ਬੀਤੇ ਦਿਨ ਸ੍ਰੀ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਪੰਜ ਮੈਂਬਰੀ ਭਰਤੀ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲੀ ਦਲ ਦਾ ਪ੍ਰਧਾਨ ਐਲਾਨਿਆ ਗਿਆ ਸੀ।ਜਿਸ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਸਖਤ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੋ ਮਰਜੀ ਪ੍ਰਧਾਨ ਬਣੇ, ਭਾਵੇਂ ਵੱਖਰੀ ਪਾਰਟੀ ਬਣੇ ਪਰ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਨਾ ਵਰਤਿਆ ਜਾਵੇ। ਅਜਿਹਾ ਕਰਨ ‘ਤੇ ਉਨ੍ਹਾਂ ਕਾਨੂੰਨੀ ਕਾਰਵਾਈ ਕਰਨ ਦੀ ਚੇਤਾਵਨੀ ਵੀ ਦਿੱਤੀ ਹੈ।
ਨਵੇਂ ਬਣੇ ਅਕਾਲੀ ਦਲ ਨੂੰ ਸਿੱਧੀ ਚੇਤਾਵਨੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਨਵੇਂ ਧੜੇ ਨੇ ਅਕਾਲੀ ਦਲ ਦਾ ਨਾਮ ਵਰਤਿਆ ਹੈ। ਅਸੀਂ ਪਾਰਟੀ ਵੱਲੋਂ ਬਾਗੀ ਧੜੇ ਖ਼ਿਲਾਫ਼ ਕੇਸ ਦਾਇਰ ਕਰਾਂਗੇ, ਇਹ ਜਾਲ ਸਾਜ਼ੀ ਦੇ ਨਾਲ ਨਾਲ 420 ਵੀ ਹੈ। ਚੀਮਾ ਨੇ ਕਿਹਾ ਕਿ ਜਾਲਸਾਜ਼ੀ ਕਰਨ ਵਾਲੇ ਭਰਾਵਾਂ ਨੂੰ ਉਹ ਬੇਨਤੀ ਕਰਦੇ ਹਨ ਕਿ ਹੁਣ ਸੋਚ ਸਮਝ ਕੇ ਫੈਸਲਾ ਕਰਿਓ। ਉਨ੍ਹਾਂ ਕਿਹਾ ਕਿ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਅਕਾਲੀ ਦਲ ਦਾ ਨਾਂ ਵਰਤਣ ਵਾਲਿਆਂ 'ਤੇ ਹੁਣ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਉਨ੍ਹਾਂ ਕੋਲ ਇਲੈਕਸ਼ਨ ਕਮਿਸ਼ਨ ਦਾ ਨੋਟੀਫਿਕੇਸ਼ਨ ਹੈ, ਜਿਸ ਵਿਚ ਬਕਾਇਦਾ ਤੱਕੜੀ ਦਾ ਚੋਣ ਨਿਸ਼ਾਨ ਅਲਾਟ ਕੀਤਾ ਗਿਆ ਹੈ। ਪਰ ਬਾਗੀ ਧਿਰ ਨੇ ਨਾ ਸਿਰਫ ਅਕਾਲੀ ਦਲ ਦਾ ਨਾਮ ਵਰਤਿਆ ਹੈ ਸਗੋਂ ਮੌਜੂਦਾ ਜਥੇਦਾਰ ਦੀ ਗੱਲ ਵੀ ਨਹੀਂ ਮੰਨੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਵਕੀਲਾਂ ਨਾਲ ਸਲਾਹ-ਮਸ਼ਵਰਾ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
ਚੀਮਾ ਨੇ ਕਿਹਾ ਕਿ ਜਿਸ ਕਿਸੇ ਨੇ ਵੱਖਰੀ ਪਾਰਟੀ ਬਨਾਉਣੀ ਹੈ ਬਣਾਵੇ ਪਰ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਨਾ ਵਰਤੇ। ਉਨ੍ਹਾਂ ਕਿਹਾ ਕਿ ਹੁਣ ਪਹਿਲਾਂ ਵਾਲੇ ਕੰਮ ਨਹੀਂ ਚੱਲਣਗੇ, ਜੇਕਰ ਕੋਈ ਗਲਤ ਬਿਆਨਬਾਜ਼ੀ ਕਰਦਾ ਹੈ ਤਾਂ ਉਸ ਨੂੰ ਵੀ ਅਦਾਲਤਾਂ ਵਿਚ ਸਪੱਸ਼ਟੀਕਰਨ ਦੇਣੇ ਪੈਣਗੇ। ਸੋ ਇਸ ਤਰਾਂ ਬੜੇ ਸਖਤ ਸ਼ਬਦਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਇਹ ਚੇਤਾਵਨੀ ਸਾਹਮਣੇ ਆਈ ਹੈ। ਪਰ ਵੇਖਣਾ ਇਹ ਹੋਵੇਗਾ ਕਿ ਕੀ ਸਿੱਖ ਰਾਜਨੀਤੀ ਵਿੱਚ ਆਇਆ ਇਹ ਮੋੜ ਪੰਜਾਬ ਦੀ ਪ੍ਰਮੁੱਖ ਖੇਤਰੀ ਪਾਰਟੀ ਨੂੰ ਮਜ਼ਬੂਤ ਕਰੇਗਾ ਜਾਂ ਖੇਤਰੀ ਪਾਰਟੀ ਦੀ ਹੋਂਦ ਨੂੰ ਹੀ ਖਤਰਾ ਪਹੁੰਚਾਵੇਗਾ।
Comments
Start the conversation
Become a member of New India Abroad to start commenting.
Sign Up Now
Already have an account? Login