ADVERTISEMENT

ADVERTISEMENT

ਅਮਰੀਕੀ ਸਾਂਸਦਾਂ ਨੇ ਯੂਰਪ ‘ਚ 'ਹਾਈਬ੍ਰਿਡ ਜੰਗ' ਦੇ ਖ਼ਤਰਿਆਂ ਦਾ ਦਿੱਤਾ ਹਵਾਲਾ

ਕੀਥ ਸੈਲਫ਼ ਨੇ ਕਾਂਗਰਸੀ ਸੁਣਵਾਈ ਦੌਰਾਨ ਕਿਹਾ ਕਿ ਅਮਰੀਕਾ ਅਤੇ ਉਸਦੇ ਸਾਥੀ ਹੁਣ ਟਕਰਾਅ ਦੇ ਇੱਕ ਨਵੇਂ ਯੁੱਗ ਦਾ ਸਾਹਮਣਾ ਕਰ ਰਹੇ ਹਨ

ਹਾਊਸ ਹੋਮਲੈਂਡ ਸੁਰੱਖਿਆ ਕਮੇਟੀ ਦੇ ਚੇਅਰਮੈਨ ਕੀਥ ਸੈਲਫ਼ / X/@RepKeithSelf

ਅਮਰੀਕੀ ਸਾਂਸਦਾਂ ਅਤੇ ਮਾਹਿਰਾਂ ਨੇ ਕਿਹਾ ਹੈ ਕਿ ਰੂਸ ਅਤੇ ਚੀਨ ਪੂਰੇ ਯੂਰਪ ਵਿੱਚ “ਹਾਈਬ੍ਰਿਡ ਯੁੱਧ” ਦੀ ਇੱਕ ਵਿਆਪਕ ਮੁਹਿੰਮ ਚਲਾ ਰਹੇ ਹਨ, ਜੋ ਅਮਰੀਕਾ ਦੇ ਹਿਤਾਂ, ਨਾਟੋ ਦੀ ਏਕਤਾ ਅਤੇ ਲੋਕਤੰਤਰਕ ਸੰਸਥਾਵਾਂ ਲਈ ਗੰਭੀਰ ਖ਼ਤਰਾ ਬਣਦੀ ਜਾ ਰਹੀ ਹੈ। ਉਨ੍ਹਾਂ ਨੇ ਇੱਕ ਖ਼ਤਰਨਾਕ ਤਾਲਮੇਲ ਵਾਲੀ ਰਣਨੀਤੀ ਵੱਲ ਇਸ਼ਾਰਾ ਕੀਤਾ ਹੈ ਜੋ ਸਾਈਬਰ ਹਮਲਿਆਂ, ਤੋੜ-ਫੋੜ, ਗਲਤ ਪ੍ਰਚਾਰ ਅਤੇ ਆਰਥਿਕ ਦਬਾਅ ਨੂੰ ਆਪਸ ਵਿੱਚ ਜੋੜਦੀ ਹੈ। ਹਾਊਸ ਹੋਮਲੈਂਡ ਸੁਰੱਖਿਆ ਕਮੇਟੀ ਦੇ ਚੇਅਰਮੈਨ ਕੀਥ ਸੈਲਫ਼ ਨੇ ਕਾਂਗਰਸੀ ਸੁਣਵਾਈ ਦੌਰਾਨ ਕਿਹਾ ਕਿ ਅਮਰੀਕਾ ਅਤੇ ਉਸਦੇ ਸਾਥੀ ਹੁਣ ਟਕਰਾਅ ਦੇ ਇੱਕ ਨਵੇਂ ਯੁੱਗ ਦਾ ਸਾਹਮਣਾ ਕਰ ਰਹੇ ਹਨ।

ਉਨ੍ਹਾਂ ਕਿਹਾ, “ਅਸੀਂ ਜੰਗ ਵਿੱਚ ਹਾਂ, ਹਾਲਾਂਕਿ ਰਵਾਇਤੀ ਅਰਥਾਂ ਵਿੱਚ ਇਸ ਦਾ ਐਲਾਨ ਨਹੀਂ ਕੀਤਾ ਗਿਆ।” ਉਨ੍ਹਾਂ ਅੱਗੇ ਕਿਹਾ ਕਿ ਹਾਈਬ੍ਰਿਡ ਯੁੱਧ ਪੂਰੀ ਤਰ੍ਹਾਂ ਸਰਗਰਮ ਹੈ ਕਿਉਂਕਿ ਬੁਰੇ ਇਰਾਦੇ ਵਾਲੇ ਦੇਸ਼ ਪਰੰਪਰਾਗਤ ਜੰਗ ਦੀ ਸੀਮਾ ਪਾਰ ਕੀਤੇ ਬਿਨਾਂ ਸਮਾਜਾਂ ਨੂੰ ਕਮਜ਼ੋਰ ਕਰ ਰਹੇ ਹਨ। ਸੈਲਫ਼ ਨੇ ਦੱਸਿਆ ਕਿ ਰੂਸ ਅਤੇ ਚੀਨ ਨਾਟੋ ਮੈਂਬਰ ਦੇਸ਼ਾਂ ਅਤੇ ਸੰਸਥਾਵਾਂ ਨੂੰ ਡਰਾਉਣ ਅਤੇ ਤੋੜਨ ਲਈ ਕੂਟਨੀਤਕ ਜਾਣਕਾਰੀ, ਫੌਜੀ ਅਤੇ ਆਰਥਿਕ ਸਾਧਨਾਂ ਦੀ ਵਰਤੋਂ ਕਰ ਰਹੇ ਹਨ। ਉਨ੍ਹਾਂ ਦਰਸਾਇਆ ਕਿ 2022 ਵਿੱਚ ਯੂਕਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਇਹ ਕੋਸ਼ਿਸ਼ਾਂ ਹੋਰ ਤੇਜ਼ ਹੋ ਗਈਆਂ ਹਨ। 

ਸੁਣਵਾਈ ਦੌਰਾਨ ਗਵਾਹਾਂ ਨੇ ਖ਼ਤਰਿਆਂ ਦੀ ਇੱਕ ਵਿਸ਼ਾਲ ਸ਼੍ਰੇਣੀ ਬਾਰੇ ਜਾਣਕਾਰੀ ਦਿੱਤੀ। ਇਨ੍ਹਾਂ ਵਿੱਚ ਯੂਰਪੀਅਨ ਹਵਾਈ ਖੇਤਰ ਵਿੱਚ ਡਰੋਨਾਂ ਦੀ ਘੁਸਪੈਠ, ਰੇਲਵੇ ਅਤੇ ਸਮੁੰਦਰੀ ਕੇਬਲਾਂ ਦੀ ਤੋੜ-ਫੋੜ, ਨਾਜ਼ੁਕ ਬੁਨਿਆਦੀ ਢਾਂਚੇ 'ਤੇ ਸਾਈਬਰ ਹਮਲੇ, ਪ੍ਰਵਾਸ ਅਤੇ ਗਲਤ ਜਾਣਕਾਰੀ ਨੂੰ ਹਥਿਆਰਾਂ ਵਜੋਂ ਵਰਤਣਾ ਸ਼ਾਮਲ ਹੈ। ਸੈਲਫ਼ ਨੇ ਕਿਹਾ, “ਲੜਾਈ ਦੇ ਨਿਯਮ ਸਾਡੀਆਂ ਅੱਖਾਂ ਸਾਹਮਣੇ ਬਦਲ ਰਹੇ ਹਨ।” ਕਮੇਟੀ ਦੇ ਡੈਮੋਕ੍ਰੈਟਿਕ ਰੈਂਕਿੰਗ ਮੈਂਬਰ ਵਿਲੀਅਮ ਕੀਟਿੰਗ ਨੇ ਕਿਹਾ ਕਿ ਰੂਸ ਅਤੇ ਚੀਨ ਤੇਜ਼ੀ ਨਾਲ ਨੇੜਲੇ ਸਾਥੀ ਬਣ ਰਹੇ ਹਨ, ਜੋ ਕਮਜ਼ੋਰੀਆਂ ਦਾ ਫਾਇਦਾ ਚੁੱਕਣ, ਰਾਜਨੀਤਿਕ ਚਰਚਾਵਾਂ ‘ਚ ਹੇਰ-ਫੇਰ ਕਰਨ ਅਤੇ ਸਾਡੇ ਸਾਂਝੇ ਟ੍ਰਾਂਸਐਟਲਾਂਟਿਕ ਕਦਰਾਂ-ਕੀਮਤਾਂ ਨੂੰ ਖੋਖਲਾ ਕਰਨ ਲਈ ਆਪਣੀਆਂ ਰਣਨੀਤੀਆਂ ਨੂੰ ਨਿਖਾਰ ਰਹੇ ਹਨ।” ਉਨ੍ਹਾਂ ਚੇਤਾਵਨੀ ਦਿੱਤੀ ਕਿ ਬੀਜਿੰਗ ਅਤੇ ਮਾਸਕੋ ਵੱਖ-ਵੱਖ ਤਰੀਕੇ ਅਪਣਾ ਰਹੇ ਹਨ, ਪਰ ਉਨ੍ਹਾਂ ਦਾ ਮਕਸਦ ਇੱਕੋ ਹੈ, ਯੂਰਪੀ ਸੁਰੱਖਿਆ ਨੂੰ ਕਮਜ਼ੋਰ ਕਰਨਾ।

ਸੁਣਵਾਈ ਦੌਰਾਨ, ਫਾਊਂਡੇਸ਼ਨ ਫਾਰ ਡਿਫ਼ੈਂਸ ਆਫ਼ ਡੈਮੋਕ੍ਰੈਸੀਜ਼ ਦੇ ਕ੍ਰੇਗ ਸਿੰਗਲਟਨ ਨੇ ਕਿਹਾ ਕਿ ਚੀਨ ਯੂਰਪ ਨੂੰ ਅਮਰੀਕਾ ਨਾਲ ਲੰਬੇ ਸਮੇਂ ਦੀ ਮੁਕਾਬਲੇਬਾਜ਼ੀ ਵਿਚ ਕੇਂਦਰੀ ਮੈਦਾਨ ਮੰਨਦਾ ਹੈ। ਉਨ੍ਹਾਂ ਦੱਸਿਆ ਕਿ ਬੀਜਿੰਗ- ਬੰਦਰਗਾਹਾਂ, ਟੈਲੀਕਾਮ ਨੈੱਟਵਰਕਾਂ ਅਤੇ ਸਪਲਾਈ ਚੇਨਾਂ ਵਿੱਚ ਦਖ਼ਲ ਵਧਾ ਕੇ ਰਣਨੀਤਿਕ ਨਿਰਭਰਤਾ ਪੈਦਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਚੀਨ ਦਾ ਮਕਸਦ ਗਠਜੋੜਾਂ ਨੂੰ ਤੋੜਨਾ ਅਤੇ ਪੱਛਮੀ ਦੇਸ਼ਾਂ ਦੇ ਪਤਨ ਦੀ ਕਹਾਣੀ ਘੜਨਾ ਹੈ। ਸਿੰਗਲਟਨ ਨੇ ਇਹ ਵੀ ਕਿਹਾ ਕਿ ਚੀਨ ਰੂਸ ਦੀ ਜੰਗੀ ਮਸ਼ੀਨ ਲਈ ਲਾਈਫ ਲਾਈਨ ਵਜੋਂ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ, “ਰੂਸ ਅਤੇ ਚੀਨ ਇੱਕ ਦੂਜੇ ਲਈ ਹਾਈਬ੍ਰਿਡ ਰਣਨੀਤੀ ‘ਤੇ ਕੰਮ ਰਹੇ ਹਨ।”

ਸਾਬਕਾ ਪੈਂਟਾਗਨ ਅਧਿਕਾਰੀ ਲੌਰਾ ਕੂਪਰ ਨੇ ਖੁਲਾਸਾ ਕੀਤਾ ਕਿ ਯੂਰਪ ਨੇ 2022 ਤੋਂ ਬਾਅਦ ਰੂਸੀ ਹਾਈਬ੍ਰਿਡ ਕਾਰਵਾਈਆਂ ਨਾਲ ਜੁੜੀਆਂ 100 ਤੋਂ ਵੱਧ ਹਮਲੇ ਦੀਆਂ ਕੋਸ਼ਿਸ਼ਾਂ ਦਾ ਅਨੁਭਵ ਕੀਤਾ ਹੈ। ਜਿਸ ਵਿਚ ਰੇਲਵੇ ਨੂੰ ਨੁਕਸਾਨ ਅਤੇ ਧਮਾਕਿਆਂ ਦੇ ਨਾਲ ਸਾਇਬਰ ਹਮਲੇ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਮਾਸਕੋ ਦਾ ਉਦੇਸ਼ ਨਾਟੋ ਗੱਠਜੋੜ ਵਿੱਚ ਡਰ ਪੈਦਾ ਕਰਕੇ ਯੂਕਰੇਨ ਲਈ ਸਮਰਥਨ ਨੂੰ ਕਮਜ਼ੋਰ ਕਰਨਾ ਹੈ।

ਸੰਸਦ ਮੈਂਬਰਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਦੀ ਵਰਤੋਂ ਕਰਕੇ ਗਲਤ ਜਾਣਕਾਰੀ ਫੈਲਾਉਣ ‘ਤੇ ਵੀ ਚਿੰਤਾ ਜਤਾਈ। ਕੂਪਰ ਨੇ ਕਿਹਾ ਕਿ ਏਆਈ, ਰੂਸੀ ਹਾਈਬ੍ਰਿਡ ਯੁੱਧ ਦੇ ਇੱਕ ਯੋਜਨਾਬੱਧ ਖੇਤਰ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ, ਜਿਸ ਨਾਲ ਸਮਾਜਿਕ ਤਣਾਅ ਵਧਦਾ ਹੈ ਅਤੇ ਯੂਕਰੇਨ ਲਈ ਜਨਤਕ ਸਮਰਥਨ ਘਟਦਾ ਹੈ।

ਕੀਟਿੰਗ ਨੇ ਚੇਤਾਵਨੀ ਦਿੱਤੀ ਕਿ ਜੇ ਮਾਸਕੋ ਅਤੇ ਬੀਜਿੰਗ ਦੀਆਂ ਹਾਈਬ੍ਰਿਡ ਰਣਨੀਤੀਆਂ ਦਾ ਮੁਕਾਬਲਾ ਨਾ ਕੀਤਾ ਗਿਆ ਤਾਂ ਅਮਰੀਕਾ ਘੱਟ ਸੁਰੱਖਿਅਤ ਅਤੇ ਘੱਟ ਖੁਸ਼ਹਾਲ ਹੋ ਜਾਵੇਗਾ। ਰੂਸ ਵੱਲੋਂ ਹਾਈਬ੍ਰਿਡ ਯੁੱਧ ਦੀ ਵਰਤੋਂ 2014 ਵਿੱਚ ਕ੍ਰੀਮੀਆ ‘ਤੇ ਕਬਜ਼ਾ ਕਰਨ ਤੋਂ ਬਾਅਦ ਕਾਫ਼ੀ ਵਧ ਗਈ ਅਤੇ 2022 ਵਿੱਚ ਯੂਕਰੇਨ ‘ਤੇ ਹਮਲੇ ਤੋਂ ਬਾਅਦ ਇਹ ਹੋਰ ਤੇਜ਼ ਹੋ ਗਈ ਸੀ। ਨਾਟੋ ਨੇ ਵਾਰ-ਵਾਰ ਮਾਸਕੋ ‘ਤੇ ਯੂਰਪ ਭਰ ਵਿੱਚ ਤੋੜ-ਫੋੜ, ਸਾਈਬਰ ਹਮਲੇ ਅਤੇ ਚੋਣਾਂ ਵਿੱਚ ਦਖ਼ਲ ਦੇ ਦੋਸ਼ ਲਗਾਏ ਹਨ।

ਚੀਨ ਨੇ ਸਾਈਬਰ ਜਾਸੂਸੀ ਅਤੇ ਗੁਪਤ ਪ੍ਰਭਾਵਸ਼ਾਲੀ ਮੁਹਿੰਮਾਂ ਦੇ ਦੋਸ਼ਾਂ ਨੂੰ ਨਕਾਰਿਆ ਹੈ, ਪਰ ਪੱਛਮੀ ਸਰਕਾਰਾਂ ਦਾ ਕਹਿਣਾ ਹੈ ਕਿ ਬੀਜਿੰਗ ਰਣਨੀਤਿਕ ਉਦੇਸ਼ਾਂ ‘ਤੇ ਮਾਸਕੋ ਨਾਲ ਵੱਧ ਤੋਂ ਵੱਧ ਤਾਲਮੇਲ ਵਧਾ ਰਿਹਾ ਹੈ।

Comments

Related