ਕੰਪਨੀਆਂ ਆਪਣੀ ਸਮਾਂ-ਸੂਚੀ ਨੂੰ ਮੁੜ ਬਹਾਲ ਕਰ ਰਹੀਆਂ ਹਨ। ਏਅਰ ਇੰਡੀਆ ਐਕਸਪ੍ਰੈੱਸ ਨੇ ਅਪ੍ਰੈਲ ਵਿੱਚ ਅੰਮ੍ਰਿਤਸਰ-ਸ਼ਾਰਜਾਹ ਉਡਾਣਾਂ ਸ਼ੁਰੂ ਕਰਨ ਤੋਂ ਬਾਅਦ, ਹੁਣ 16 ਮਈ ਤੋਂ ਰੋਜ਼ਾਨਾ ਅੰਮ੍ਰਿਤਸਰ-ਦੁਬਈ ਉਡਾਣ ਵੀ ਮੁੜ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ, ਇੰਡੀਗੋ ਏਅਰਲਾਈਨ ਵੀ 20 ਮਈ ਤੋਂ ਅੰਮ੍ਰਿਤਸਰ-ਸ਼ਾਰਜਾਹ ਉਡਾਣਾਂ ਦੁਬਾਰਾ ਸ਼ੁਰੂ ਕਰਨ ਜਾ ਰਹੀ ਹੈ।
ਏਅਰ ਇੰਡੀਆ ਐਕਸਪ੍ਰੈੱਸ ਦੀ ਰੋਜ਼ਾਨਾ ਉਡਾਣ ਅੰਮ੍ਰਿਤਸਰ ਤੋਂ ਰਾਤ 02:20 ਵਜੇ ਰਵਾਨਾ ਹੋ ਕੇ ਸਵੇਰੇ 4:55 ਵਜੇ ਦੁਬਈ ਪਹੁੰਚਦੀ ਹੈ, ਅਤੇ ਵਾਪਸੀ 'ਤੇ ਦੁਬਈ ਤੋਂ ਸਵੇਰੇ 05:55 ਵਜੇ ਰਵਾਨਾ ਹੋ ਕੇ ਸਵੇਰੇ 11:40 ਵਜੇ ਅੰਮ੍ਰਿਤਸਰ ਉਤਰਦੀ ਹੈ। ਸ਼ਾਰਜਾਹ ਲਈ ਇੰਡੀਗੋ ਦੀ ਉਡਾਣ ਅੰਮ੍ਰਿਤਸਰ ਤੋਂ ਦੁਪਹਿਰ 12:15 ਵਜੇ ਰਵਾਨਾ ਹੋ ਕੇ 2:40 ਵਜੇ ਸ਼ਾਰਜਾਹ ਪਹੁੰਚੇਗੀ, ਜਦਕਿ ਏਅਰ ਇੰਡੀਆ ਐਕਸਪ੍ਰੈੱਸ ਦੁਪਹਿਰੇ 1:15 ਵਜੇ ਰਵਾਨਾ ਹੋ ਕੇ ਸ਼ਾਮ 4:05 ਵਜੇ ਸ਼ਾਰਜਾਹ ਪਹੁੰਚਦੀ ਹੈ। ਇਹਨਾਂ ਦੋਵਾਂ ਦੀ ਵਾਪਸੀ ਸ਼ਾਰਜਾਹ ਤੋਂ ਸ਼ਾਮੀਂ 5:05 ਵਜੇ ਦੀ ਹੈ, ਜੋ ਰਾਤ ਨੂੰ ਕ੍ਰਮਵਾਰ 10:45 ਅਤੇ 10:30 ਵਜੇ ਅੰਮ੍ਰਿਤਸਰ ਪਹੁੰਚਦੀਆਂ ਹਨ। ਗੁਮਟਾਲਾ ਨੇ ਇਸ ਨੂੰ ਪੰਜਾਬੀ ਪ੍ਰਵਾਸੀਆਂ, ਕਾਮਿਆਂ ਅਤੇ ਸੈਲਾਨੀਆਂ ਲਈ ਇੱਕ ਅਹਿਮ ਕਦਮ ਦੱਸਿਆ। ਉਹਨਾਂ ਕਿਹਾ, "ਦੁਬਈ ਅਤੇ ਸ਼ਾਰਜਾਹ ਦੇ ਰੂਟ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਟ੍ਰੈਫਿਕ ਦੀ ਰੀੜ੍ਹ ਦੀ ਹੱਡੀ ਹਨ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਹੁਣ ਸਥਿਤੀ ਸਥਿਰ ਰਹੇਗੀ।" ਹਾਲਾਂਕਿ, ਇਨੀਸ਼ੀਏਟਿਵ ਨੇ ਚਿੰਤਾ ਜ਼ਾਹਰ ਕੀਤੀ ਕਿ ਸਪਾਈਸਜੈੱਟ ਦੀਆਂ ਦੁਬਈ ਉਡਾਣਾਂ ਏਅਰਲਾਈਨ ਦੀ ਵੈਬਸਾਈਟ ‘ਤੇ ਅਗਸਤ ਤੱਕ ਬੁਕਿੰਗ ਲਈ ਉਪਲਬਧ ਨਹੀਂ ਹਨ। ਗੁਮਟਾਲਾ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਲੰਮੇ ਸਮੇਂ ਤੋਂ ਦੁਬਈ ਅਤੇ ਸ਼ਾਰਜਾਹ ਲਈ ਰੋਜ਼ਾਨਾ ਦੋ-ਦੋ ਉਡਾਣਾਂ ਸਫਲਤਾਪੂਰਵਕ ਚੱਲ ਰਹੀਆਂ ਸਨ। ਉਹਨਾਂ ਅਪੀਲ ਕੀਤੀ ਕਿ ਜੇਕਰ ਸਪਾਈਸਜੈੱਟ ਇਹ ਸੇਵਾ ਜਲਦ ਬਹਾਲ ਨਹੀਂ ਕਰਦੀ, ਤਾਂ ਇੰਡੀਗੋ ਜਾਂ ਹੋਰ ਭਾਰਤੀ ਏਅਰਲਾਈਨਾਂ ਨੂੰ ਇਸ ਘਾਟ ਨੂੰ ਪੂਰਾ ਕਰਨ ਲਈ ਨਵੀਆਂ ਉਡਾਣਾਂ ਸ਼ੁਰੂ ਕਰਨੀਆਂ ਚਾਹੀਦੀਆਂ ਹਨ।
ਹਵਾਈ ਸੰਪਰਕ ਬਹਾਲ ਹੋਣ ਦਾ ਸਵਾਗਤ ਕਰਦਿਆਂ ਗੁਮਟਾਲਾ ਨੇ ਪੰਜਾਬ ਸਰਕਾਰ ਵੱਲੋਂ ਹਵਾਈ ਅੱਡੇ ਲਈ ਸਿੱਧੀ ਬੱਸ ਸੇਵਾ ਨਾ ਦੇਣ ਦੀ ਸਖ਼ਤ ਨਿਖੇਧੀ ਕੀਤੀ। ਉਹਨਾਂ ਦੱਸਿਆ ਕਿ ਅੰਮ੍ਰਿਤਸਰ ਹਵਾਈ ਅੱਡਾ ਹਰ ਮਹੀਨੇ 2.5 ਤੋਂ 3.0 ਲੱਖ ਦੀ ਯਾਤਰੀ ਆਵਾਜਾਈ ਦਰਜ ਕਰ ਰਿਹਾ ਹੈ, ਫਿਰ ਵੀ ਇੱਥੇ ਸਰਕਾਰੀ ਬੱਸ ਸੇਵਾ ਦੀ ਘਾਟ ਹੈ। ਗੁਮਟਾਲਾ ਨੇ ਕਿਹਾ, "ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਰਾਜ ਸਰਕਾਰ ਦਿੱਲੀ ਹਵਾਈ ਅੱਡੇ ਲਈ ਤਾਂ ਲਗਜ਼ਰੀ ਵੋਲਵੋ ਬੱਸਾਂ ਅਤੇ ਹੈਲਪ ਡੈਸਕ ਮੁਹੱਈਆ ਕਰਵਾ ਰਹੀ ਹੈ, ਪਰ ਅੰਮ੍ਰਿਤਸਰ ਹਵਾਈ ਅੱਡੇ ਦੇ ਰੋਜ਼ਾਨਾ 10,000 ਮੁਸਾਫ਼ਰਾਂ ਦੀਆਂ ਲੋੜਾਂ ਨੂੰ ਪੂਰੀ ਤਰ੍ਹਾਂ ਅਣਗੌਲਿਆ ਕਰ ਰਹੀ ਹੈ। ਅੰਮ੍ਰਿਤਸਰ ਹਵਾਈ ਅੱਡਾ ਅਜੇ ਵੀ ਸੂਬੇ ਦੇ ਸਰਕਾਰੀ ਇੰਟਰਸਿਟੀ ਬੱਸ ਨੈੱਟਵਰਕ ਨਾਲ ਨਹੀਂ ਜੁੜਿਆ ਹੋਇਆ। ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਸੂਬੇ ਦੇ ਵੱਖ-ਵੱਖ ਸ਼ਹਿਰਾਂ ਤੋਂ ਹਵਾਈ ਅੱਡੇ ਲਈ ਤੁਰੰਤ ਬੱਸ ਸੇਵਾਵਾਂ ਸ਼ੁਰੂ ਕੀਤੀਆਂ ਜਾਣ ਤਾਂ ਜੋ ਮੁਸਾਫ਼ਰਾਂ ਦਾ ਸਫ਼ਰ ਸਸਤਾ ਅਤੇ ਸੁਖਾਲਾ ਹੋ ਸਕੇ।"
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login