ਭਾਰੀ ਬਾਰਿਸ਼ ਅਤੇ ਤੇਜ਼ ਹਵਾਵਾਂ ਦੇ ਬਾਵਜੂਦ, ਨੈਸ਼ਨਲ ਇੰਡੀਆ ਹੱਬ (National India Hub) ਵੱਲੋਂ ਆਯੋਜਿਤ ਇੰਡੀਆ ਫੈਸਟ 2025 ਵਿੱਚ ਹਜ਼ਾਰਾਂ ਭਾਰਤੀ-ਅਮਰੀਕੀਆਂ ਨੇ ਸ਼ਿਰਕਤ ਕੀਤੀ। ਆਯੋਜਕਾਂ ਦੇ ਅਨੁਸਾਰ 3,000 ਤੋਂ ਵੱਧ ਲੋਕਾਂ ਅਤੇ 70+ ਭਾਈਚਾਰਕ ਸੰਗਠਨਾਂ ਨੇ ਇਕੱਠੇ ਹੋ ਕੇ ਸੰਯੁਕਤ ਰਾਜ ਅਮਰੀਕਾ ਵਿੱਚ ਭਾਰਤ ਦੇ ਆਜ਼ਾਦੀ ਦਿਵਸ ਨੂੰ ਸਭ ਤੋਂ ਵੱਡੇ ਜਸ਼ਨਾਂ ‘ਚੋਂ ਇੱਕ ਮਨਾਇਆ।
ਸਭ ਤੋਂ ਵੱਡਾ ਆਕਰਸ਼ਣ ਭਾਰਤ ਦੇ ਵਰਲਡ ਕੱਪ ਹੀਰੋ ਯੁਵਰਾਜ ਸਿੰਘ ਰਹੇ, ਜਿਨ੍ਹਾਂ ਨੇ ਚੁਣੇ ਹੋਏ ਅਧਿਕਾਰੀਆਂ, ਮਾਨਯੋਗ ਮਹਿਮਾਨਾਂ ਅਤੇ ਭਾਈਚਾਰਕ ਨੇਤਾਵਾਂ ਨਾਲ ਮਿਲ ਕੇ ਸ਼ਿਰਕਤ ਕੀਤੀ। ਹਜ਼ਾਰਾਂ ਲੋਕਾਂ ਵੱਲੋਂ ਤਿਰੰਗਾ ਲਹਿਰਾਉਂਦੇ, ਦੇਸ਼ਭਗਤੀ ਭਾਵਨਾ, "ਵੰਦੇ ਮਾਤਰਮ" ਨਾਅਰੇ ਲਗਾਉਂਦੇ ਅਤੇ ਮੀਂਹ ਵਿੱਚ ਨੱਚਦੇ ਦੇਖ ਕੇ ਉਹ ਭਾਵੁਕ ਹੋ ਗਏ। ਇਸ ਮੌਕੇ ਯੁਵਰਾਜ ਸਿੰਘ ਨੇ ਕਿਹਾ, “ਅੱਜ ਜੋ ਮੈਂ ਇੱਥੇ ਵੇਖਿਆ, ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ — ਭਾਰਤ ਦੀ ਅਸਲੀ ਰੂਹ ਜੋ ਸਭ ਤੋਂ ਮੁਸ਼ਕਲ ਮੌਸਮ ਵਿੱਚ ਵੀ ਹਿੰਮਤ, ਪਿਆਰ ਅਤੇ ਏਕਤਾ ਨਾਲ ਜਸ਼ਨ ਮਨਾਉਂਦੀ ਹੈ ਜਿਸ ਦੀ ਆਵਾਜ਼ ਤੂਫ਼ਾਨ ਵਿੱਚ ਵੀ ਗੂੰਜੀ।"
ਆਪਣੀ ਸ਼ਾਨਦਾਰ ਕਰੀਅਰ, ਜਿਸ ਵਿੱਚ ਯੁਵਰਾਜ ਸਿੰਘ ਨੇ ਇਕ ਓਵਰ ਵਿੱਚ ਛੇ ਛੱਕੇ ਮਾਰੇ ਅਤੇ ਕੈਂਸਰ ਨਾਲ ਬੇਮਿਸਾਲ ਹੌਂਸਲੇ ਨਾਲ ਲੜਾਈ ਲੜੀ, ਯੁਵਰਾਜ ਇੱਕ ਸੈਲੀਬ੍ਰਿਟੀ ਵਜੋਂ ਨਹੀਂ, ਬਲਕਿ ਇੱਕ ਹਮਦਰਦ ਰੂਹ ਵਜੋਂ ਪਹੁੰਚੇ। ਹਾਲਾਂਕਿ ਲਗਾਤਾਰ ਪੈ ਰਹੇ ਮੀਂਹ ਨੇ ਉਨ੍ਹਾਂ ਨੂੰ ਪੂਰੇ ਪਰੇਡ ਰੂਟ 'ਤੇ ਚੱਲ ਕੇ ਹਰ ਟੀਮ ਨੂੰ ਨਿੱਜੀ ਤੌਰ 'ਤੇ ਮਿਲਣ ਤੋਂ ਰੋਕ ਦਿੱਤਾ, ਪਰ ਯੁਵਰਾਜ ਨੇ ਏਕਤਾ ਦੇ ਭਾਵੁਕ ਪ੍ਰਦਰਸ਼ਨ ਦੀ ਦਿਲੋਂ ਪ੍ਰਸ਼ੰਸਾ ਪ੍ਰਗਟ ਕੀਤੀ ਅਤੇ ਕਿਹਾ "ਕਾਸ਼ ਮੈਂ ਜਜ਼ਬੇ ਨਾਲ ਭਰੀ ਟੀਮ ਨਾਲ ਹੱਥ ਮਿਲਾ ਸਕਦਾ।"
ਇਸ ਪ੍ਰੋਗਰਾਮ ਦੀ ਕਾਮਯਾਬੀ ਲਈ 200 ਤੋਂ ਵੱਧ ਸੇਵਾਦਾਰਾਂ ਨੇ ਆਪਣੀ ਮਿਹਨਤ ਨਾਲ ਸੁਚਾਰੂ ਪ੍ਰਬੰਧ ਸੁਨਿਸ਼ਚਿਤ ਕੀਤਾ। ਨੈਸ਼ਨਲ ਇੰਡੀਆ ਹੱਬ ਦੇ ਸੰਸਥਾਪਕ ਹਰੀਸ਼ ਕੋਲਾਸਾਨੀ ਨੇ ਉਨ੍ਹਾਂ ਦੀ ਹਿੰਮਤ ਦੀ ਪ੍ਰਸ਼ੰਸਾ ਕੀਤੀ। ਇਸਦੇ ਨਾਲ ਹੀ ਉਹਨਾਂ ਕਿਹਾ, “ਇੰਡੀਆ ਫੈਸਟ ਸਿਰਫ਼ ਜਸ਼ਨ ਬਾਰੇ ਨਹੀਂ ਸੀ — ਇਹ ਸੇਵਾ, ਏਕਤਾ ਅਤੇ ਉਸ ਤਾਕਤ ਬਾਰੇ ਸੀ ਜੋ ਅਸੀਂ ਇਕੱਠੇ ਹੋ ਕੇ ਹਾਸਲ ਕਰ ਸਕਦੇ ਹਾਂ। ਸਾਡੇ ਵਲੰਟੀਅਰਾਂ ਅਤੇ ਭਾਈਚਾਰਕ ਮੈਂਬਰਾਂ ਨੇ ਸਾਬਤ ਕਰ ਦਿੱਤਾ ਹੈ ਕਿ ਇੰਡੀਆ ਹੱਬ ਸਿਰਫ਼ ਇਕ ਥਾਂ ਨਹੀਂ, ਇਹ ਇਕ ਲਹਿਰ ਹੈ, ਇਕ ਆਵਾਜ਼ ਹੈ ਅਤੇ ਹਜ਼ਾਰਾਂ ਲਈ ਦੂਜਾ ਘਰ ਹੈ।”
ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਸਾਰੇ ਕਮਿਊਨਿਟੀ ਆਗੂ ਅਤੇ ਵਲੰਟੀਅਰ "ਸੱਕਸੈੱਸ ਮੀਟ" ਵਿੱਚ ਮਿਲਣਗੇ, ਜਿੱਥੇ ਉਸ ਦਿਨ ਦੇ ਤਜ਼ਰਬੇ ਸਾਂਝੇ ਕੀਤੇ ਜਾਣਗੇ ਅਤੇ ਸੁਧਾਰਾਂ ’ਤੇ ਵਿਚਾਰ ਹੋਵੇਗਾ। ਨਜ਼ਰਾਂ ਪਹਿਲਾਂ ਹੀ ਇੰਡੀਆ ਫੈਸਟ 2026 'ਤੇ ਹਨ, ਜੋ ਸ਼ਨੀਵਾਰ, 15 ਅਗਸਤ 2026 ਨੂੰ ਤੈਅ ਹੈ। ਵਾਅਦਾ ਹੈ ਕਿ ਇਹ ਹੋਰ ਵੀ ਵੱਡੇ ਪੱਧਰ ’ਤੇ ਹੋਵੇਗਾ—ਜ਼ਿਆਦਾ ਸੰਗਠਨ, ਵੱਡੀਆਂ ਪਰੇਡਾਂ ਅਤੇ ਨਵੀਂਨਤਾ ਭਰੀਆਂ ਵਿਸ਼ੇਸ਼ਤਾਵਾਂ ਨਾਲ। ਕੋਲਸਾਨੀ ਨੇ ਖੁਸ਼ੀ ਨਾਲ ਕਿਹਾ: "ਅਸੀਂ ਇਸ ਮੋਮੈਂਟਮ ਨੂੰ ਅੱਗੇ ਵਧਾ ਰਹੇ ਹਾਂ। ਇੰਡੀਆ ਹੱਬ ਜੁੜਦਾ ਰਹੇਗਾ, ਮਨਾਉਂਦਾ ਰਹੇਗਾ ਅਤੇ ਸੇਵਾ ਕਰਦਾ ਰਹੇਗਾ।"
ਮੁੱਖ ਕੋਆਰਡੀਨੇਟਰ ਸੀਰੇਸ਼ਾ ਟਿਪਰਾਜੂ ਰਹੇ, ਜਿਨ੍ਹਾਂ ਦੀ ਸਹਾਇਤਾ ਸਮੀਤਾ ਸ਼ਾਹ, ਸੁਰੇਂਦਰ ਪਟੇਲ ਅਤੇ ਉਸ਼ਾ ਭਾਸਕਰ ਨੇ ਕੀਤੀ।
ਦੇਸ਼ਭਗਤੀ ਪਰੇਡ ਤੋਂ ਇਲਾਵਾ, ਇੰਡੀਆ ਫੈਸਟ ਨੇ ਕਈ ਮੁਕਾਬਲੇ ਕਰਵਾਏ, ਜਿਨ੍ਹਾਂ ਨੇ ਭਾਈਚਾਰਕ ਸਸ਼ਕਤੀਕਰਨ ਦੇ ਮਿਸ਼ਨ ਨੂੰ ਦਰਸਾਇਆ। ਮੁੱਖ ਆਕਰਸ਼ਣਾਂ ਵਿੱਚ ਹੈਲਥ ਫੇਅਰ, ਆਈ ਕੈਂਪ, ਬਲੱਡ ਡ੍ਰਾਈਵ ਅਤੇ ਕੈਰਮ, ਸ਼ਤਰੰਜ, ਟੇਬਲ ਟੈਨਿਸ, ਗਾਇਕੀ ਅਤੇ ਡਾਂਸ ਮੁਕਾਬਲੇ ਸ਼ਾਮਲ ਰਹੇ, ਜਿਨ੍ਹਾਂ ਵਿੱਚ 500+ ਭਾਗੀਦਾਰ ਸ਼ਾਮਿਲ ਹੋਏ।
ਪ੍ਰੋਗਰਾਮ ਵਿਚ 100 ਤੋਂ ਵੱਧ ਸੰਗਠਨਾਂ ਨੇ ਸ਼ਾਨਦਾਰ ਝਾਂਕੀਆਂ, ਰਵਾਇਤੀ ਪਹਿਰਾਵੇ ਅਤੇ ਸ਼ਾਨਦਾਰ ਪ੍ਰਦਰਸ਼ਨ ਤਿਆਰ ਕੀਤੇ ਸਨ ਜੋ ਭਾਰਤ ਦੀ ਵਿਭਿੰਨ ਵਿਰਾਸਤ ਨੂੰ ਦਰਸਾਉਂਦੇ ਸਨ—ਤਾਮਿਲਨਾਡੂ ਦੀ ਸੁਹਾਵਣੀ ਭਰਤਨਾਟਯਮ ਡਾਂਸਰਾਂ ਤੋਂ ਲੈ ਕੇ ਪੰਜਾਬ ਦੇ ਜੋਸ਼ੀਲੇ ਭੰਗੜਾ ਜਥਿਆਂ ਤੱਕ। ਤੂਫ਼ਾਨ ਨੇ ਲਾਈਨਅਪ ਵਿਚ ਵਿਘਨ ਪਾਇਆ, ਪਰ ਸਭ ਨੇ ਤੁਰੰਤ ਤਬਦੀਲੀਆਂ ਕਰਦਿਆਂ ਪ੍ਰੋਗਰਾਮ ਜਾਰੀ ਰੱਖਿਆ। ਬੱਚੇ ਝੰਡੇ ਲਹਿਰਾ ਰਹੇ ਸਨ, ਬਜ਼ੁਰਗ ਆਜ਼ਾਦੀ ਦੀ ਲੜਾਈ ਦੀਆਂ ਕਹਾਣੀਆਂ ਸਾਂਝੀਆਂ ਕਰ ਰਹੇ ਸਨ, ਜਦਕਿ ਨੌਜਵਾਨ ਪੇਸ਼ੇਵਰ ਖੁਸ਼ੀਆਂ ਦੇ ਮਾਹੌਲ ਵਿਚ ਇਕ-ਦੂਜੇ ਨਾਲ ਜੁੜ ਰਹੇ ਸਨ। ਇਹ ਵਿਦੇਸ਼ਾਂ ਵਿਚ ਭਾਰਤ ਦੀ ਇਕ ਛੋਟੀ ਤਸਵੀਰ ਸੀ—ਮਜ਼ਬੂਤ, ਲਚਕੀਲੀ ਅਤੇ ਅਟੁੱਟ।
ਦਸ ਦਈਏ ਕਿ ਨੈਸ਼ਨਲ ਇੰਡੀਆ ਹੱਬ ਭਾਰਤੀ ਕਮਿਊਨਿਟੀ ਦੇ ਸਭ ਤੋਂ ਵੱਡੇ ਕੇਂਦਰਾਂ ਵਿੱਚੋਂ ਇੱਕ ਹੈ ਅਤੇ ਇਹ ਪੂਰੀ ਤਰ੍ਹਾਂ ਵਲੰਟੀਅਰਾਂ ਦੁਆਰਾ ਚਲਾਈ ਜਾਣ ਵਾਲੀ ਗੈਰ-ਮੁਨਾਫ਼ਾ ਸੰਸਥਾ ਹੈ। ਇਹ 80 ਤੋਂ ਵੱਧ ਸੇਵਾ ਸੰਗਠਨਾਂ ਦਾ ਘਰ ਹੈ। ਇਸ ਦਾ ਮਕਸਦ ਕਮਿਊਨਿਟੀਆਂ ਨੂੰ ਇਕਜੁੱਟ ਕਰਨਾ, ਸਭਿਆਚਾਰ ਦਾ ਜਸ਼ਨ ਮਨਾਉਣਾ ਅਤੇ ਮੁਫਤ ਸਿਹਤ ਸੰਭਾਲ ਤੇ ਮਾਨਸਿਕ ਸਿਹਤ ਪ੍ਰੋਗਰਾਮਾਂ ਤੋਂ ਲੈ ਕੇ ਯੁਵਾ ਵਿਕਾਸ, ਨੌਕਰੀ ਮੇਲਿਆਂ ਅਤੇ ਸੱਭਿਆਚਾਰਕ ਜਸ਼ਨਾਂ ਤੱਕ ਜ਼ਰੂਰੀ ਸੇਵਾਵਾਂ ਪ੍ਰਦਾਨ ਕਰਨਾ ਹੈ।
Comments
Start the conversation
Become a member of New India Abroad to start commenting.
Sign Up Now
Already have an account? Login