ADVERTISEMENT

ADVERTISEMENT

ਅਮਰੀਕਾ ਵੱਲੋਂ ਈਰਾਨ 'ਤੇ ਨਵੇਂ ਹਮਲਿਆਂ ਦੀ ਤਿਆਰੀ

ਟਰੰਪ ਨੇ ਦਿੱਤੇ ਸਖ਼ਤ ਕਾਰਵਾਈ ਦੇ ਸੰਕੇਤ; ਮਿਜ਼ਾਈਲ, ਪਰਮਾਣੂ ਅਤੇ ਊਰਜਾ ਢਾਂਚਿਆਂ ਨੂੰ ਬਣਾਇਆ ਜਾ ਸਕਦਾ ਹੈ ਨਿਸ਼ਾਨਾ

 ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ / Photo Courtesy

ਅਮਰੀਕਾ ਈਰਾਨ ਖ਼ਿਲਾਫ਼ ਨਵੇਂ ਹਮਲਿਆਂ ਦੀ ਤਿਆਰੀ ਕਰ ਰਿਹਾ ਹੈ। ਅਮਰੀਕੀ ਯੋਜਨਾਵਾਂ ਨਾਲ ਜਾਣੂ ਦੋ ਅਧਿਕਾਰੀਆਂ ਮੁਤਾਬਕ ਰਾਸ਼ਟਰਪਤੀ ਡੋਨਾਲਡ ਟਰੰਪ ਜੰਗ ਦੇ ਹੱਲ ਲਈ ਈਰਾਨ 'ਤੇ ਇੱਕ ਹੋਰ ਦੌਰ ਦੇ ਹਮਲਿਆਂ 'ਤੇ ਵਿਚਾਰ ਕਰ ਰਹੇ ਹਨ। ਹਾਲਾਂਕਿ ਹਮਲਿਆਂ ਦਾ ਸਹੀ ਦਾਇਰਾ ਅਤੇ ਸੰਭਾਵਿਤ ਨਿਸ਼ਾਨੇ ਅਜੇ ਸਪੱਸ਼ਟ ਨਹੀਂ ਹਨ। ਅਧਿਕਾਰੀਆਂ ਨੇ ਇਹ ਵੀ ਕਿਹਾ ਹੈ ਕਿ ਹਾਲਾਤਾਂ ਦੇ ਮੱਦੇਨਜ਼ਰ ਇਨ੍ਹਾਂ ਹਮਲਿਆਂ ਨੂੰ ਆਖ਼ਰੀ ਸਮੇਂ ਰੱਦ ਵੀ ਕੀਤਾ ਜਾ ਸਕਦਾ ਹੈ।

 

ਹਾਲੀਆ ਕੈਬਨਿਟ ਮੀਟਿੰਗ ਦੌਰਾਨ ਰਾਸ਼ਟਰਪਤੀ ਟਰੰਪ ਨੇ ਕੂਟਨੀਤਕ ਕੋਸ਼ਿਸ਼ਾਂ 'ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਭਾਰੀ ਹਮਲਿਆਂ ਦੇ ਨਵੇਂ ਦੌਰ ਦੇ ਸੰਕੇਤ ਦਿੱਤੇ। ਉਨ੍ਹਾਂ ਕਿਹਾ, "ਅਸੀਂ ਉਨ੍ਹਾਂ 'ਤੇ ਬਹੁਤ ਸਖ਼ਤ ਹਮਲੇ ਕਰਾਂਗੇ। ਇੱਕ ਸਮਾਂ ਅਜਿਹਾ ਆਵੇਗਾ ਜਦੋਂ ਉਹ ਕਹਿਣਗੇ ਕਿ ਹੁਣ ਸਾਡੇ ਲਈ ਇਹ ਸਹਿਣਾ ਸੰਭਵ ਨਹੀਂ।"

 

ਅਧਿਕਾਰੀਆਂ ਅਨੁਸਾਰ, ਅਮਰੀਕੀ ਸੈਂਟਰਲ ਕਮਾਂਡ ਨੇ ਜੰਗ ਦਾ ਦਾਇਰਾ ਵਧਾਉਣ ਲਈ ਵੱਖ-ਵੱਖ ਵਿਕਲਪ ਤਿਆਰ ਕਰ ਲਏ ਹਨ। ਇਨ੍ਹਾਂ ਵਿੱਚ ਈਰਾਨ ਦੇ ਮਿਜ਼ਾਈਲ ਠਿਕਾਣਿਆਂ 'ਤੇ ਦੋ ਹਫ਼ਤਿਆਂ ਤੱਕ ਚੱਲਣ ਵਾਲੀ ਭਾਰੀ ਬੰਬਾਰੀ ਦੀ ਯੋਜਨਾ ਵੀ ਸ਼ਾਮਲ ਹੈ।

 

ਇਸ ਤੋਂ ਇਲਾਵਾ ਈਰਾਨ ਦੇ ਊਰਜਾ ਢਾਂਚੇ ਨੂੰ ਨਿਸ਼ਾਨਾ ਬਣਾਉਣ ਦੇ ਵਿਕਲਪਾਂ 'ਤੇ ਵੀ ਵਿਚਾਰ ਕੀਤਾ ਗਿਆ ਹੈ। ਹਾਲਾਂਕਿ ਟਰੰਪ ਪ੍ਰਸ਼ਾਸਨ ਇਸ ਮਾਮਲੇ ਵਿੱਚ ਸਾਵਧਾਨੀ ਵਰਤ ਰਿਹਾ ਹੈ, ਕਿਉਂਕਿ ਚਿੰਤਾ ਹੈ ਕਿ ਈਰਾਨ ਜਵਾਬੀ ਕਾਰਵਾਈ ਕਰਦਿਆਂ ਖਾੜੀ ਖੇਤਰ ਦੇ ਊਰਜਾ ਢਾਂਚਿਆਂ ਨੂੰ ਨਿਸ਼ਾਨਾ ਬਣਾ ਸਕਦਾ ਹੈ, ਜਿਸ ਨਾਲ ਪਹਿਲਾਂ ਹੀ ਜੰਗ ਕਾਰਨ ਦਬਾਅ ਹੇਠ ਆਏ ਵਿਸ਼ਵ ਊਰਜਾ ਬਾਜ਼ਾਰਾਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ।

 

ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕੈਟਜ਼ ਨੇ ਕਿਹਾ ਸੀ ਕਿ ਉਨ੍ਹਾਂ ਦਾ ਦੇਸ਼ ਈਰਾਨ ਦੇ ਊਰਜਾ ਢਾਂਚੇ 'ਤੇ ਹਮਲਾ ਕਰਕੇ ਉਸ 'ਤੇ ਹੋਰ ਆਰਥਿਕ ਦਬਾਅ ਬਣਾਉਣਾ ਚਾਹੁੰਦਾ ਹੈ, ਪਰ ਇਸ ਸਮੇਂ ਅਮਰੀਕਾ ਨੇ ਇਸ ਦੀ ਮਨਜ਼ੂਰੀ ਨਹੀਂ ਦਿੱਤੀ। ਫਿਲਹਾਲ ਅਜਿਹਾ ਕੋਈ ਸੰਕੇਤ ਨਹੀਂ ਹੈ ਕਿ ਅਮਰੀਕਾ ਦੇ ਸੰਭਾਵੀ ਨਵੇਂ ਹਮਲਿਆਂ ਵਿੱਚ ਇਜ਼ਰਾਈਲ ਸਿੱਧੇ ਤੌਰ 'ਤੇ ਸ਼ਾਮਲ ਹੋਵੇਗਾ।

 

ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਅਮਰੀਕੀ ਫ਼ੌਜ ਨੇ ਤਹਿਰਾਨ ਦੇ ਦੱਖਣ ਵੱਲ ਸਥਿਤ ਪਿਕਐਕਸ ਮਾਊਂਟੇਨ ਸਮੇਤ ਈਰਾਨ ਦੇ ਪਰਮਾਣੂ ਢਾਂਚਿਆਂ ਨੂੰ ਨਿਸ਼ਾਨਾ ਬਣਾਉਣ ਲਈ ਵੀ ਹਮਲਾਵਰ ਯੋਜਨਾਵਾਂ ਤਿਆਰ ਕੀਤੀਆਂ ਹਨ। ਹਾਲੀਆ ਦਿਨਾਂ ਵਿੱਚ ਇਨ੍ਹਾਂ ਤਿਆਰੀਆਂ ਵਿੱਚ ਤੇਜ਼ੀ ਆਈ ਹੈ।

 

ਨਵੇਂ ਹਮਲਿਆਂ ਸਬੰਧੀ ਸਾਹਮਣੇ ਆਈਆਂ ਰਿਪੋਰਟਾਂ ਬਾਰੇ ਪੁੱਛੇ ਜਾਣ 'ਤੇ ਵ੍ਹਾਈਟ ਹਾਊਸ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ "ਇਸ ਤਰ੍ਹਾਂ ਦੇ ਅੱਤਵਾਦੀ ਵਿਹਾਰ ਨੂੰ ਬਰਦਾਸ਼ਤ ਨਹੀਂ ਕਰਨਗੇ।"

 

ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੋਲਿਨ ਲੀਵਿਟ ਨੇ ਬਿਆਨ ਵਿੱਚ ਕਿਹਾ, "ਈਰਾਨ ਨੂੰ ਉਸ ਸਮੇਂ ਤੱਕ ਇਸ ਦੀ ਕੀਮਤ ਚੁਕਾਉਣੀ ਪਵੇਗੀ, ਜਦੋਂ ਤੱਕ ਉਹ ਰਾਸ਼ਟਰਪਤੀ ਟਰੰਪ ਦੀ ਨਜ਼ਰ ਵਿੱਚ ਅਰਥਪੂਰਨ ਢੰਗ ਨਾਲ ਗੱਲਬਾਤ ਲਈ ਮੇਜ਼ 'ਤੇ ਨਹੀਂ ਆ ਜਾਂਦਾ।"

Comments

Leave A Comment

Required fields are marked (*).

Related

Talk to us?