ਭਾਰਤ ਅਤੇ ਅਮਰੀਕਾ ਵਿਚਾਲੇ ਵਪਾਰਕ ਤਣਾਅ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦੋਵਾਂ ਦੇਸ਼ਾਂ ਦੇ ਸਬੰਧਾਂ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਆਏ ਦਿਨ ਨਵੀਆਂ ਟਿੱਪਣੀਆਂ ਸਾਹਮਣੇ ਆਉਂਦੀਆਂ ਹਨ। ਹੁਣ ਅਮਰੀਕਾ ਨੇ ਭਾਰਤ ‘ਤੇ ਲੱਗੇ ਵਾਧੂ ਟੈਰਿਫ ਹਟਾਉਣ ਲਈ ਤਿੰਨ ਨਵੀਆਂ ਸ਼ਰਤਾਂ ਰੱਖ ਦਿੱਤੀਆਂ ਹਨ। ਇਹ ਸ਼ਰਤਾਂ ਨਾ ਸਿਰਫ਼ ਦੋਵਾਂ ਦੇਸ਼ਾਂ ਦੇ ਆਰਥਿਕ ਸੰਬੰਧਾਂ ‘ਤੇ ਸਿੱਧਾ ਅਸਰ ਪਾਉਣਗੀਆਂ, ਸਗੋਂ ਆਉਣ ਵਾਲੇ ਸਮੇਂ ਵਿੱਚ ਦੋ ਪੱਖੀ ਵਪਾਰਕ ਗੱਲਬਾਤਾਂ ਦੀ ਦਿਸ਼ਾ ਵੀ ਤੈਅ ਕਰ ਸਕਦੀਆਂ ਹਨ।
ਅਮਰੀਕੀ ਵਣਜ ਸਕੱਤਰ ਹਾਵਰਡ ਲੁਟਨਿਕ ਨੇ ਇੱਕ ਬਿਆਨ ਦਿੱਤਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਭਾਰਤ ਨੂੰ ਟਰੰਪ ਪ੍ਰਸ਼ਾਸਨ ਨਾਲ ਸਮਝੌਤਾ ਕਰਨ ਲਈ ਇੱਕ ਜਾਂ ਦੋ ਮਹੀਨਿਆਂ ਦੇ ਅੰਦਰ ਆਪਣੀ ਗਲਤੀ ਮੰਨਣੀ ਪਵੇਗੀ। ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਅਮਰੀਕਾ 50% ਤੱਕ ਭਾਰੀ ਟੈਰਿਫ ਲਗਾਵੇਗਾ ਅਤੇ ਆਰਥਿਕ ਸਬੰਧ ਗੰਭੀਰ ਮੁਸ਼ਕਲ ਵਿੱਚ ਪੈ ਸਕਦੇ ਹਨ।
ਦਰਅਸਲ ਤਿਆਨਜਿਨ ‘ਚ ਹੋਏ ਇਕ SCO ਸੰਮੇਲਨ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ 'ਤੇ ਭਾਰਤ ਨੂੰ ਇਕ ਸਾਥੀ ਦੇ ਰੂਪ 'ਚ ਨਕਾਰਣ ਵਾਲੀ ਪੋਸਟ ਪਾਈ ਸੀ। ਜਿਸ ਬਾਰੇ ਇਕ ਟੀਵੀ ਇੰਟਰਵਿਊ ਵਿੱਚ ਅਮਰੀਕਾ ਦੇ ਵਣਜ ਸਕੱਤਰ ਹਾਵਰਡ ਲੁਟਨਿਕ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਭਾਰਤ ਦੀ ਸਥਿਤੀ ਦੀ ਤੁਲਨਾ ਕੈਨੇਡਾ ਨਾਲ ਕੀਤੀ। ਉਨ੍ਹਾਂ ਦੱਸਿਆ ਕਿ ਕੈਨੇਡਾ ਨੇ ਆਪਣੇ ਵਿਰੋਧੀ ਰਵੱਈਏ ਤੋਂ ਹਟ ਕੇ ਵਪਾਰਕ ਸਮਝੌਤਾ ਕੀਤਾ ਕਿਉਂਕਿ ਉਸਨੂੰ ਸਮਝ ਆ ਗਿਆ ਸੀ ਕਿ ਉਸ ਦੀ ਅਰਥਵਿਵਸਥਾ ਡਿੱਗ ਰਹੀ ਹੈ।
ਭਾਰਤ ਵੱਲੋਂ ਰੂਸੀ ਤੇਲ ਦੀ ਖਰੀਦ ਵਧਾਉਣ ਤੋਂ ਬਾਅਦ ਵਪਾਰਕ ਸਬੰਧ ਤਣਾਅਪੂਰਨ ਹੋ ਗਏ ਹਨ। ਲੁਟਨਿਕ ਨੇ ਕਿਹਾ ਕਿ ਰੂਸ ਤੋਂ ਤੇਲ ਆਯਾਤ ਵਧਾਉਣਾ "ਗਲਤ ਅਤੇ ਹਾਸੋਹੀਣਾ" ਹੈ ਅਤੇ ਭਾਰਤ ਨੂੰ ਇਹ ਫੈਸਲਾ ਕਰਨਾ ਪਵੇਗਾ ਕਿ ਉਹ ਕਿਸ ਦੇ ਪੱਖ ਵਿੱਚ ਹੋਣਾ ਚਾਹੁੰਦਾ ਹੈ।" ਹੋ ਸਕਦਾ ਹੈ ਕਿ ਭਾਰਤ ਸ਼ੁਰੂ ਵਿੱਚ ਟਕਰਾਅ ਨੂੰ ਤਰਜੀਹ ਦੇਵੇ, ਪਰ ਅੰਤ ਵਿੱਚ ਵਪਾਰੀਆਂ ਵੱਲੋਂ ਦਬਾਅ ਹੋਵੇਗਾ, ਉਹ ਅਮਰੀਕਾ ਨਾਲ ਸਮਝੌਤਾ ਕਰਨਗੇ।"
ਸਕੱਤਰ ਹਾਵਰਡ ਲੁਟਨਿਕ ਨੇ ਕਿਹਾ, “ਇੱਕ ਮਹੀਨੇ ਜਾਂ ਦੋ ਮਹੀਨੇ ਵਿੱਚ, ਮੈਨੂੰ ਲੱਗਦਾ ਹੈ ਕਿ ਭਾਰਤ ਗੱਲਬਾਤ ਕਰਨ ਲਈ ਮੇਜ਼ 'ਤੇ ਹੋਵੇਗਾ, ਉਹ ਮਾਫੀ ਮੰਗਣਗੇ, ਅਤੇ ਡੋਨਾਲਡ ਟਰੰਪ ਨਾਲ ਕੋਈ ਸਮਝੌਤਾ ਕਰਨ ਦੀ ਕੋਸ਼ਿਸ਼ ਕਰਨਗੇ। ਇਹ ਟਰੰਪ ਦੇ ਹੱਥ ਹੋਵੇਗਾ ਕਿ ਉਹ ਮੋਦੀ ਨਾਲ ਕਿਵੇਂ ਪੇਸ਼ ਆਉਂਦੇ ਹਨ ਅਤੇ ਅਸੀਂ ਇਹ ਫੈਸਲਾ ਉਹਨਾਂ 'ਤੇ ਛੱਡ ਦਿੱਤਾ ਹੈ।
ਉਨ੍ਹਾਂ ਨੇ ਭਾਰਤ ਨੂੰ ਚੇਤਾਵਨੀ ਦਿੰਦਿਆਂ ਕਿਹਾ, "ਰੂਸ ਤੋਂ ਤੇਲ ਖਰੀਦਣਾ ਬੰਦ ਕਰੋ, BRICS ਦਾ ਹਿੱਸਾ ਬਣਨਾ ਬੰਦ ਕਰੋ, ਅਤੇ ਅਮਰੀਕਾ ਤੇ ਡਾਲਰ ਦਾ ਸਮਰਥਨ ਕਰੋ — ਨਹੀਂ ਤਾਂ 50% ਟੈਰਿਫ ਦਾ ਸਾਹਮਣਾ ਕਰੋ।" ਲੁਟਨਿਕ ਨੇ ਦਲੀਲ ਦਿੱਤੀ ਕਿ ਭਾਰਤ ਅਤੇ ਚੀਨ ਇੱਕ ਦੂਜੇ ਨੂੰ ਸਮਾਨ ਨਹੀਂ ਵੇਚ ਸਕਣਗੇ ਅਤੇ ਅੰਤ ਵਿੱਚ ਉਨ੍ਹਾਂ ਨੂੰ ਅਮਰੀਕਾ ਵੱਲ ਆਉਣਾ ਹੀ ਪਵੇਗਾ, ਕਿਉਂਕਿ ਇਹ ਸਾਡੀ $30 ਟ੍ਰਿਲੀਅਨ ਦੀ ਅਰਥਵਿਵਸਥਾ ਹੈ ਜੋ ਦੁਨੀਆ ਦੀ ਉਪਭੋਗਤਾ ਹੈ ਅਤੇ ਅਸੀਂ ਸਭ ਜਾਣਦੇ ਹਾਂ ਕਿ ਆਖ਼ਰਕਾਰ ਗਾਹਕ ਸਦਾ ਸਹੀ ਹੁੰਦਾ ਹੈ।
ਬ੍ਰਿਕਸ ਨੂੰ " ਭਾਰਤ, ਰੂਸ ਅਤੇ ਚੀਨ ਦੇ ਵਿਚਕਾਰ ਕੜੀ" ਦੱਸਦੇ ਹੋਏ ਲੁਟਨਿਕ ਨੇ ਕਿਹਾ, "ਜੇ ਤੁਸੀਂ ਅਜਿਹੇ ਬਣਨਾ ਚਾਹੁੰਦੇ ਹੋ, ਤਾਂ ਬਣੋ.... ਫਿਰ ਦੇਖਦੇ ਹਾਂ ਕਿ ਇਹ ਕਿੰਨਾ ਚਿਰ ਚੱਲਦਾ ਹੈ।"
Comments
Start the conversation
Become a member of New India Abroad to start commenting.
Sign Up Now
Already have an account? Login