ADVERTISEMENT

ADVERTISEMENT

ਵੀਜ਼ਾ ਅਤੇ ਗ੍ਰੀਨ ਕਾਰਡ ਵਿੱਚ ਦੇਰੀ ਕਾਰਨ ਅਮਰੀਕਾ ਭਾਰਤੀ ਪ੍ਰਤਿਭਾ ਗੁਆ ਰਿਹਾ ਹੈ: ਸੁਹਾਸ ਸੁਬਰਾਮਣਿਅਮ

ਭਾਰਤੀ-ਅਮਰੀਕੀ ਸੰਸਦ ਮੈਂਬਰ ਨੇ ਇਮੀਗ੍ਰੇਸ਼ਨ ਸੁਧਾਰਾਂ ਦੀ ਕੀਤੀ ਵਕਾਲਤ; ਕਿਹਾ- ਲੰਬੀਆਂ ਉਡੀਕਾਂ ਨਾਲ ਪਰਿਵਾਰ ਅਤੇ ਅਰਥਵਿਵਸਥਾ ਦੋਵੇਂ ਪ੍ਰਭਾਵਿਤ

 ਸੁਹਾਸ ਸੁਬਰਾਮਣਿਅਮ ਸੁਹਾਸ ਸੁਬਰਾਮਣਿਅਮ / House Floor

ਭਾਰਤੀ ਮੂਲ ਦੇ ਅਮਰੀਕੀ ਕਾਂਗਰਸ ਮੈਂਬਰ ਸੁਹਾਸ ਸੁਬਰਾਮਣਿਅਮ ਨੇ ਕਿਹਾ ਹੈ ਕਿ ਵੀਜ਼ਾ ਅਤੇ ਗ੍ਰੀਨ ਕਾਰਡ ਪ੍ਰਕਿਰਿਆ ਵਿੱਚ ਲੰਬੀ ਦੇਰੀ ਕਾਰਨ ਅਮਰੀਕਾ ਭਾਰਤ ਦੀ ਉੱਚ ਹੁਨਰਮੰਦ ਪ੍ਰਤਿਭਾ ਨੂੰ ਗੁਆ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਨੂੰਨੀ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਸੁਧਾਰ ਭਾਰਤੀ-ਅਮਰੀਕੀ ਭਾਈਚਾਰੇ ਨਾਲ ਜੁੜੇ ਸਭ ਤੋਂ ਅਹਿਮ ਮੁੱਦਿਆਂ ਵਿੱਚੋਂ ਇੱਕ ਹੈ।

 

ਵਾਸ਼ਿੰਗਟਨ ਵਿੱਚ ਫਾਊਂਡੇਸ਼ਨ ਫ਼ਾਰ ਇੰਡੀਆ ਐਂਡ ਇੰਡੀਅਨ ਡਾਇਸਪੋਰਾ ਸਟੱਡੀਜ਼ (FIIDS) ਵੱਲੋਂ ਕਰਵਾਏ ਗਏ ਕੈਪੀਟਲ ਹਿੱਲ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸੁਬਰਾਮਣਿਅਮ ਨੇ ਕਿਹਾ ਕਿ 1978 ਵਿੱਚ ਜਦੋਂ ਉਨ੍ਹਾਂ ਦੇ ਮਾਤਾ-ਪਿਤਾ ਭਾਰਤ ਤੋਂ ਅਮਰੀਕਾ ਆਏ ਸਨ ਤਾਂ ਉਨ੍ਹਾਂ ਨੂੰ ਹਵਾਈ ਅੱਡੇ 'ਤੇ ਹੀ ਗ੍ਰੀਨ ਕਾਰਡ ਮਿਲ ਗਿਆ ਸੀ। ਉਨ੍ਹਾਂ ਕਿਹਾ ਕਿ ਜੇ ਅੱਜ ਵਾਲੇ ਨਿਯਮ ਉਸ ਸਮੇਂ ਲਾਗੂ ਹੁੰਦੇ ਤਾਂ ਸ਼ਾਇਦ ਉਨ੍ਹਾਂ ਦਾ ਪਰਿਵਾਰ ਕਦੇ ਵੀ ਅਮਰੀਕਾ ਨਾ ਆ ਸਕਦਾ।

 

ਉਨ੍ਹਾਂ ਕਿਹਾ ਕਿ ਅੱਜ ਭਾਰਤੀ ਪਰਵਾਸੀਆਂ ਨੂੰ ਗ੍ਰੀਨ ਕਾਰਡ ਲਈ ਮਹੀਨਿਆਂ ਨਹੀਂ, ਸਗੋਂ ਕਈ ਸਾਲਾਂ ਤੱਕ ਉਡੀਕ ਕਰਨੀ ਪੈਂਦੀ ਹੈ। ਇਸ ਨਾਲ ਨਾ ਸਿਰਫ਼ ਪਰਿਵਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਸਗੋਂ ਅਮਰੀਕਾ ਆਪਣੀ ਆਰਥਿਕ ਮੁਕਾਬਲੇਬਾਜ਼ੀ ਵੀ ਗੁਆ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਤੋਂ ਆਉਣ ਵਾਲੇ ਪ੍ਰਤਿਭਾਸ਼ਾਲੀ ਲੋਕ ਤਕਨਾਲੋਜੀ, ਡਾਕਟਰੀ, ਇੰਜੀਨੀਅਰਿੰਗ ਅਤੇ ਵਿਗਿਆਨਕ ਖੋਜ ਵਰਗੇ ਖੇਤਰਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ, ਪਰ ਮੌਜੂਦਾ ਪ੍ਰਣਾਲੀ ਉਨ੍ਹਾਂ ਲਈ ਵੱਡੀ ਰੁਕਾਵਟ ਬਣੀ ਹੋਈ ਹੈ।

 

ਸੁਬਰਾਮਣਿਅਮ ਨੇ ਕਿਹਾ ਕਿ ਉਨ੍ਹਾਂ ਦੇ ਦਫ਼ਤਰ ਵਿੱਚ ਹਰ ਰੋਜ਼ ਇਮੀਗ੍ਰੇਸ਼ਨ ਨਾਲ ਜੁੜੀਆਂ ਸ਼ਿਕਾਇਤਾਂ ਆਉਂਦੀਆਂ ਹਨ। ਉਨ੍ਹਾਂ ਦੱਸਿਆ ਕਿ ਸਮੱਸਿਆ ਸਿਰਫ਼ ਰੁਜ਼ਗਾਰ-ਅਧਾਰਿਤ ਗ੍ਰੀਨ ਕਾਰਡਾਂ ਤੱਕ ਸੀਮਤ ਨਹੀਂ ਹੈ, ਸਗੋਂ ਬਹੁਤ ਸਾਰੇ ਲੋਕ ਆਪਣੇ ਪਰਿਵਾਰਾਂ ਨੂੰ ਮਿਲਣ ਲਈ ਵੀ ਵੀਜ਼ਾ ਅਤੇ ਹੋਰ ਇਮੀਗ੍ਰੇਸ਼ਨ ਪ੍ਰਕਿਰਿਆਵਾਂ ਵਿੱਚ ਹੋ ਰਹੀ ਦੇਰੀ ਕਾਰਨ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਬੈਕਲਾਗ ਨੂੰ ਦੂਰ ਕਰਨਾ ਕਾਂਗਰਸ ਵਿੱਚ ਉਨ੍ਹਾਂ ਦੀਆਂ ਸਭ ਤੋਂ ਵੱਡੀਆਂ ਤਰਜੀਹਾਂ ਵਿੱਚੋਂ ਇੱਕ ਹੈ।

 

ਭਾਰਤੀ-ਅਮਰੀਕੀ ਭਾਈਚਾਰੇ ਦੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਸੁਬਰਾਮਣਿਅਮ ਨੇ ਕਿਹਾ ਕਿ ਉਨ੍ਹਾਂ ਦੇ ਮਾਤਾ-ਪਿਤਾ ਵੀ ਉਨ੍ਹਾਂ ਨੂੰ ਡਾਕਟਰ, ਵਕੀਲ ਜਾਂ ਇੰਜੀਨੀਅਰ ਬਣਨ ਦੀ ਸਲਾਹ ਦਿੰਦੇ ਸਨ ਅਤੇ ਰਾਜਨੀਤੀ ਨੂੰ ਇੱਕ ਗੰਦਾ ਖੇਡ ਮੰਨਦੇ ਸਨ। ਪਰ ਆਖ਼ਰਕਾਰ ਉਨ੍ਹਾਂ ਨੇ ਜਨ ਸੇਵਾ ਦਾ ਰਾਹ ਚੁਣਿਆ ਅਤੇ ਅੱਜ ਉਹ ਕਾਂਗਰਸ ਦੇ ਮੈਂਬਰ ਹਨ। ਉਨ੍ਹਾਂ ਕਿਹਾ ਕਿ ਜੇ ਕੋਈ ਭਾਈਚਾਰਾ ਆਪਣੇ ਮੁੱਦਿਆਂ ਦਾ ਹੱਲ ਚਾਹੁੰਦਾ ਹੈ ਤਾਂ ਉਸ ਨੂੰ ਨੀਤੀ ਬਣਾਉਣ ਦੀ ਪ੍ਰਕਿਰਿਆ ਵਿੱਚ ਹਿੱਸਾ ਲੈਣਾ ਪਵੇਗਾ।

 

ਉਨ੍ਹਾਂ ਨੇ ਵਿਦਿਆਰਥੀਆਂ ਅਤੇ ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਮੈਡੀਕਲ ਖੇਤਰ ਨਾਲ ਜੁੜੇ ਨੌਜਵਾਨਾਂ ਨੂੰ ਵੀ ਜਨਤਕ ਨੀਤੀਆਂ ਅਤੇ ਸਰਕਾਰੀ ਪ੍ਰਣਾਲੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਨਾਲ ਹੀ ਉਨ੍ਹਾਂ ਨੇ ਭਾਰਤੀ-ਅਮਰੀਕੀ ਨੌਜਵਾਨਾਂ ਨੂੰ ਸਰਕਾਰੀ ਇੰਟਰਨਸ਼ਿਪ ਅਤੇ ਜਨ ਸੇਵਾ ਦੇ ਮੌਕਿਆਂ ਦਾ ਲਾਭ ਚੁੱਕਣ ਦੀ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਦਫ਼ਤਰ ਹਰ ਸੰਭਵ ਮਦਦ ਲਈ ਤਿਆਰ ਹੈ।

 

ਜ਼ਿਕਰਯੋਗ ਹੈ ਕਿ ਕੈਪੀਟਲ ਹਿੱਲ ਸਮਾਗਮ ਦੌਰਾਨ ਕਈ ਹੋਰ ਅਮਰੀਕੀ ਸੰਸਦ ਮੈਂਬਰਾਂ ਨੇ ਵੀ ਕਾਨੂੰਨੀ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਸੁਧਾਰ, ਵੀਜ਼ਾ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਅਤੇ ਭਾਰਤੀ ਪੇਸ਼ੇਵਰਾਂ ਨੂੰ ਦਰਪੇਸ਼ ਲੰਬੇ ਬੈਕਲਾਗ ਨੂੰ ਘਟਾਉਣ ਦੀ ਲੋੜ 'ਤੇ ਜ਼ੋਰ ਦਿੱਤਾ।

Comments

Leave A Comment

Required fields are marked (*).

Related

Talk to us?